"ਸਰਕਾਰ-ਹਿੰਦ ਨੇ ਕਈ ਵਾਰ ਕਿਹਾ, ਕਿ ਉਹ ਪੰਜਾਬ ਦੀ ਸਿੱਖ- ਸ਼ਾਹੀ ਨੂੰ ਤੋੜਨਾ ਨਹੀਂ ਚਾਹੁੰਦੀ। ਉਂਞ ਸਿੱਖ ਦਰਬਾਰ ਦਾ ਵਰਤਾਉ ਐਹੋ ਜਿਹਾ ਰਿਹਾ ਹੈ, ਕਿ ਉਹਨਾਂ ਨੂੰ ਬੜੀ ਕਰੜੀ ਸਜ਼ਾ ਦੇਣੀ ਅਤੀ ਜ਼ਰੂਰੀ ਹੋ ਗਈ ਹੈ, (ਜੋ ਲਾਹੌਰ ਦਰਬਾਰ ਨੇ ਆਪਣੇ ਕੀਤੇ ਹੋਏ ਵਾਧੇ ਬਦਲੇ ਖੁੱਲ੍ਹਮ ਖੁੱਲ੍ਹਾ ਮਾਫ਼ੀ ਨਾ ਮੰਗ ਲਈ)। ਫਿਰ ਵੀ ਗਵਰਨਰ-ਜੈਨਰਲ ਇਸ ਗੱਲ ਦਾ ਮੌਕਿਆ ਦੇਣ ਦਾ ਚਾਹਵਾਨ ਹੈ, ਕਿ ਲਾਹੌਰ ਦਰਬਾਰ ਤੇ ਸਿੱਖ ਦਰਬਾਰ ਛੇਤੀ ਤੋਂ ਛੇਤੀ ਅਧੀਨਗੀ ਤੇ ਸਫ਼ਾਈ ਪੇਸ਼ ਕਰਨ, ਜਿਸ ਦੇ ਬਦਲੇ ਗਵਰਨਰ-ਜੈਨਰਲ, ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਦੇ ਨਾਮ ਥੱਲੇ ਅੰਗਰੇਜ਼ਾਂ ਦੀ ਮਿੱਤਰ ਹਕੂਮਤ ਕਾਇਮ ਕਰਨ ਦੇ ਹੱਕ ਵਿੱਚ ਹੈ।
"ਗਵਰਨਰ-ਜੈਨਰਲ ਇਸ ਪੂਰੀ ਫ਼ਤਹਿ ਸਮੇਂ ਅੰਗਰੇਜ਼ੀ ਸਰਕਾਰ ਦੀ ਮਾਫ਼ ਕਰਨ ਵਾਲੀ ਸ਼ਕਤੀ ਤੇ ਖੁੱਲ੍ਹ-ਦਿਲੀ ਦਾ ਇਸ ਤੋਂ ਵੱਧ ਕੀ ਸਬੂਤ ਦੇ ਸਕਦਾ ਹੈ, ਕਿ ਇਸ ਐਲਾਨ ਵਿਚ ਆਪਣੀ ਇੱਛਿਆ ਪਰਗਟ ਕਰ ਕੇ ਸੁਲ੍ਹਾ ਦੀਆਂ ਸ਼ਰਤਾਂ ਦਾ ਪੱਕਾ ਕਰਨਾ, ਆਉਣ ਵਾਲੀਆਂ ਘਟਨਾਵਾਂ 'ਤੇ ਨਿਰਭਰ ਰੱਖਿਆ ਹੈ।
"ਸੋ ਗਵਰਨਰ-ਜੈਨਰਲ ਉਹਨਾਂ ਸਰਦਾਰਾਂ ਨੂੰ, ਜੋ ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਦੇ ਸ਼ੁਭਚਿੰਤਕ ਹਨ, ਤੇ ਖ਼ਾਸ ਕਰ ਉਹਨਾਂ ਸਰਦਾਰਾਂ ਨੂੰ, ਜਿੰਨ੍ਹਾਂ ਸਰਕਾਰ ਅੰਗਰੇਜ਼ੀ ਦੇ ਵਿਰੁੱਧ ਜੰਗ ਵਿੱਚ ਹਿੱਸਾ ਨਹੀਂ ਲਿਆ, ਬੁਲਾਉਣਾ ਚਾਹੁੰਦਾ ਹੈ, ਤਾਂ ਜੋ ਮਿਲ ਕੇ ਸਲਾਹ ਕੀਤੀ ਜਾਵੇ, ਕਿ ਕਿਸ ਤਰ੍ਹਾਂ ਦੀ ਸਿੱਖ ਸਰਕਾਰ ਲਾਹੌਰ ਵਿਚ ਕਾਇਮ ਕੀਤੀ ਜਾਵੇ, ਜੋ ਖ਼ਾਲਸਾ ਫ਼ੌਜ ਨੂੰ ਕਾਬੂ ਰੱਖ ਸਕੇ ਤੇ ਆਪਣੀ ਰੱਯਤ ਦੀ ਰਾਖੀ ਕਰ ਸਕੇ, ਤਾਂਕਿ ਅਗ੍ਹਾਂ ਵਾਸਤੇ ਸਿੱਖ ਰਿਆਸਤਾਂ ਵਿੱਚ ਅਮਨ ਕਾਇਮ ਹੋ ਕੇ ਇਸ ਗੱਲ ਦੀ ਤਸੱਲੀ ਹੋਵੇ, ਕਿ ਫੇਰ ਕਦੇ ਹੱਦ ਉਤੇ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਹੋਵੇਗਾ, ਤੇ ਇਸ ਤੋਂ ਦੁਨੀਆਂ ਨੂੰ ਸਾਬਤ ਹੋ ਜਾਵੇ, ਕਿ ਪਰਧਾਨ ਸਰਕਾਰ ਹਿੰਦ (ਸਰਕਾਰ ਅੰਗਰੇਜ਼ੀ) ਦਾ ਵਰਤਾਉ ਬੜਾ ਚੰਗਾ ਤੇ ਨਿਆਂ ਵਾਲਾ ਹੈ।
"ਜੇ ਸਿੱਖ ਕੌਮ ਨੇ ਫ਼ੌਜੀ ਗੜ-ਬੜ ਜਾਂ ਜੁੱਗਗਰਦੀ ਤੋਂ ਬਚਾਉ ਦਾ ਇਹ ਚੰਗਾ ਸਮਾਂ ਹੱਥੋਂ ਗੁਆ ਲਿਆ ਤੇ ਅੰਗਰੇਜ਼ੀ ਫ਼ੌਜ ਦੇ ਵਿਰੁੱਧ ਹਮਲੇ ਕਰਨੇ ਆਰੰਭ ਦਿੱਤੇ, ਤਾਂ ਸਰਕਾਰ ਅੰਗਰੇਜ਼ੀ ਆਉਣ ਵਾਲੀ ਪੰਜਾਬ ਸਰਕਾਰ ਬਾਰੇ ਉਹ ਢੰਗ ਵਰਤੇਗੀ, ਜਿਸ ਤੋਂ ਅੰਗਰੇਜ਼ਾਂ ਨੂੰ ਲਾਭ ਪੁੱਜੇ ਤੇ ਸਰਕਾਰ ਬਰਤਾਨੀਆਂ ਨੂੰ ਹਰ ਤਰ੍ਹਾਂ ਤਸੱਲੀ ਹੋਵੇ।"