

ਸਿੱਖਾਂ ਨੇ ਅਜੇਹੀ ਬੇਜਿਗਰੀ ਨਾਲ ਗੋਲੇ ਵਸਾਏ, ਕਿ ਅੰਗਰੇਜ਼ੀ ਤੋਪਾਂ ਥੜਿਆਂ ਤੋਂ ਡੇਗ ਦਿੱਤੀਆਂ। ਕੁਛ ਗੋਲੇ ਅੰਗਰੇਜ਼ਾਂ ਦੇ ਗੁਦਾਮ ਵਿਚ ਪਏ, ਜਿੰਨ੍ਹਾਂ ਨਾਲ ਰਸਦ ਦੀਆਂ ਗੱਡੀਆਂ ਚੂਰ ਚੂਰ ਹੋ ਗਈਆਂ ਤੇ ਬਾਰੂਦ ਨੂੰ ਅੱਗ ਲੱਗ ਗਈ। ਬਾਰੂਦ ਦੀਆਂ ਪੇਟੀਆਂ ਅਸਮਾਨ ਨਾਲ ਗੱਲਾਂ ਕਰਨ ਲੱਗੀਆਂ। ਇਸ ਧਮਾਕੇ ਨਾਲ ਕਈ ਅੰਗਰੇਜ਼ ਮਰ ਗਏ। ਸਾਰੀ ਫ਼ੌਜ ਵਿਚ ਹਲਚਲ ਮਚ ਗਈ। ਸਰ ਲਿਟਲਰ ਦੀ ਫ਼ੌਜ ਨੱਸ ਪਈ ਤੇ ਮੋਰਚਾ ਛੱਡ ਕੇ ਫ਼ੀਰੋਜ਼ਪੁਰ ਦਾ ਰੁਖ਼ ਕੀਤਾ। ਵਾਲਸ ਦੀ ਫ਼ੌਜ ਭੱਜ ਕੇ ਗਿਲਬਰਟ ਦੀ ਫ਼ੌਜ ਦੇ ਪਿੱਛੇ ਜਾ ਲੁਕੀ। ਹਰੀ ਸਮਿਥ ਦੀ ਫ਼ੌਜ ਵੀ ਆਪਣੇ ਮੋਰਚੇ 'ਤੇ ਕਾਇਮ ਨਾ ਰਹਿ ਸਕੀ। ਕੇਵਲ ਗਿਲਬਰਟ ਦੀ ਫ਼ੌਜ ਹੀ ਆਪਣੇ ਮੋਰਚੇ 'ਤੇ ਡਟੀ ਰਹਿ ਗਈ। ਏਸ ਵੇਲੇ ਅੰਗਰੇਜ਼ੀ ਫ਼ੌਜ ਦੀ ਹਾਲਤ ਬੜੀ ਤਰਸਯੋਗ ਸੀ।
ਓਧਰ ਸਿੱਖਾਂ ਦੀ ਫ਼ੌਜ ਦਾ ਹਾਲ ਸੁਣੋ। ਖ਼ਾਲਸਾ ਸਿਪਾਹੀਆਂ ਨੇ ਠਾਣ ਲਈ ਸੀ, ਕਿ 'ਫ਼ਤਹਿ ਪ੍ਰਾਪਤ ਕਰਾਂਗੇ, ਜਾਂ ਮਰ ਮਿਟਾਂਗੇ।' ਮੁਦਕੀ ਦੀ ਹਾਰ ਉਹਨਾਂ ਦੇ ਦਿਲਾਂ ਵਿਚ ਕੰਡੇ ਵਾਂਗ ਰੜਕ ਰਹੀ ਸੀ। ਉਹ ਤਲੀ 'ਤੇ ਸਿਰ ਰੱਖਕੇ ਟਾਕਰਾ ਕਰ ਰਹੇ ਸਨ। ਲਾਲ ਸਿੰਘ ਦੀ ਫ਼ੌਜ ਬੜੇ ਜੋਸ਼ ਨਾਲ ਅੱਗ ਵਸਾ ਰਹੀ ਸੀ। ਨੇੜੇ ਹੀ ਸੁਲਤਾਨ ਖ਼ਾਂ ਵਾਲੇ ਦੇ ਲਾਗੇ ਤੇਜ ਸਿੰਘ ਦਾ ਰਸਾਲਾ ਖਲਾ ਸੀ। ਸਿਪਾਹੀ ਤੇ ਛੋਟੇ ਅਫ਼ਸਰ ਜ਼ੋਰ ਲਾ ਰਹੇ, ਕਿ ਉਹਨਾਂ ਨੂੰ ਜੰਗ ਵਿਚ ਜਾਣ ਦਿੱਤਾ ਜਾਵੇ, ਪਰ ਤੇਜ ਸਿੰਘ ਨੇ ਇਹ ਕਹਿ ਕੇ ਰੋਕ ਛੱਡਿਆ, ਕਿ ਸਾਡੇ ਉੱਤੇ ਵੀ ਅੰਗਰੇਜ਼ ਹਮਲਾ ਕਰਨ ਵਾਲੇ ਹਨ। ਤੇਜ ਸਿੰਘ ਆਪਣੀ ਫ਼ੌਜ ਨੂੰ ਲਾਲ ਸਿੰਘ ਦੀ ਫ਼ੌਜ ਨਾਲ ਮਿਲ ਜਾਣ ਦੇਂਦਾ, ਤਾਂ ਦੁਸ਼ਮਣ ਦੇ ਬਚਣ ਦੀ ਕੋਈ ਆਸ ਨਹੀਂ ਸੀ।
ਜਿਉਂ-ਜਿਉਂ ਹਨ੍ਹੇਰਾ ਹੁੰਦਾ ਜਾਂਦਾ, ਤਿਉਂ-ਤਿਉਂ ਅੰਗਰੇਜ਼ੀ ਫ਼ੌਜ ਦੀ ਘਬਰਾਹਟ ਵੱਧਦੀ ਜਾਂਦੀ। ਕਨਿੰਘਮ ਨੇ ਏਸ ਲੜਾਈ ਦਾ ਹਾਲ ਇਉਂ ਲਿਖਿਆ ਹੈ, "ਤੋਪਾਂ ਥੜਿਆਂ ਤੋਂ ਡਿੱਗ ਪਈਆਂ ਤੇ ਬਾਰੂਦ ਸਿੱਕਾ ਹਵਾ ਵਿਚ ਉਡਣ ਲੱਗਾ। ਦਸਤੇ ਰਾਹ ਵਿਚ ਰੋਕੇ ਗਏ। ਬਟਾਲੀਅਨ ਭੱਜੀਆਂ ਜਾ ਰਹੀਆਂ ਸਨ ਤੇ ਉਹਨਾਂ ਦੇ ਸਿਪਾਹੀ ਏਧਰ ਓਧਰ ਖਿਲਰ ਗਏ ਸਨ। ਹਨ੍ਹੇਰੇ ਤੇ ਸਿੱਖਾਂ ਦੇ ਸਖ਼ਤ ਟਾਕਰੇ ਨੇ ਅੰਗਰੇਜ਼ਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ। ਸਾਰੀਆਂ ਰਜਮੰਟਾਂ ਦੇ ਸਿਪਾਹੀ ਮਿਲਗੋਭਾ ਹੋ ਰਹੇ ਸਨ। ਜਰਨੈਲਾਂ ਨੂੰ ਆਪਣੀ ਫ਼ਤਹਿ ਉਤੇ ਸ਼ੱਕ ਸੀ। ਕਰਨੈਲਾਂ ਨੂੰ ਪਤਾ ਨਹੀਂ ਸੀ, ਕਿ