ਸਰਦਾਰਾਂ 'ਤੇ ਫ਼ੌਜੀ ਪੰਚਾਂ ਦੀ ਇਕ ਸਭਾ ਬੁਲਾਈ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉੱਤੇ ਇਕੱਠ ਹੋਇਆ। ਅੰਗਰੇਜ਼ਾਂ ਨਾਲ ਲੜਾਈ ਕਰਨ ਉੱਤੇ ਵਿਚਾਰ ਹੋਣ ਲੱਗੀ। ਮਹਾਰਾਣੀ ਜਿੰਦ ਕੌਰ ਤੇ ਹੋਰ ਕੋਈ ਸਰਦਾਰ (ਜਿੰਨ੍ਹਾਂ ਵਿਚੋਂ ਸ. ਸ਼ਾਮ ਸਿੰਘ ਮੁਖੀ ਸੀ) ਦੀ ਰਾਏ ਸੀ, ਕਿ ਹਾਲੇ ਅੰਗਰੇਜ਼ਾਂ ਨਾਲ ਲੜਾਈ ਨਾ ਛੇੜੀ ਜਾਵੇ, ਕਿਉਂਕਿ ਘਰ ਪਾਟਾ ਹੋਣ ਕਾਰਨ ਅਸੀਂ ਜਿੱਤ ਨਹੀਂ ਸੱਕਾਂਗੇ। ਲਾਲ ਸਿੰਘ ਤੇ ਤੇਜ ਸਿੰਘ ਦੇ ਭੜਕਾਏ ਹੋਏ ਫ਼ੌਜੀ ਪੰਚ ਬੜੇ ਜ਼ੋਰ ਨਾਲ ਲੜਾਈ ਦੇ ਹਾਮੀ ਸਨ। ਅੰਤ ਬਹੁ-ਸੰਮਤੀ ਲੜਾਈ ਕਰਨ ਵਾਲਿਆਂ ਦੀ ਹੋਈ।
ਸਾਰੇ ਫ਼ੌਜੀ ਸਰਦਾਰਾਂ ਨੇ ਰਾਜ-ਭਗਤ ਰਹਿਣ ਦਾ ਪ੍ਰਣ ਕੀਤਾ। ਲਾਲ ਸਿੰਘ ਤੇ ਤੇਜ ਸਿੰਘ (ਵਜ਼ੀਰ ਤੇ ਸੈਨਾਪਤੀ) ਨੂੰ ਪੂਰੇ ਅਧਿਕਾਰ ਦੇ ਦਿੱਤੇ ਗਏ। ਦੀਵਾਨ ਦੀਨਾ ਨਾਥ ਨੇ ਬੜੀ-ਜੋਸ਼ੀਲੀ ਤਕਰੀਰ ਕੀਤੀ ਤੇ ਅੰਤ ਚਾਰ ਕਾਰਨਾਂ ਉੱਤੇ ੧੭ ਨਵੰਬਰ, ੧੮੪੫ ਈ. ਨੂੰ, ਅੰਗਰੇਜ਼ਾਂ ਨਾਲ ਲੜਾਈ ਦਾ ਐਲਾਨ ਕੀਤਾ ਗਿਆ।
੧. ਅੰਗਰੇਜ਼ੀ ਫ਼ੌਜ ਸਤਲੁਜ ਵੱਲ ਵਧ ਰਹੀ ਹੈ ਤੇ ਉਸਨੇ ਪੰਜਾਬ ਉੱਤੇ ਚੜ੍ਹਾਈ ਕਰਨ ਦਾ ਪੱਕ ਕਰ ਲਿਆ ਹੈ।
੨. ਫ਼ੀਰੋਜ਼ਪੁਰ ਅੰਗਰੇਜ਼ੀ ਬੈਂਕ ਵਿਚ ਜੋ ਰਾਜਾ ਸੁਚੇਤ ਸਿੰਘ ਦਾ ੧੮ ਲੱਖ ਰੁਪਇਆ ਹੈ, ਲਾਹੌਰ ਦਰਬਾਰ ਦੇ ਕਈ ਵਾਰ ਮੰਗਣ 'ਤੇ ਵੀ ਅੰਗਰੇਜ਼ਾਂ ਨੇ ਨਹੀਂ ਦਿੱਤਾ।
੩. ਸੁਰਗਵਾਸੀ ਰਾਜਾ ਸੁਚੇਤ ਸਿੰਘ ਦੀ ਜਾਇਦਾਦ ਉੱਤੇ ਲਾਹੌਰ ਦਰਬਾਰ ਦਾ ਹੱਕ ਹੈ।
੪. ਸਤਲੁਜੋਂ ਦੱਖਣ ਦੇ ਪਾਸੇ, ਜੋ ਪਿੰਡ ਲਾਹੌਰ ਦਰਬਾਰ ਦੇ ਅਧੀਨ ਸਨ, ਅੰਗਰੇਜ਼ ਹਕੂਮਤ ਨੇ ਉਹਨਾਂ ਵਿਚ ਆਉਣ ਜਾਣ ਤੋਂ ਸਿੱਖ ਫ਼ੌਜ ਨੂੰ ਰੋਕ ਦਿੱਤਾ ਹੈ।*
ਇਸ ਐਲਾਨ ਪਿੱਛੋਂ ਸਰਦਾਰ ਫ਼ੌਜੀ ਤਿਆਰੀ ਵਿਚ ਰੁਝ ਗਏ।
*ਪੰਜਾਬ ਹਰਣ ਔਰ ਮ. ਦਲੀਪ ਸਿੰਘ. ਪੰਨੇ ੨੯-੩੦।
ਫ਼ੌਜਾਂ ਤਾਈਂ ਸਰਦਾਰ ਲਲਕਾਰਦੇ
ਹੋ ਜੋ ਖ਼ਾਲਸਾ ਜੀ ! ਜੰਗ ਨੂੰ ਤਿਆਰ
(ਦੇਖੋ ਬਾਕੀ ਫੁਟਨੋਟ ਪੰਨਾ ੧੧੩ 'ਤੇ)