Back ArrowLogo
Info
Profile

ਸਿੱਖ ਫ਼ੌਜ ਦੇ ਏਸ ਹੱਲੇ ਨੇ ਅੰਗਰੇਜ਼ੀ ਪਲਟਣਾਂ ਦੇ ਪੈਂਤੜੇ ਹਿਲਾ ਦਿੱਤੇ। ਉਹਨਾਂ ਦੀਆਂ ਪਾਲਾਂ ਤੋੜ ਦਿੱਤੀਆਂ, ਸਫ਼ਾਂ ਉਲਟ ਦਿੱਤੀਆਂ ਤੇ ਪੈਰ ਉਖੇੜ ਦਿੱਤੇ। ਪਿਛੋਂ ਅੰਗਰੇਜ਼ੀ ਤੋਪਾਂ ਨੇ ਹੋਰ ਜ਼ੋਰ ਨਾਲ ਅੱਗ ਵਰ੍ਹਾਈ। ਅੰਗਰੇਜ਼ੀ ਫ਼ੌਜ ਨੇ ਸੰਗੀਨਾਂ ਨਾਲ ਸਿੱਖਾਂ 'ਤੇ ਹੱਲਾ ਕੀਤਾ। ਏਸ ਸਮੇਂ ਸ: ਸ਼ਾਮ ਸਿੰਘ ੭ ਗੋਲੀਆਂ ਖਾ ਕੇ ਘੋੜੇ ਤੋਂ ਥੱਲੇ ਡਿੱਗਾ। ਉਹ ਆਜ਼ਾਦੀ ਦਾ ਪੁਜਾਰੀ ਤੇ ਕੁਰਬਾਨੀ ਦਾ ਦੇਵਤਾ ਸ਼ਹੀਦ ਹੋਕੇ ਸੱਚਖੰਡ ਜਾ ਵੱਸਿਆ। ਉਸਦੇ ਨਾਲ ਹੀ ਸ: ਮੇਵਾ ਸਿੰਘ ਤੇ ਸ: ਜੈਮਲ ਸਿੰਘ 'ਨਿਹੰਗ' ਸ਼ਹੀਦ ਹੋਏ।

ਸਿੱਖ ਨੱਸ ਗਏ              ਸ. ਸ਼ਾਮ ਸਿੰਘ ਦੇ ਸ਼ਹੀਦ ਹੋ ਜਾਣ ਨਾਲ ਖ਼ਾਲਸਾ ਫ਼ੌਜ ਦੇ ਹੌਸਲੇ ਟੁੱਟ ਗਏ। ਤੋਪਾਂ ਤੇ ਬੰਦੂਕਾਂ ਸਾਮ੍ਹਣੇ ਤਲਵਾਰਾਂ ਕਿੰਨਾ ਕੁ ਚਿਰ ਟਿਕ ਸਕਦੀਆਂ ? ਸਿੱਖ ਫ਼ੌਜ ਵਿਚ ਭਾਜੜ ਪੈ ਗਈ। ਜਿਸ ਪਾਸੇ ਕਿਸੇ ਦਾ ਮੂੰਹ ਹੋਇਆ, ਉੱਠ ਨੱਠਾ। ਪਰ ਨੱਸਦੇ ਸਿੱਖ ਦੀ ਤਲਵਾਰ ਵੀ ਵੈਰੀ ਦੇ ਲਹੂ ਵਿਚ ਡੁੱਬੇ ਬਿਨਾਂ ਨਹੀਂ ਰਹਿੰਦੀ ਸੀ।

ਏਸ ਵੇਲੇ ਏਥੋਂ ਦਾ ਨਜ਼ਾਰਾ ਵੇਖ ਕੇ ਦਿਲ ਦਹਿਲ ਜਾਂਦਾ ਸੀ। ਤਿੰਨ ਚਾਰ ਮੀਲ ਲਮਾਣ ਤੇ ਮੀਲ-ਡੇਢ ਮੀਲ ਚੁੜਾਣ ਵਿਚ ਲੋਥ 'ਤੇ ਲੋਥ ਚੜ੍ਹੀ ਪਈ ਸੀ। ਸਾਰੀ ਧਰਤੀ ਲਹੂ ਨਾਲ ਰੌਣੀ ਹੋਈ ਪਈ ਸੀ। ਕਿਤੇ ਕਿਸੇ ਸਿੱਖ ਦੇ ਕੇਸ ਖਿੱਲਰੇ ਪਏ ਤੇ ਕਿਤੇ ਕਿਸੇ ਗੋਰੇ ਦੀ ਝੰਡ ਪਈ ਉਡਦੀ ਸੀ। ਸਤਲੁਜ ਦਾ ਪਾਣੀ ਲਹੂ ਰੋਗਾ ਹੋ ਕੇ ਵਗ ਰਿਹਾ ਸੀ ਤੇ ਵਿਚ ਮੱਛੀਆਂ ਵਾਂਗ ਸਿੱਖਾਂ ਦੀਆਂ ਲੋਥਾਂ ਤਰਦੀਆਂ ਜਾ ਰਹੀਆਂ ਸਨ। ਅੰਗਰੇਜ਼ੀ ਫ਼ੌਜ ਦੇ ਹੰਕਾਰੀ ਸਿਪਾਹੀ, ਰੁੜ੍ਹੇ ਜਾਂਦੇ ਜ਼ਖ਼ਮੀ ਸਿੱਖਾਂ ਨੂੰ ਗੋਲੀਆਂ ਦਾ ਨਸ਼ਾਨਾ ਬਣਾ ਰਹੇ ਸਨ। ਕੁਛ ਸਿੱਖ ਮੈਦਾਨ ਵਿਚ ਵੈਰੀ ਦੀਆਂ ਗੋਲੀਆਂ ਦਾ ਨਸ਼ਾਨਾ ਬਣ ਗਏ, ਕੁਛ ਦਰਿਆ ਵਿਚ ਰੁੜ੍ਹ ਗਏ, ਜਿਹੜੇ ਬਚੇ, ਉਹ ਅੰਮ੍ਰਿਤਸਰ ਜਾ ਕੱਠੇ ਹੋਏ। ਅਫ਼ਸੋਸ, ਜੇ ਕਿਤੇ ਲਾਲ ਸਿੰਘ, ਤੇਜ ਸਿੰਘ (ਦੋਵੇਂ ਬ੍ਰਾਹਮਣ) ਤੇ ਗੁਲਾਬ ਸਿੰਘ ਡੋਗਰਾ ਸਿੱਖਾਂ ਨਾਲ ਗੱਦਾਰੀ ਨਾ ਕਰਦੇ, ਤਾਂ.....

੧੦ ਫ਼ਰਵਰੀ ਦੁਪਹਿਰ ਤੱਕ ਅੰਗਰੇਜ਼ਾਂ ਨੇ ਪੂਰੀ ਜਿੱਤ ਹਾਸਲ ਕਰ ਲਈ। ਸਿੱਖਾਂ ਦੀਆਂ ੬੦ ਤੋਪਾਂ ਤੇ ੨੦੦ ਜ਼ੰਬੂਰਕੇ ਜੇਤੂਆਂ ਦੇ ਹੱਥ ਆਏ।

145 / 251
Previous
Next