ਬਾਰੂਦ ਤੇ ਸਰੋਂ ਦੀ ਬਾਬਤ ਵੀ ਆਪ ਪੜ੍ਹ ਚੁੱਕੇ ਹੋ, ਕਿ ਇਹ ਤੇਜ ਸਿੰਘ ਦੀ ਕਰਤੂਤ ਸੀ, ਜਿੰਨ੍ਹੇ ਬੇੜੀਆਂ ਦਾ ਪੁਲ ਤੋੜ ਦਿੱਤਾ : ਬਹੁਤ ਸਾਰੀਆਂ ਬਾਰੂਦ ਨਾਲ ਭਰੀਆਂ ਬੇੜੀਆਂ ਦਰਿਆ ਵਿਚ ਡੋਬ ਦਿੱਤੀਆਂ ਤੇ ਬਾਕੀ ਪੇਟੀਆਂ ਵਿਚ ਬਾਰੂਦ ਦੀ ਥਾਂ ਸਰ੍ਹੋਂ ਭਰ ਦਿੱਤੀ।
ਪਰ ਇਹ ਦੂਸ਼ਣ ਜਿੰਦ ਕੌਰ ਸਿਰ ਕਿਉਂ ਮੜ੍ਹਿਆ ਗਿਆ ? ਸਿਰਫ਼ ਏਸ ਵਾਸਤੇ, ਕਿ ਆਮ ਜਨਤਾ, ਲਾਲ ਸਿੰਘ, ਤੇਜ ਸਿੰਘ, ਨਿਰਦੋਸ਼ ਹੈ ਗੁਲਾਬ ਸਿੰਘ ਆਦਿ ਦੀਆਂ ਖੋਟੀਆਂ ਚਾਲਾਂ ਨੂੰ ਸਮਝ ਨਾ ਸੱਕੇ। ਸੋ ਯਾਦ ਰਹੇ, ਕਿ ਮਹਾਰਾਣੀ ਜਿੰਦ ਕੌਰ ਏਸ ਦੁਸ਼ਣ ਤੋਂ ਬਿਲਕੁਲ ਬਰੀ ਤੇ ਨਿਰਦੇਸ਼ ਹੈ। ਉਹਨੂੰ ਅੰਤ ਤਕ ਏਸ ਧੋਖੇ ਦਾ ਪਤਾ ਨਹੀਂ ਚੱਲਿਆ। ਲੜਾਈ ਓਸ ਤੋਂ ਬਵਾਹਰੀ ਹੋਈ ਫ਼ੌਜ ਨੇ ਛੇੜੀ ਸੀ। ਉਹ ਮੋਏ ਭਰਾ ਦਾ ਬਦਲਾ ਲੈਣ ਬਦਲੇ ਆਪਣੇ ਮਾਸੂਮ ਬੱਚੇ-ਦਲੀਪ ਸਿੰਘ-ਦੀ ਧੌੜ ਉੱਤੇ ਕਦੇ ਛੁਰੀ ਨਹੀਂ ਸੀ ਫੇਰ ਸਕਦੀ। ਉਹ ਜਾਣਦੀ ਸੀ, ਕਿ ਸਿੱਖ ਫ਼ੌਜ ਦੀ 'ਹਾਰ' ਦਾ ਅਰਥ 'ਦਲੀਪ ਸਿੰਘ' ਦੇ ਰਾਜ ਦੀ ਬਰਬਾਦੀ ਹੋਵੇਗੀ।
ਹੁਣ ਆਖ਼ਰੀ ਸੁਆਲ ਉਠਦਾ ਹੈ, ਕਿ ਏਸ ਲੜਾਈ ਵਿਚ ਸਿੱਖ ਹਾਰੇ ਕਿਉਂ ? ਕਿਉਂ ਲਾਲ ਸਿੰਘ, ਤੇਜ ਸਿੰਘ, ਆਦਿ ਦੇਸ ਨਾਲ ਵਿਸਾਹਘਾਤ ਕਰਨ ਵਾਸਤੇ ਤਿਆਰ ਹੋ ਗਏ ? ਕਿਉਂ ਮਰ ਮਿਟਣ ਵਾਲੇ ਸਿਪਾਹੀਆਂ, ਮਜ਼ਬੂਤ ਤੋਪਾਂ ਤੇ ਪੱਕੇ ਨਸ਼ਾਨਾਬਾਜ਼ ਗੋਲੰਦਾਜ਼ਾਂ ਦੇ ਹੁੰਦਿਆਂ ਖ਼ਾਲਸਾ ਫ਼ੌਜ ਹਾਰ ਗਈ ? ਏਸ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਫ਼ੌਜ ਤੇ ਅਫ਼ਸਰਾਂ ਵਿਚ ਅਜੋੜ ਸੀ। ਦੋਵੇਂ ਧਿਰਾਂ ਆਪਸ ਵਿਚ ਬੜੇ ਦੂਰ ਹੋ ਗਏ ਸਨ। ਤੇ ਆਪਣੇ ਵੱਖ-ਵੱਖ ਲਾਭ ਸੋਚਦੇ ਸਨ। ਸਿਪਾਹੀਆਂ ਦਾ ਅਭਿਮਾਨੀ ਸੁਭਾ ਤੇ ਅਫ਼ਸਰਾਂ ਦੀ ਖੁਦਗਰਜ਼ੀ ਲੈ ਲੱਥੇ। ਫ਼ੌਜ ਵੱਡੀਆਂ ਤਨਖ਼ਾਹੀਂ ਤੇ ਰਾਜ ਪ੍ਰਬੰਧ ਵਿਚ ਆਪਣਾ ਅਟੱਲ ਹੁਕਮ ਕਾਇਮ ਰੱਖਣ ਦੇ ਹੱਕ ਵਿੱਚ ਸੀ ਤੇ ਅਫ਼ਸਰ ਆਪ ਹੁਦਰੀ ਫ਼ੌਜ ਨੂੰ ਤਬਾਹ ਕਰਕੇ ਅੰਗਰੇਜ਼ਾਂ ਦੀ ਮਦਦ ਨਾਲ ਆਪਣੀ ਤਾਕਤ ਵਧਾਉਣਾ ਚਾਹੁੰਦੇ ਸਨ। ਦੋਹਾਂ ਧਿਰਾਂ ਦਾ ਨਸ਼ਾਨਾ ਵੱਖੋ- ਵੱਖ ਸੀ। ਲਾਰਡ ਹਾਰਡਿੰਗ ਦੇ ਇਸ ਵਾਕ ਤੋਂ (ਲਾਹੌਰ ਦਰਬਾਰ ਨਾਲ ਸੁਲ੍ਹਾ ਕਰ ਲੈਣੀ ਔਖੀ ਨਹੀਂ, ਪਰ ਖ਼ਾਲਸਾ ਫ਼ੌਜ ਦਾ ਕੌਣ ਜ਼ਿੰਮੇਵਾਰ ਬਣੇ ?) ਸਾਫ਼ ਪਰਗਟ ਹੈ, ਕਿ 'ਫ਼ੌਜ' ਤੇ 'ਅਫ਼ਸਰ' ਦੋ ਵੱਖੋ-ਵੱਖ ਚੀਜ਼ਾਂ ਸਨ।