

ਪਲਾਂ ਵਿਚ ਮੁਦਕੀ ਦੇ ਖੇਤ ਲਹੂ ਨਾਲ ਰੰਗੇ ਗਏ। ਚਾਰ ਚੁਫੇਰੇ ਲੋਥਾਂ ਦੇ ਢੇਰ ਲੱਗ ਗਏ। ਅੰਗਰੇਜ਼ ਅਫ਼ਸਰ ਅੱਗੇ ਹੋ ਕੇ ਆਪਣੀ ਫ਼ੌਜ ਨੂੰ ਲੜਾ ਰਹੇ ਸਨ, ਪਰ ਦੂੱਜੇ ਪਾਸੇ ਸਿੱਖ ਜਰਨੈਲ ਆਪਣੇ ਫ਼ਰਜ਼ਾਂ ਨੂੰ ਭੁਲਦੇ ਜਾ ਰਹੇ ਸਨ। ਸਿੱਖਾਂ ਤੇ ਅੰਗਰੇਜ਼ਾਂ ਦੀ ਇਹ ਪਹਿਲੀ ਮੁਠਭੇੜ ਸੀ। ਅੰਗਰੇਜ਼ੀ ਫ਼ੌਜ ਨੇ ਓਸੇ ਜੋਸ਼ ਨਾਲ ਹੱਲਾ ਕੀਤਾ, ਜਿਸ ਨਾਲ ਉਹਨੇ ਹਿੰਦੁਸਤਾਨ ਦੇ ਕਈ ਰਜਵਾੜੇ ਫ਼ਤਹਿ ਕੀਤੇ ਸਨ, ਪਰ ਛੇਤੀ ਹੀ ਪਤਾ ਲੱਗ ਗਿਆ, ਕਿ ਐਤਕੀਂ ਬਰਾਬਰ ਦੇ ਬਹਾਦਰਾਂ ਨਾਲ ਵਾਹ ਪਿਆ ਹੈ। ਖ਼ਾਲਸਾ ਫ਼ੌਜ ਨੇ ਹੱਲੇ ਦਾ ਉਤਰ ਹੱਲੇ ਵਿਚ ਦਿੱਤਾ। ਅੰਗਰੇਜ਼ੀ ਫ਼ੌਜ ਲੋਹੇ ਦੀ ਕੰਧ ਨਾਲ ਟੱਕਰ ਖਾ ਕੇ ਪਿੱਛੇ ਹਟੀ ਹੀ ਸੀ, ਜਾਂ ਸਿੱਖਾਂ ਨੇ ਉਤੋਂ ਸ਼ੇਰਵਾਈ ਹੱਲਾ ਬੋਲ ਦਿੱਤਾ। ਏਸ ਭੁੱਖੇ ਸ਼ੀਹਾਂ ਦੇ ਵਾਰ ਅੱਗੇ, ਅੰਗਰੇਜ਼ੀ ਫ਼ੌਜ ਅੜ ਨਾ ਸਕੀ। ਉਸਦਾ ਇਕ ਹਿੱਸਾ ਨੱਸ ਕੇ() ਆਪਣੇ ਬ੍ਰਗੇਡ ਦੇ ਪਿਛਲੇ ਪਾਸੇ ਜਾ ਲੁਕਿਆ। ਇਹ ਵੇਖ ਕੇ ਲਾਲ ਸਿੰਘ ਸਹਾਰ ਨਾ ਸਕਿਆ। ਉਹਨੂੰ ਕਦੇ ਪਰਵਾਨ ਨਹੀਂ ਸੀ, ਕਿ ਸਿੱਖ ਜਿੱਤ ਜਾਣ। ਉਹ ਆਪਣੀ ਚਾਰ ਹਜ਼ਾਰ-ਡੋਗਰਾ ਤੇ ਮਸੂਲਮਾਨ- ਫ਼ੌਜ ਸਣੇ ਮੈਦਾਨ ਵਿਚੋਂ ਨੱਸ ਪਿਆ ਤੇ ਬਾਕੀ ਫ਼ੌਜ ਨੂੰ ਨੱਸ ਆਉਣ ਦਾ ਹੁਕਮ ਦੇ ਆਇਆ। ਉਹਦੇ ਪਿੱਛੇ ਪਿੱਛੇ ਕਯਾ ਲਾਲ, ਅਜੁਧਿਆ ਪ੍ਰਸਾਦ ਤੇ ਅਮਰ ਨਾਥ ਆਦਿ ਅਫ਼ਸਰ ਵੀ ਨਸ ਤੁਰੇ। ਸਿੱਖਾਂ ਦੇ ਜਰਨੈਲ ਨੱਸ ਗਏ, ਪਰ ੬-੭ ਹਜ਼ਾਰ ਖ਼ਾਲਸਾ ਸਿਪਾਹੀ ਮੈਦਾਨ ਵਿਚ ਡਟੇ ਰਹੇ। ਸੈਨਾਪਤੀ ਗਫ਼ ਤੇ ਲਾਰਡ ਹਾਰਡਿੰਗ ਵੇਖ ਕੇ ਹੈਰਾਨ ਰਹਿ ਗਏ, ਕਿ ਲੜਾਉਣ ਵਾਲਾ ਅਫ਼ਸਰ ਕੋਈ ਨਹੀਂ, ਪਰ ਸਿਪਾਹੀ ਕਿਸੇ ਅਥਾਹ ਜੋਸ਼ ਵਿਚ ਜਾਨਾਂ ਲੜਾ ਰਹੇ ਹਨ। ਸੂਰਜ ਛਿਪ ਗਿਆ ਸੀ ਤੇ ਪੈਰੋ ਪੈਰ ਰਾਤ ਦਾ ਹਨ੍ਹੇਰਾ ਵਧ ਰਿਹਾ ਸੀ। ਅੰਗਰੇਜ਼ ਜਰਨੈਲ ਹੱਲੇ 'ਤੇ ਹੱਲਾ ਕਰਦੇ ਤੇ ਸਿੱਖ ਫ਼ੌਜ ਦੂਣੇ ਬਲ ਨਾਲ ਉਹਨਾਂ ਨੂੰ ਪਿਛਾਂਹ ਹਟਾ ਦੇਂਦੀ। ਇਸ ਜੰਗ ਵਿਚ, ਸਿੱਖਾਂ ਦੇ ਹੱਥ ਵੇਖ ਕੇ, ਅੰਗਰੇਜ਼ੀ ਫ਼ੌਜ ਆਪਣੇ ਹੋਸ਼ ਭੁਲਾ ਬੈਠੀ ਤੇ ਖ਼ਾਲਸੇ ਦੀ ਬੀਰਤਾ ਉਤੇ ਮੋਹੀ ਗਈ। ਕਈਆਂ ਨੇ ਤਾਂ ਏਥੋਂ ਤੱਕ ਲਿਖਿਆ ਹੈ, ਕਿ ਅੰਗਰੇਜ਼ੀ ਫ਼ੌਜ ਦੇ ਕੁਛ ਬੰਦਿਆਂ ਨੇ ਘਬਰਾ ਕੇ ਆਪਸ ਵਿਚ ਗੋਲੀਆਂ ਚਲਾਉਣੀਆਂ ਆਰੰਭ ਦਿੱਤੀਆਂ।
()ਪੰਜਾਬ ਹਰਣ ਔਰ ਮ: ਦਲੀਪ ਸਿੰਹ, ਪੰਨਾ ੩੭।
ਪੰਜਾਬ ਹਰਣ ਔਰ ਮ: ਦਲੀਪ ਸਿੰਹ, ਪੰਨਾ ੩੭। ਸਿੱਖ ਕਾ ਉਥਾਨ ਔਰ ਪਤਨ, ਪੰਨਾ ੧੯੧।