ਅਰਥ- ੧. ਟੈਂਕੇ ਦੁਆਰਾ ਉਪਦੇਸ਼ ਹੈ ਕਿ ਸੇਵਾ ਕਰੋ ਤਾਂ ਇਕ ਪ੍ਰਭੂ ਦੀ ਕਰੋ, ਜਿਸ ਤੋਂ ਕੋਈ ਪੁਰਸ਼ ਖਾਲੀ ਨਹੀਂ ਰਹਿੰਦਾ। ੨. ਜੇਕਰ ਉਹ ਪਰਮੇਸ਼ਰ ਤੁਹਾਡੇ ਮਨ, ਤਨ, ਮੂੰਹ ਤੇ ਹਿਰਦੇ ਵਿਚ ਵੱਸ ਜਾਵੇ ਤਾਂ ਤੁਸੀਂ ਜੋ ਚਾਹੋਗੇ ਉਹੋ ਕੁਛ ਹੋਵੇਗਾ। ੩. ਟਹਲ (ਸੇਵਾ) ਤੇ ਮਹਲ (ਦਰਬਾਰ ਜਾਂ ਸਰੂਪ) ਉਸ ਪੁਰਸ਼ ਨੂੰ ਮਿਲਦੇ ਹਨ ਜਿਸ ਉਤੇ ਸਾਧੂ ਕ੍ਰਿਪਾਲੂ ਹੁੰਦੇ ਹਨ। ੪. ਜੇ ਪ੍ਰਭੂ ਦਿਆਲ ਹੋਵੇ ਤਾਂ ਜੀਵ ਸਾਧੂ ਦੀ ਸੰਗਤ ਵਿਚ ਵਸਦਾ ਹੈ। ੫. ਅਸਾਂ ਇਕ ਪਰਮੇਸ਼ਰ ਨੂੰ ਛੱਡਕੇ ਹੋਰ ਬਹੁਤ ਟਿਕਾਣੇ ਵੇਖੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਕਿਸੇ ਥਾਂ ਵੀ ਨਹੀਂ ਮਿਲਦਾ। ੬. ਜਿਹੜੇ ਪੁਰਸ਼ ਸਾਧੂਆਂ ਦੀ ਸੰਗਤ ਵਿਚ ਆ ਮਿਲਦੇ ਹਨ, ਉਹਨਾਂ ਦੇ ਸਿਰੋਂ ਜਮ ਦੇ ਦੂਤ ਟਲ ਜਾਂਦੇ ਹਨ। ੭. ਮੈਂ ਸੰਤਾਂ ਤੋਂ ਵਾਰ ਵਾਰ ਸਦਕੇ ਜਾਂਦਾ ਹਾਂ। ੮ ਸਤਿਗੁਰੂ ਜੀ ਕਥਨ ਕਰਦੇ ਹਨ ਕਿ (ਸੰਤਾਂ ਦੀ ਕਿਰਪਾ ਕਰਕੇ) ਮੇਰੇ ਚਿਰਾਂ ਦੇ ਪਾਪ ਨਾਸ ਹੋ ਗਏ ਹਨ ॥२੭॥
ਸਲੋਕੁ ॥
(੧) ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ
ਸੁਪ੍ਰਸੰਨ ॥ (੨) ਜੋ ਜਨ ਪ੍ਰਭਿ ਅਪੁਨੇ ਕਰੇ
ਨਾਨਕ ਤੇ ਧਨਿ ਧੰਨਿ ॥੧॥
ਅਰਥ- ੧. (ਹੇ ਪ੍ਰਭੂ ਜੀ!)ਜਿਨ੍ਹਾਂ ਜੀਵਾਂ 'ਤੇ ਆਪ ਦੀ ਪ੍ਰਸੰਨਤਾ ਹੋ ਜਾਂਦੀ ਹੈ, ਉਹਨਾਂ ਨੂੰ ਆਪ ਦੀ ਦਰਗਾਹ ਵਿਚ ਜਾਣ ਸਮੇਂ ਕੋਈ ਰੋਕ ਨਹੀਂ ਪੈਂਦੀ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪਣੇ ਕਰ ਲਿਆ ਹੈ, ਉਹ ਧੰਨ ਹਨ ਉਹ ਧੰਨ ਹਨ॥੧॥