ਨਹੀਂ ਸਨ ਜਾਂਦੀਆਂ। ਫ਼ੌਜੀ ਪੰਚਾਂ ਨੇ ਬੜਾ ਸਮਝਾਇਆ ਤੇ ਭਾਣਾ ਮੰਨਣ ਵਾਸਤੇ ਬੇਨਤੀ ਕੀਤੀ। ਮਹਾਰਾਣੀ ਨੇ ਕਿਹਾ, ਕਿ ਜੇ ਸ. ਜਵਾਹਰ ਸਿੰਘ ਦੇ ਕਾਤਲ ਉਸ ਦੇ ਹਵਾਲੇ ਕੀਤੇ ਜਾਣ, ਤਾਂ ਉਹ ਰਾਜ਼ੀ ਹੋ ਜਾਵੇਗੀ। ਡੋਗਰਾ ਪਿਰਥੀ ਸਿੰਘ ਤਾਂ ਰਾਤੋ ਰਾਤ ਜੰਮੂ ਨੂੰ ਨੱਸ ਗਿਆ ਤੇ ਦੀਵਾਨ ਜਵਾਹਰ ਮੱਲ ਕੈਦ ਕਰਕੇ ਮਹਾਰਾਣੀ ਦੇ ਹਵਾਲੇ ਕਰ ਦਿੱਤਾ ਗਿਆ। ਕੁਛ ਦਿਨਾਂ ਪਿੱਛੋਂ ਮਹਾਰਾਣੀ ਨੇ ਉਹਨੂੰ ਵੀ ਰਿਹਾ ਕਰ ਦਿੱਤਾ।
ਸ: ਜਵਾਹਰ ਸਿੰਘ ਦੇ ਮਾਰੇ ਜਾਣ ਉੱਤੇ ਹੋਰ ਸਰਦਾਰਾਂ ਦੇ ਦਿਲਾਂ 'ਤੇ ਐਨਾ ਡਰ ਬੈਠਾ, ਕਿ ਫੇਰ ਵਜ਼ੀਰ ਕੋਈ ਨਾ ਬਣੇ। ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ, ਮਗਰ ਉਹ ਮੰਨਿਆ ਨਾ। ਫੇਰ ਹੋਰ ਵੀ ਕਈਆਂ ਨੂੰ ਕਿਹਾ ਗਿਆ, ਮਗਰ 'ਹਾਂ' ਕਿਸੇ ਨਾ ਕੀਤੀ। ਆਖ਼ਰ ਮਹਾਰਾਣੀ ਜਿੰਦ ਕੌਰ ਨੇ ਸਭ ਕੁਝ ਆਪਣੇ ਹੱਥ ਵਿੱਚ ਲੈ ਲਿਆ ਤੇ ਪੰਚਾਇਤ ਦੀ ਮਦਦ ਨਾਲ ਰਾਜ ਕਰਨ ਲੱਗੀ। ਪੰਚਾਇਤ ਦੇ ਸਿਰਕਰਦਾ ਦੀਵਾਨ ਦੀਨਾ ਨਾਥ, ਭਾਈ ਰਾਮ ਸਿੰਘ, ਮਿਸਰ ਲਾਲ ਸਿੰਘ ਆਦਿ ਬਣੇ। ਦੀਨਾ ਨਾਥ ਖ਼ਜ਼ਾਨਚੀ ਤੇ ਭਗਤ ਰਾਮ ਤੇ ਫ਼ਕੀਰ ਨੂਰ ਦੀਨ (ਫ਼ਕੀਰ ਅਜ਼ੀਜੁੱਦੀਨ ਦਾ ਭਰਾ) ਤਨਖ਼ਾਹ ਵੰਡਣ 'ਤੇ ਲਾਏ ਗਏ।
ਏਸ ਤਰ੍ਹਾਂ ਕੁਛ ਚਿਰ ਤਾਂ ਇਹ ਪਰਬੰਧ ਚਲਦਾ ਰਿਹਾ, ਪਰ ਜਦੋਂ ਸਿੱਖ ਅੰਗਰੇਜ਼ਾਂ ਨਾਲ ਲੜਨ ਵਾਸਤੇ ਮਜਬੂਰ ਹੋ ਤੇਜ਼ ਸਿੰਘ ਸੈਨਾਪਤੀ ਬਣੇ ਗਏ, ਓਦੋਂ ਸ਼ੁਰੂ ਨਵੰਬਰ, ੧੮੪੫ ਈ: ਨੂੰ ਰਾਜਾ ਲਾਲ ਸਿੰਘ 'ਮਿਸਰ' 'ਵਜ਼ੀਰ' ਤੇ ਤੇਜ ਸਿੰਘ (ਜਮਾਂਦਾਰ ਖ਼ੁਸ਼ਹਾਲ ਸਿੰਘ ਬ੍ਰਾਹਮਣ ਦਾ ਪੁੱਤਰ) ਖ਼ਾਲਸਾ ਫ਼ੌਜ ਦਾ ਸੈਨਾਪਤੀ ਬਣੇ।
ਵਜ਼ੀਰੀ ਵਾਸਤੇ ਤਿੰਨ ਉਮੀਦਵਾਰ ਸਨ : ਰਾਜਾ ਗੁਲਾਬ ਸਿੰਘ, ਤੇਜ ਸਿੰਘ ਤੇ ਲਾਲ ਸਿੰਘ। ਅੰਤ ਇਕ ਦੇ ਹੱਕ ਵਿਚ ਫ਼ੈਸਲਾ ਏਸ ਤਰ੍ਹਾਂ ਹੋਇਆ : ਪੰਜ ਪਰਚੀਆਂ (ਦੋ ਖ਼ਾਲੀ ਤੇ ਤਿੰਨਾਂ 'ਤੇ ਤਿੰਨਾਂ ਉਮੀਦਵਾਰਾਂ ਦੇ ਨਾਮ) ਪਾਈਆਂ ਗਈਆਂ ਤੇ ਮਹਾਰਾਜਾ ਦਲੀਪ ਸਿੰਘ ਦੇ ਹੱਥੀਂ ਇਕ