ਕਿਸੇ ਸਿੱਖ ਨੇ ਹਥਿਆਰ ਰੱਖ ਕੇ ਪ੍ਰਾਣਾਂ ਦੀ ਭਿੱਛਿਆ ਨਹੀਂ ਮੰਗੀ, ਸਗੋਂ ਹਰ ਥਾਂ ਵੈਰੀਆਂ ਦਾ ਟਾਕਰਾ ਕਰਦੇ ਰਹੇ।
ਸ: ਸ਼ਾਮ ਸਿੰਘ ਨੇ ਲਲਕਾਰ ਕੇ ਕਿਹਾ: "ਖ਼ਾਲਸਾ ਜੀ । ਹੁਣ ਵੇਲਾ ਹੈ ਕਿ ਤੁਸੀਂ ਗੁਰੂ ਮਹਾਰਾਜ ਦੇ ਅੰਮ੍ਰਿਤ ਦੀ ਸ਼ਕਤੀ ਵਿਖਾਵੋ। ਮੌਤ ਤੁਹਾਡੇ ਸਾਮ੍ਹਣੇ ਮੂੰਹ ਅੱਡੀ ਖਲੀ ਹੈ। ਪਿਛਲੇ ਪਾਸੇ ਖੂਨੀ ਦਰਿਆ ਤੇ ਅਗਲੇ ਪਾਸੇ-ਕਾਲ ਦਾ ਰੂਪ-ਦੁਸ਼ਮਣ ਦੀਆਂ ਤੋਪਾਂ ਹਨ। ਤੁਹਾਡੇ ਜਰਨੈਲ ਵਿਸਾਹ-ਘਾਤ ਕਰ ਗਏ ਹਨ। ਤੋਪਾਂ ਤੇ ਬੰਦੂਕਾਂ ਬਾਰੂਦ ਖੁਣੋਂ ਬੇਕਾਰ ਪਈਆਂ ਹਨ। ਹੁਣ ਤਾਂ ਨਿੱਤ ਦੀ ਸੰਗਣ, ਕਲਗੀਧਰ ਦੀ ਬਖ਼ਸ਼ੀ ਹੋਈ ਤਲਵਾਰ ਹੀ ਬਾਕੀ ਹੈ। ਸ਼ੇਰੋ, ਸਾਵਧਾਨ ਹੋਵੋ, ਤੇ ਦੁਸ਼ਮਣ ਦੇ ਗ਼ੁਲਾਮ ਬਣ ਕੇ ਜਿਊਣ ਨਾਲੋਂ ਮਰਦਾਂ ਦੀ ਮੌਤ ਮਰੋ ਤੇ ਦੇਸ ਦੀ ਖ਼ਾਤਰ ਸ਼ਹੀਦ ਹੋ ਕੇ ਸੱਚਖੰਡ ਜਾਓ।"
ਅੱਗੋਂ ਖ਼ਾਲਸਾ ਫ਼ੌਜ ਨੇ 'ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਸਿੱਖ ਸਿਪਾਹੀ ਤਲਵਾਰਾਂ ਧੂਹ ਕੇ ਮਰ ਮਿਟਣ ਵਾਸਤੇ ਤਿਆਰ ਹੋ ਖਲੇ। ਸ: ਸ਼ਾਮ ਸਿੰਘ ਨੇ ੫੦ ਨੰਬਰ ਪਲਟਣ ਉੱਤੇ ਹੱਲਾ ਬੋਲ ਦਿੱਤਾ ()
*(Cunningham) ਕਨਿੰਘਮ (੧੮੪੯) ਪੰਨਾ ੩੨੮।
()ਸ਼ਾਮ ਸਿੰਘ ਸਰਦਾਰ ਆ ਰਣ ਅੰਦਰ ਵੜਿਆ
ਚਿਹਰਾ ਸੂਹਾ ਦਮਕਦਾ ਖ਼ੂਨ ਅੱਖੀਂ ਚੜ੍ਹਿਆ
ਫਰਕਣ ਡੋਲੇ ਸ਼ੇਰ ਦੇ ਹੱਥ ਖੰਡਾ ਫੜਿਆ
ਗੱਜਦਾ ਦੁਸ਼ਮਣ ਫ਼ੌਜ ਦੇ ਆ ਸਾਹਵੇਂ ਖੜ੍ਹਿਆ
ਹੱਥੋਂ ਹੱਥੀ ਚਾਹੁੰਦਾ ਵੈਰੀ ਨਾਲ ਲੜਿਆ
(ਉਸ) ਭੇਟ ਚੜ੍ਹਾਇਆ ਤੇਗ਼ ਦੀ ਜੋ ਅੱਗੇ ਅੜਿਆ
ਸ਼ਾਮ ਸਿੰਘ ਸਰਦਾਰ ਨੇ ਹੱਥ ਫੜੀ ਭਵਾਨੀ
ਲਿਸ਼ਕ ਡਰਾਵੇ ਵੈਰੀਆਂ ਬਿਜਲੀ ਅਸਮਾਨੀ
ਫੇਰ ਦੁਰਾਈ ਚਾਹੁੰਦਾ ਜੱਗ ਵਿਚ ਕਹਾਨੀ
ਸੁੱਟੇ ਸੀ ਜਿਉਂ 'ਦੀਪ ਸਿੰਘ' ਕਰ ਘਾਇਲ ਦੁਰਾਨੀ
ਵਧ ਵਧ ਤੇਗਾਂ ਮਾਰਦਾ 'ਅਰਜਨ' ਦਾ ਸਾਨੀ
ਭਾਲੇ ਖੰਡੇ ਧਾਰ 'ਚੋਂ ਨਿਤ ਦੀ ਜ਼ਿੰਦਗਾਨੀ
ਉਸ ਬੁੱਢੇ ਜਰਨੈਲ 'ਤੇ ਮੁੜ ਚੜ੍ਹੀ ਜੁਆਨੀ
ਢਾਡੀ ਵਾਰਾਂ ਗਾਉਣਗੇ ਜਗ ਰਹੂ ਨਸ਼ਾਨੀ।