ਜਾਵੇ। ਹੀਰਾ ਸਿੰਘ ਆਪਣੇ ਪਿਤਾ ਨਾਲੋਂ ਘੱਟ ਚਲਾਕ ਨਹੀਂ ਸੀ। ਉਹਨੇ ਡੋਗਰਿਆਂ ਦਾ ਅਜ਼ਮਾਇਆ ਹੋਇਆ ਉਹ ਵਿਰੋਧੀ ਨੂੰ ਬਦਨਾਮ ਕਰਨ ਵਾਲਾ ਪੁਰਾਣਾ ਹਥਿਆਰ ਜਵਾਹਰ ਸਿੰਘ ਵਿਰੁੱਧ ਵਰਤਿਆ। ਉਹਨੇ ਫ਼ੌਜਾਂ ਵਿਚ ਇਹ ਗੱਲ ਧੁਮਾਂ ਦਿੱਤੀ, ਕਿ ਸ. ਜਵਾਹਰ ਸਿੰਘ, ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ। ਓਧਰੋਂ ਜਵਾਹਰ ਸਿੰਘ ਨੇ ਵੀ ਫ਼ੌਜਾਂ 'ਤੇ ਹੀ ਟੇਕ ਰੱਖੀ ਤੇ ਪੰਚਾਂ ਦੇ ਵਸੀਲੇ ਨਾਲ ਤਾਕਤ ਹਾਸਲ ਕਰਨੀ ਚਾਹੀ। ਉਹਨੂੰ ਇਹ ਚਾਲ ਸਗੋਂ ਪੁੱਠੀ ਪਈ। ਇਕ ਦਿਨ ਉਹ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਫ਼ੌਜਾਂ ਵਿਚ ਗਿਆ ਤੇ ਆਖਣ ਲੱਗਾ, "ਵੇਖੋ, ਰਾਜਾ ਹੀਰਾ ਸਿੰਘ, ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਦਲੀਪ ਸਿੰਘ ਨੂੰ ਦਿਨੋਂ ਦਿਨ ਬਹੁਤ ਤੰਗ ਕਰ ਰਿਹਾ ਹੈ। ਤੁਸੀਂ ਉਸਦੇ ਵਿਰੁੱਧ ਸਾਡੀ ਮਦਦ ਨਹੀਂ ਕਰੋਗੇ, ਤਾਂ ਮੈਂ ਆਪਣੇ ਭਣੇਵੇਂ (ਮਹਾਰਾਜਾ ਦਲੀਪ ਸਿੰਘ) ਨੂੰ ਲੈ ਕੇ ਅੰਗਰੇਜ਼ੀ ਇਲਾਕੇ ਵਿਚ ਚਲਾ ਜਾਵਾਂਗਾ।" ਉਸਦੇ ਮੂੰਹੋਂ ਅੰਗਰੇਜ਼ਾਂ ਦਾ ਨਾਮ ਸੁਣ ਕੇ ਫ਼ੌਜਾਂ ਗੁੱਸੇ ਨਾਲ ਭੜਕ ਉੱਠੀਆਂ ਤੇ ਉਸਨੂੰ ਗ੍ਰਿਫ਼ਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ। ਹੀਰਾ ਸਿੰਘ ਨੇ ਜਵਾਹਰ ਸਿੰਘ ਨੂੰ ਕੈਦ ਵਿਚ ਸੁੱਟ ਦਿੱਤਾ।
ਸਾਰੇ ਪੰਜਾਬ ਦੀਆਂ ਸਿੱਖ ਫ਼ੌਜਾਂ ਵਿਚ ਉਸ ਵੇਲੇ ਅੰਗਰੇਜ਼ਾਂ ਦੇ ਵਿਰੁੱਧ ਬੜਾ ਭਾਰਾ ਜੋਸ਼ ਫੈਲ ਰਿਹਾ ਸੀ, ਕਿਉਂਕਿ ਸਿੱਖ ਸਿਪਾਹੀਆਂ ਦਾ ਇਹ ਸ਼ੱਕ ਦਿਨੋ ਦਿਨ ਵੱਧ ਰਿਹਾ ਸੀ, ਕਿ ਅੰਗਰੇਜ਼ ਕਿਸੇ ਨਾ ਕਿਸੇ ਦਿਨ ਪੰਜਾਬ ਉੱਤੇ ਆ ਪੈਣਗੇ। ਇਸ ਕਾਰਨ ਸਿੱਖ ਤੇ ਅੰਗਰੇਜ਼ ਦਿਲੋਂ ਦੂਰ ਹੋ ਰਹੇ ਸਨ। ਜਿਸ ਆਦਮੀ ਉੱਤੇ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸ਼ੱਕ ਪੈਂਦਾ, ਉਹ ਫ਼ੌਜਾਂ ਦੇ ਗੁੱਸੇ ਦਾ ਸ਼ਕਾਰ ਹੋ ਜਾਂਦਾ। ਡੋਗਰਿਆਂ ਨੇ ਜਿਸ ਨੂੰ ਬਰਬਾਦ ਕਰਨਾ ਹੁੰਦਾ, ਉਸ ਦੇ ਵਿਰੁੱਧ-ਅੰਗਰੇਜ਼ਾਂ ਨਾਲ ਮਿਲ ਗਿਆ-ਦੀ ਕਹਾਣੀ ਘੜ ਦੇਂਦੇ ਤੇ ਆਪਣੇ ਰਾਹ ਵਿਚੋਂ ਕੰਡੇ ਵਾਂਗ ਪਾਸੇ ਕਰ ਦੇਂਦੇ।
ਸੁਚੇਤ ਸਿੰਘ ਤੇ ਹੀਰਾ ਸਿੰਘ ਵਿਚ ਫੁੱਟ ਸ. ਜਵਾਹਰ ਸਿੰਘ ਦਾ ਮਦਦਗਾਰ ਰਾਜਾ ਸੁਚੇਤ ਸਿੰਘ (ਡੋਗਰਾ ਧਿਆਨ ਸਿੰਘ ਦਾ ਛੋਟਾ ਭਰਾ) ਸੀ। ਹੀਰਾ ਸਿੰਘ ਨੇ ਉਸ ਤੋਂ ਵੀ