ਦੇਸ-ਧਰੋਹੀ ਮਹਾਂ ਹੱਤਿਆਰਾ।
ਇਹ ਧਰਤੀ ਪੰਜ ਦਰਿਆਵਾਂ ਦੀ, ਇਹ ਯੋਧਿਆਂ ਦਾ ਅਸਥਾਨ।
ਏਥੇ ਪੀਰ ਪੈਗੰਬਰ ਔਲੀਏ, ਕਈ ਹੋਏ ਬਲੀ ਮਹਾਨ।
ਏਥੇ ਸਤਿਗੁਰ ਨਾਨਕ ਪਰਗਟੇ, ਪਏ ਦਿਉਤੇ ਸੀਸ ਝੁਕਾਨ।
ਗੁਰ ਪੰਜਵੇਂ ਘਾਲਾਂ ਘਾਲੀਆਂ, ਜੋ ਤਪੀਆਂ ਦੇ ਸੁਲਤਾਨ।
ਏਥੇ ਲਾਲ ਗੁਰੂ ਦਸਮੇਸ਼ ਦੇ, ਗਏ ਵਾਰ ਧਰਮ ਤੋਂ ਜਾਨ।
ਗੁਰ ਪੰਥ ਖ਼ਾਲਸਾ ਸਾਜ ਕੇ, ਫਿਰ ਮਰੀ ਜਿਵਾਈ ਆਨ।
ਏਥੇ ਨਲੂਏ ਤੇ ਰਣਜੀਤ ਦੀ, ਜਦ ਚਮਕੀ ਸੀ ਕਿਰਪਾਨ।
ਤਾਂ ਖੁੱਸੀ ਹੋਈ ਪੰਜਾਬ ਦੀ, ਵਿਚ ਦੁਨੀਆਂ ਚਮਕੀ ਸ਼ਾਨ।
ਪਰ ਘਾਲ ਬਲੀ ਰਣਜੀਤ ਦੀ, ਨਾ ਸਾਂਭ ਸੱਕੀ ਸੰਤਾਨ।
ਜਿਉਂ ਗਿਆ ਸੀ ਰਾਜ ਪੰਜਾਬ ਦਾ, ਪੜ੍ਹ 'ਸੀਤਲ' ਦਿਲ ਪਛਤਾਨ।