ਚੱਪਾ ਥਾਂ ਨਹੀਂ ਲੈਂਦਾ, ਦੇਸੋਂ ਨਿਕਲ ਜਾਵਾਂਗਾ ਤੇ ਮੰਗ ਕੇ ਗੁਜ਼ਾਰਾ ਕਰ ਲਵਾਂਗਾ। ਗੁਰੂ ਨਾਨਕ ਦੀ ਦੁਹਾਈ ਉ, ਮੇਰੀ ਜਾਨ ਬਖ਼ਸ਼ ਦਿਹ।"
ਲਹਿਣਾ ਸਿੰਘ ਨੇ ਕਿਹਾ, “ਹੱਛਾ ! ਤੁਸਾਂ ਤਾਂ ਸਾਡੇ ਨਾਲ ਕੋਈ ਨੇਕੀ ਨਹੀਂ ਕੀਤੀ ਸੀ, ਪਰ ਆਹੰਦੇ ਨੇ, ਭਲੇ ਦਾ ਭਲਾ ਏ। ਸੋ ਅਸੀਂ ਤੁਹਾਨੂੰ ਮਾਵ ਕਰ ਦੇਂਦੇ ਆਂ।"
ਮਾਫ਼ੀ ਦਾ ਸ਼ਬਦ ਸੁਣ ਕੇ ਧਿਆਨ ਸਿੰਘ ਦੀ ਜਾਨ ਵਿਚ ਜਾਨ ਆਈ। ਕਹਿਣ ਲੱਗਾ, "ਜੇ ਤੁਸੀਂ ਮੇਰੇ ਨਾਲ ਭਲਾ ਕਰਦੇ ਓ, ਤਾਂ ਬੁਰਾ ਅੱਜ ਤਕ ਮੈਂ ਵੀ ਤੁਹਾਡੇ ਨਾਲ ਕੋਈ ਨਹੀਂ ਕੀਤਾ। ਮੈਨੂੰ ਤਾਂ ਰੱਬ ਨੇ ਬਣਾਇਆ ਈ ਨੇਕੀ ਕਰਨ ਵਾਸਤੇ ਹੈ। ਮੈਂ ਕੀ ਜਾਣਾ, ਬੁਰਿਆਈ ਕਿਸਨੂੰ ਕਹਿੰਦੇ ਨੇ ? ਮੈਨੂੰ ਤਾਂ ਨੇਕੀ ਕਰਨ ਦੀ ਆਦਤ ਪੱਕ ਚੁੱਕੀ ਏ। ਮੈਂ ਬੁਰਿਆਈ ਕਰ ਵੀ ਕਿਵੇਂ ਸਕਦਾ ਹਾਂ ? ਵੇਖੋ, ਤੁਸੀਂ ਮੇਰਾ ਬੁਰਾ ਧਾਰ ਕੇ ਆਏ ਸਉ, ਪਰ ਮੈਂ ਤੁਹਾਡਾ ਭਲਾ ਕਰਦਾ ਜੇ। ਤੁਸੀਂ ਸ਼ੇਰ ਸਿੰਘ ਦੀਆਂ ਚਾਲਾਂ ਤੋਂ ਜਾਣੂ ਨਹੀਂ। ਮੈਂ ਉਸ ਦਾ ਭੇਤੀ ਹਾਂ। ਉਹ ਤੁਹਾਡੇ ਨਾਲ ਦਿਲੋਂ ਸਾਫ਼ ਨਹੀਂ ਜੇ। ਆਪ ਜਿਉਣਾ ਚਾਹੁੰਦੇ ਹੋ, ਤਾਂ ਉਹਨੂੰ ਮਾਰ ਲਵੋ।"
ਲਹਿਣਾ ਸਿੰਘ ਨੇ ਉੱਤਰ ਦਿੱਤਾ, "ਜੇ ਤੁਸੀਂ ਕੁਛ ਮਦਦ ਕਰੋ ਤਾਂ।" ਹਿੱਕ 'ਤੇ ਹੱਥ ਮਾਰ ਕੇ ਧਿਆਨ ਸਿੰਘ ਨੇ ਕਿਹਾ, "ਤੁਸੀਂ ਕਾਸੇ ਜੋਗੇ ਵੀ ਹੋਵੇ। ਮੈਂ ਹਰ ਤਰ੍ਹਾਂ ਹਾਜ਼ਰ ਹਾਂ।"
ਫ਼ੈਸਲਾ ਪੱਕਾ ਹੋ ਗਿਆ। ਸੰਧਾਵਾਲੀਆਂ ਨੇ ਮਹਾਰਾਜੇ ਵਾਲੀ ਸ਼ਰਤ ਧਿਆਨ ਸਿੰਘ ਕੋਲੋਂ ਵੀ ਲਿਖਾ ਲਈ, ਤੇ ਓਹਾ ਇਕਰਾਰ ਇਸ ਨਾਲ ਕੀਤਾ, ਕਿ ੧੫ ਸਤੰਬਰ ਨੂੰ ਫ਼ੌਜ ਦੀ ਹਾਜ਼ਰੀ ਦੇਣ ਸਮੇਂ ਸ਼ੇਰ ਸਿੰਘ ਨੂੰ ਕਤਲ ਕਰ ਦਿਆਂਗੇ। ਮਹਾਰਾਜੇ ਤੇ ਵਜ਼ੀਰ ਦੋਹਾਂ ਤੋਂ ਇਕਰਾਰਨਾਮੇ ਲਿਖਵਾ ਕੇ ਸ: ਲਹਿਣਾ ਸਿੰਘ ਤੇ ਅਜੀਤ ਸਿੰਘ 'ਰਾਜਾਸਾਂਸੀ' ਚਲੇ ਗਏ।
੧੫ ਸਤੰਬਰ ਦਾ ਨਿਭਾਗਾ ਦਿਨ ਆ ਪਹੁੰਚਾ। ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ੩ ਮੀਲ ਦੂਰ ਖੁੱਲ੍ਹੇ ਮੈਦਾਨ ਵਿਚ (ਬਗਵਾਨ ਪੁਰੇ ਦੇ ਪਿਛਲੇ ਪਾਸੇ ਪਹਾੜ ਦੀ ਬਾਹੀ) ਕੈਂਪ