

ਲੜਾਈ ਦੇ ਬਿਗਲ ਵੱਜੇ, ਧੋਸਿਆਂ 'ਤੇ ਚੋਟਾਂ ਲੱਗੀਆਂ। ਇਕ ਪਾਸਿਓਂ ਅੰਗਰੇਜ਼ਾਂ ਦਾ ਯੂਨੀਅਨ-ਜੈਕ (ਕੌਮੀ ਝੰਡਾ) ਤੇ ਦੁੱਜੇ ਪਾਸਿਓਂ ਸਿੱਖਾਂ ਦਾ ਕੇਸਰੀ ਝੰਡਾ ਮੈਦਾਨ ਵਿਚ ਲਹਿਰਾਏ। ਦੋਹਾਂ ਪਾਸਿਆਂ ਤੋਂ ਤੋਪਾਂ ਦੀ ਛਲਕ ਹੋਈ ਤੇ ਸੂਰਮੇ ਸ਼ਹੀਦੀ ਬਾਟੇ ਛਕਣ ਲੱਗੇ।
ਜਦ ਧੌਂਸੇ ਚੋਟਾਂ ਲੱਗੀਆਂ,
ਅਤੇ ਕੇਸਰੀ ਭੁੱਲੇ ਨਸ਼ਾਨ।
ਦੋਹਾਂ ਧਿਰਾਂ ਦੇ ਛਾਤੀਆਂ ਤਾਣ ਕੇ,
ਲੱਥੇ ਰਣ ਵਿਚ ਆਣ ਜੁਆਨ।
ਪਾਏ ਵੱਟ ਮੱਥੇ 'ਤੇ ਸੂਰਿਆਂ,
ਅਤੇ ਨੇਤਰ ਅੱਗ ਬਰਸਾਨ।
ਕਿਤੇ ਤੀਰ ਭੱਥੇ ਵਿਚ ਫਰਕਦੇ,
ਕਿਤੇ ਆਕੜ ਲਵੇ ਕਮਾਨ।
ਸਾਰੇ ਧੜ ਧੜ ਤੋਪਾਂ ਚੱਲੀਆਂ,
ਉੱਡ ਗਰਦ ਚੜ੍ਹੀ ਅਸਮਾਨ।
ਵਾਂਗ ਗੜਿਆਂ ਵਰ੍ਹਦੀਆਂ ਗੋਲੀਆਂ,
ਡਾਢਾ ਮੱਚਿਆ ਰਣ ਘਮਸਾਨ।
ਲੈਂਦੀ ਮੌਤ ਸਿਰਾਂ 'ਤੇ ਫੇਰੀਆਂ,
ਡਾਢੀ ਮਸਤੀ ਹੋਈ ਜਾਨ।
ਕੋਈ ਛੇਲ ਮਾਂਵਾਂ ਦੇ ਲਾਡਲੇ,
ਹੋ ਗਏ ਦੇਸ ਉਤੋਂ ਕੁਰਬਾਨ।
ਕੋਈ ਘਾਇਲ ਜ਼ਿਮੀਂ 'ਤੇ ਤੜਫਦੇ,
ਢੱਠੇ ਸ਼ੇਰਾਂ ਜਹੇ ਬਲਵਾਨ।
ਹੋ ਗਈ ਰੱਤ ਨਾਲ ਧਰਤੀ ਰੰਗਲੀ,
ਅਤੇ ਲੰਬੂ ਲੱਗੇ ਅਸਮਾਨ।
ਖੂੰਨੀ ਨੇਂ ਨੇ ਠਾਠਾਂ ਮਾਰੀਆਂ,
ਵਿਚ ਆਸ਼ਕ ਤਰਦੇ ਜਾਨ।
ਰਣ ਜੂਝੇ 'ਸੀਤਲ' ਸੂਰਮੇਂ,
ਜੱਸ ਖੱਟ ਗਏ ਵਿਚ ਜਹਾਨ।