ਜਦ ਮਹਾਰਾਜਾ ਸ਼ੇਰ ਸਿੰਘ ਦੀ ਫ਼ੌਜ ਭੜਕ ਉੱਠੀ ਸੀ, ਤਾਂ ਅੰਗਰੇਜ਼ਾਂ ਨੇ ੧੨ ਹਜ਼ਾਰ ਫ਼ੌਜ ਭੇਜ ਕੇ ਉਸਨੂੰ ਦਬਾਉਣਾ ਚਾਹਿਆ ਸੀ, ਤੇ ਇਸਦੇ ਬਦਲੇ ੪੦ ਲੱਖ ਰੁਪੈ ਤੇ ਸਤਲੁਜ ਤੇ ਦੱਖਣੀ ਇਲਾਕੇ ਮੰਗੇ ਸਨ। ਮਹਾਰਾਜਾ ਸ਼ੇਰ ਸਿੰਘ ਇਹ ਮੰਨਿਆ ਨਾ। ਜੇ ਮੰਨ ਲੈਂਦਾ, ਤਾਂ ਅੰਗਰੇਜ਼ੀ ਫ਼ੌਜ ਦੇ ਆਉਣ ਕਰਕੇ ਸਿੱਖ ਫ਼ੌਜ ਨੇ ਵਧੇਰੇ ਭੜਕ ਉਠਣਾ ਸੀ। ਫੇਰ, ਪਤਾ ਨਹੀਂ, ਏਸ ਦਾ ਅੰਤ ਕੀ ਹੁੰਦਾ।
ਇਹਨੀਂ ਦਿਨੀਂ ਅਫ਼ਗ਼ਾਨਸਤਾਨ ਵਿਚ ਰਹਿਣ ਵਾਲੇ ਅੰਗਰੇਜ਼ੀ ਏਜੰਟ (ਰਾਜਦੂਤ) ਨੇ ਇਸ਼ਤਿਹਾਰ ਕਢਿਆ, ਕਿ ਹੁਣ ਸਾਡੀ ਪੰਜਾਬ ਨਾਲੋਂ ਸੁਲ੍ਹਾ ਟੁੱਟ ਗਈ ਹੈ। ਅਸੀਂ ਸਿੱਖਾਂ ਕੋਲੋਂ ਪਿਸ਼ਾਵਰ ਖੋਹ ਕੇ ਅਫ਼ਗ਼ਾਨਾਂ ਨੂੰ ਦੇਵਾਂਗੇ।*
੧੮੦੯ ਈ: ਦੀ ਸੁਲ੍ਹਾ ਵਿਚ ਸਿੱਖਰਾਜ ਦੀ ਹੱਦ ਸਤਲੁਜ ਤੇ ਅੰਗਰੇਜ਼ੀ ਰਾਜ ਦੀ ਹੱਦ ਜਮਨਾ** ਪੱਕੀ ਹੋਈ। ਵਿਚਲਾ ਹਿੱਸਾ (ਸੂਬਾ ਸਰਹਿੰਦ ਤੇ ਸਿੱਖ ਰਿਆਸਤਾਂ) ਤਰਫੋਣ ਦੀ ਹਾਲਤ ਵਿੱਚ Neutral (ਗ਼ੈਰ-ਜਾਨਬਦਾਰ, ਜੋ ਕਿਸੇ ਦਾ ਵੀ ਪੱਖ ਨਾ ਕਰੇ) ਰਹੇ। ਤੇ ਵਾਇਸਰਾਏ ਨੇ ਕਿਹਾ ਕਿ ਲੁਧਿਆਣੇ ਦੀ ਫ਼ੌਜ ਕਰਨਾਲ ਵਾਪਸ ਕਰ ਲਈ ਜਾਵੇਗੀ ।
ਸ਼ਾਹ ਸ਼ੁਜਾਹ ਨੂੰ ਕਾਬਲ ਦੀ ਗੱਦੀ 'ਤੇ ਬਿਠਾ ਕੇ ਵਾਪਸ ਮੁੜਦੀ ਅੰਗਰੇਜ਼ੀ ਫ਼ੌਜ ਪੰਜਾਬ ਵਿਚ ਦੀ ਲੰਘੀ (ਸ਼ੇਰੇ-ਪੰਜਾਬ ਸੁਰਗਵਾਸ ਹੋ ਚੁੱਕੇ ਸਨ) ਤਾਂ ਸਿੱਖਾਂ ਦੇ ਬੁਰਾ ਮਨਾਉਣ 'ਤੇ ਅੰਗਰੇਜ਼ਾਂ ਨੇ ਇਕਰਾਰ ਕੀਤਾ, ਕਿ ਮੁੜਕੇ ਪੰਜਾਬ ਵਿਚ ਦੀ ਫ਼ੌਜ ਨਹੀਂ ਲੰਘਾਉਣਗੇ, ਪਰ ਲੋੜ ਪਈ 'ਤੇ ਬਰਾਡਫੁਟ ਨੇ ਫਿਰ ਫ਼ੌਜ ਲੰਘਾਈ।
ਦੋਸਤ ਮੁਹੰਮਦ ਖ਼ਾਂ ਦੇ ਪੁੱਤਰ ਅਕਬਰ ਖ਼ਾਂ ਨੇ ਵਿਸਾਹਘਾਤ ਕਰ ਕੇ ਬਾਲਾ ਹਿਸਾਰ ਵਾਲੇ ਅੰਗਰੇਜ਼ ਏਜੇਂਟ ਮੈਕਨਾਗਟਨ (Mecnoghten) ਨੂੰ ਸਣੇ ਉਹਦੇ ਸਿਪਾਹੀਆਂ ਦੇ ਮਾਰ ਦਿੱਤਾ, ਤਾਂ ਅੰਗਰੇਜ਼ਾਂ ਦੀ ਬੇਨਤੀ ਮੰਨ ਕੇ ਸਿੱਖ ਫ਼ੌਜ ਵੀ ਉਹਨਾਂ ਦੀ ਮਦਦ 'ਤੇ ਅਕਬਰ ਖ਼ਾਂ ਨੂੰ ਸੋਧਣ ਵਾਸਤੇ ਗਈ।
*ਪੰਜਾਬ ਹਰਣ ਔਰ ਦਲੀਪ ਸਿੰਹ, ਪੰਨਾ ੨੩।