ਸ: ਸ਼ਾਮ ਸਿੰਘ ਨੂੰ ਵੇਖ ਕੇ ਸਿਪਾਹੀਆਂ ਵਿਚ ਨਵੀਂ ਜ਼ਿੰਦਗੀ ਆ ਗਈ। ਘਬਰਾਏ ਹੋਏ ਸਿਪਾਹੀ ਫੇਰ ਮਰ ਮਿਟਣ ਵਾਸਤੇ ਤਿਆਰ ਹੋ ਗਏ। ਅਫ਼ਸੋਸ! ਇਹਨਾਂ ਦਾ ਇਹ ਜੋਸ਼ ਤੇ ਉੱਦਮ ਕਿਸੇ ਲੇਖੇ ਨਹੀਂ ਸੀ, ਕਿਉਂਕਿ ਬਾਰੂਦ ਬਿਲਕੁਲ ਮੁੱਕ ਚੁੱਕਾ ਸੀ ਤੇ ਨਵੀਆਂ ਪੇਟੀਆਂ ਵਿਚੋਂ ਬਾਰੂਦ ਦੀ ਥਾਂ ਤੇਜ ਸਿੰਘ ਦੀ ਗ਼ੱਦਾਰੀ, ਸਰ੍ਹੋਂ ਤੇ ਰੇਤ ਦੇ ਰੂਪ ਵਿਚ ਨਿਕਲ ਰਹੀ ਸੀ। ਹੁਣ ਸਿੱਖ ਫ਼ੌਜ ਵਾਸਤੇ ਦੋਵੇਂ ਰਾਹ ਰਹਿ ਗਏ ਸਨ, ਜਾਂ ਕਾਇਰਾਂ ਵਾਂਗ ਦੁਸ਼ਮਣ ਸਾਮ੍ਹਣੇ ਹਥਿਆਰ ਰੱਖ ਦੇਣ ਤੇ ਜਾਂ ਮੈਦਾਨ ਵਿਚ ਕੱਟ ਮਰਨ, ਜਿੱਤ ਦੀ ਆਸ ਜਾਂਦੀ ਰਹੀ ਸੀ। ਸ਼ਾਬਾਸ਼ ਗੁਰੂ ਗੋਬਿੰਦ ਸਿੰਘ ਦੇ ਨਾਦੀ ਸਪੁੱਤਰਾਂ ਦੇ, ਚੁਫੇਰਿਓਂ ਦੁਸ਼ਮਣ ਦੀਆਂ ਸੰਗੀਨਾਂ ਤੇ ਬੰਦੂਕਾਂ ਨਾਲ ਘਿਰਿਆ ਹੋਇਆਂ ਵੀ
(ਦੇਖੋ ਪੰਨਾ ੧੫੦ ਦਾ ਬਾਕੀ ਫੁਟਨੋਟ)
ਕਹਿੰਦਾ, ਹੋਸ਼ ਸੰਭਾਲ ਖ਼ਾਲਸਾ
ਕਿਉਂ ਚੱਲੇ ਜੇ ਸਿੱਖੀ ਨੂੰ ਦਾਗ਼ ਲਾ
ਕਿਹੜੇ ਸ਼ੌਕ ਨੂੰ ਸੀ ਤੇਗਾਂ ਚੁੱਕੀਆਂ
ਅੰਤ ਨੱਸਣਾ ਸੀ ਕੰਡ ਜੇ ਵਿਖਾ
ਤਾਹਨੇ ਦੇਵੰਦੀ ਹੈ ਰੂਹ 'ਰਣਜੀਤ' ਦੀ
ਹਾਰ ਆਏ ਦੁਸ਼ਮਣਾਂ ਤੋਂ ਖਾ
ਹੱਥੀਂ ਪਾਇਕੇ ਗ਼ੁਲਾਮੀ ਦੀਆਂ ਬੇੜੀਆਂ
ਜਿਉਂਦੇ ਰਹੋਗੇ ਕੀ ਅਣਖ ਗੁਆ
ਤੁਸੀਂ ਪੁੱਤਰ ਗੁਰੂ ਗੋਬਿੰਦ ਸਿੰਘ ਦੇ
ਦੀਪ ਸਿੰਘ ਦੇ ਹੋ ਵੀਰ ਭਰਾ
ਜਿੰਨ੍ਹੇ ਕਟਕ ਦੁਰਾਨੀਆਂ ਦੇ ਮਾਰ ਕੇ
ਸ਼ਾਨ ਸਿੱਖੀ ਵਾਲੀ ਲਈ ਸੀ ਬਚਾ
ਉੱਠੋ ਸੂਤ ਲੋ ਭਗੌਤੀਆਂ ਸੂਰਿਓ
ਦਿਓ ਵੈਰੀਆਂ ਦੇ ਸੱਥਰ ਵਿਛਾ
ਸ਼ਾਨ ਖ਼ਾਲਸੇ ਦੀ ਨਾਲ ਪੰਜਾਬ ਦੇ
ਕਿਤੇ ਦੋਵੇਂ ਹੀ ਨਾ ਬਿਹੋ ਜੇ ਲੁਟਾ
ਮਰਨਾ ਦੇਸ ਲਈ ਭਲਾ ਹੈ 'ਸੀਤਲਾ'
ਲਵੋ ਮਰਤਬੇ ਸ਼ਹੀਦੀ ਪਾ