

ਐਲਾਨ
ਗਵਰਨਰ-ਜੈਨਰਲ ਹਿੰਦ ਦਾ ਐਲਾਨ, ਕੈਂਪ, ਲਸ਼ਕਰੀ ਖ਼ਾਂ ਦੀ ਸਰਾਂ, ੧੩ ਦਸੰਬਰ, ੧੮੪੫ ਈ.।
"ਸਰਕਾਰ ਅੰਗਰੇਜ਼ੀ ਸਦਾ ਪੰਜਾਬ ਨਾਲ ਮਿੱਤਰਤਾਈ ਰੱਖਦੀ ਆਈ ਹੈ।
"੧੮੦੯ ਈ. ਵਿਚ ਇਕ ਸੁਲ੍ਹਾ ਮਿੱਤਰਤਾਈ ਤੇ ਅਮਨ ਨੂੰ ਕਾਇਮ ਰੱਖਣ ਬਦਲੇ ਮਹਾਰਾਜਾ ਰਣਜੀਤ ਸਿੰਘ ਤੇ ਸਰਕਾਰ ਅੰਗਰੇਜ਼ੀ ਵਿਚ ਹੋਈ, ਜਿਸ ਦੀਆਂ ਸ਼ਰਤਾਂ ਨੂੰ ਸਰਕਾਰ ਅੰਗਰੇਜ਼ੀ ਤੇ ਮ. ਰਣਜੀਤ ਸਿੰਘ ਨੇ ਬੜੀ ਈਮਾਨਦਾਰੀ ਤੇ ਧਿਆਨ ਨਾਲ ਨਿਭਾਇਆ।
"ਹੁਣ ਤਕ ਓਹੋ ਜੇਹੇ ਦੋਸਤੀ ਦੇ ਸੰਬੰਧ, ਸਰਕਾਰ ਅੰਗਰੇਜ਼ੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਵਿਚ ਬਣੇ ਆਏ।
"ਮਹਾਰਾਜਾ ਸ਼ੇਰ ਸਿੰਘ ਦੇ ਸੁਰਗਵਾਸ ਹੋਣ ਪਿੱਛੋਂ ਲਾਹੌਰ ਦਰਬਾਰ ਦੀ ਵਿਗੜੀ ਹੋਈ ਹਾਲਤ ਨੇ ਗਵਰਨਰ ਜੈਨਰਲ ਨੂੰ ਅੰਗਰੇਜ਼ੀ ਹੱਦਾਂ ਦੀ ਰਾਖੀ ਵਾਸਤੇ ਕਦਮ ਉਠਾਉਣ ਉੱਤੇ ਮਜਬੂਰ ਕਰ ਦਿੱਤਾ। ਇਹ ਕਦਮ ਉਠਾਉਣੇ, ਇਹਨਾਂ ਦੇ ਕਾਰਨ ਤੇ ਇਹਨਾਂ ਦੀ ਵਰਤੋਂ ਵੀ ਲਾਹੌਰ ਦਰਬਾਰ ਨੂੰ ਦੱਸ ਦਿੱਤੀ ਗਈ।
"ਲਾਹੌਰ ਸਰਕਾਰ ਦੀ ਵਿਗੜੀ ਹੋਈ ਹਾਲਤ-ਜੋ ਪਿਛਲੇ ਦੋ ਸਾਲ ਤੋਂ ਹੈ--ਤੇ ਲਾਹੌਰ ਦਰਬਾਰ ਦੀਆਂ ਵਧੀਕੀਆਂ ਦੇ ਹੁੰਦਿਆਂ ਹੋਇਆਂ ਵੀ ਗਵਰਨਰ-ਜੈਨਰਲ ਨੇ ਦੋਹਾਂ ਸਰਕਾਰਾਂ ਦੀ ਖ਼ੁਸ਼ੀ ਤੇ ਭਲਿਆਈ ਨੂੰ ਮੁੱਖ ਰੱਖ ਕੇ ਪੂਰੇ ਮਿੱਤਰਾਚਾਰੀ ਦੇ ਸੰਬੰਧ ਨੂੰ ਕਾਇਮ ਰੱਖਣ ਦੀ ਇੱਛਿਆ ਪਰਗਟ ਕੀਤੀ ਹੈ। ਗਵਰਨਰ-ਜੈਨਰਲ ਨੇ ਹਰ ਵੇਲੇ ਬਾਲਕ ਮ. ਦਲੀਪ ਸਿੰਘ-ਜਿਸਨੂੰ ਸਰਕਾਰ ਅੰਗਰੇਜ਼ੀ ਨੇ ਮਹਾਰਾਜਾ ਸ਼ੇਰ ਸਿੰਘ ਦਾ ਵਾਰਸ ਤੇ ਉਤਰ-ਅਧਿਕਾਰੀ ਮੰਨ ਲਿਆ ਸੀ-ਦੀ ਗਰੀਬੀ ਹਾਲਤ ਨੂੰ ਮੁੱਖ ਰੱਖ ਕੇ ਸਭ ਵਧੀਕੀਆਂ ਬੜੇ ਜੇਰੇ ਨਾਲ ਝੱਲੀਆਂ ਹਨ।
"ਗਵਰਨਰ-ਜੈਨਰਲ, ਪੰਜਾਬ ਵਿਚ ਇਕ ਤਕੜੀ ਸਿੱਖ ਸਰਕਾਰ-ਜੋ ਆਪਣੀ ਫ਼ੌਜ ਤੇ ਪਰਜਾ ਨੂੰ ਕਾਬੂ ਵਿਚ ਰੱਖ ਸਕੇ-ਕਾਇਮ ਹੋਈ ਵੇਖਣ ਦੀ ਸੱਚੇ ਦਿਲੋਂ ਚਾਹ ਰੱਖਦਾ ਹੈ। ਉਹਨੇ ਹੁਣ ਤਕ ਇਹ ਆਸ ਢਾਹੀ ਨਹੀਂ ਸੀ, ਤੇ ਚਾਹੁੰਦਾ ਸੀ, ਕਿ ਦੇਸ-ਭਗਤ ਸਰਦਾਰ ਤੇ ਲੋਕ ਏਸ ਕਾਰਜ ਨੂੰ ਸਿਰੇ ਚਾੜ੍ਹਨ।