ਤਿੱਜਾ ਕਾਂਡ
ਸਤਲੁਜ ਦੇ ਕੰਢੇ ਉੱਤੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਹੋਈ, ਪਰ ਹੋਈ ਕਿਉਂ ? ਕਿੰਨਾਂ ਕਾਰਨਾਂ ਕਰ ਕੇ ਇਹ ਅੱਗ ਭੜਕੀ ? ਤੇ ਕਿੰਨ੍ਹਾਂ ਬੰਦਿਆਂ ਨੇ ਇਹਨੂੰ ਹਵਾ ਦਿਤੀ ? ਕੀ ਇਹ ਲੜਾਈ ਅਚਨਚੇਤ ਹੀ ਛਿੜ ਪਈ ਸੀ ? ਜਾਂ ਜਾਣ ਬੁਝ ਕੇ ਛੇੜੀ ਗਈ ਸੀ । ਇਹਨਾਂ ਸਾਰੀਆਂ ਗੱਲਾਂ ਦੇ ਉੱਤਰ ਭਾਲਣ ਤੋਂ ਪਹਿਲਾਂ ਦੋ ਗੱਲਾਂ ਦਾ ਸਮਝਣਾ ਜ਼ਰੂਰੀ ਹੈ। ਇਕ ਹੈ 'ਖ਼ਾਲਸਾ ਫ਼ੌਜ' ਤੇ ਦੁੱਜੀ 'ਅੰਗਰੇਜ਼ਾਂ ਦੀ ਨੀਤੀ।'
ਖ਼ਾਲਸਾ ਫ਼ੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਰਦਾ ਹਿੰਦੁਸਤਾਨ ਵਿਚ ਨਵਾਂ ਅਣਖੀ ਜੀਵਨ ਪੈਦਾ ਕਰਨ ਵਾਸਤੇ ਖ਼ਾਲਸਾ ਪੰਥ-ਇਕ ਫ਼ੌਜੀ ਭਾਈਚਾਰਾ-ਸਾਜਿਆ, ਜੋ 'ਪਿਆਰ' ਅਤੇ 'ਤਲਵਾਰ' ਦੇ ਆਸਰੇ ਜਿਉਣ ਦਾ ਹਾਮੀ ਹੈ। ਸਿੱਖ ਇਤਿਹਾਸ ਪੜ੍ਹਨ ਤੋਂ ਪਤਾ ਲਗਦਾ ਹੈ, ਕਿ ਸਿੱਖ ਇਕ ਜਮਾਂਦਰੂ 'ਸਿਪਾਹੀ' ਹੈ, ਤੇ ਏਹਾ ਸਿਧਾਂਤ ਅਜੇ ਤਕ ਕਾਇਮ ਚਲਿਆ ਆਉਂਦਾ ਹੈ। ਇਹ ਦੁਨੀਆਂ ਦੇ ਕਾਰ ਵਿਹਾਰ ਕਰਦਾ ਹੋਇਆ ਵੀ ਗਾਤਰੇ ਤਲਵਾਰ ਰੱਖਦਾ ਹੈ, ਜੋ ਇਸਦੇ ਸੁਭਾ ਤੇ ਨਸ਼ਾਨੇ ਦਾ ਪਰਗਟ ਸਬੂਤ ਹੈ।
ਵਧੇਰੇ ਸਮਝਣ ਵਾਸਤੇ ਜ਼ਰਾ ਪੁਰਾਣੇ ਪੱਤਰਿਆਂ ਨੂੰ ਫੋਲੋ। ਘਰੋ-ਘਰੀ ਕਾਰ-ਵਿਹਾਰ ਕਰਨ ਵਾਲੇ ਸਿੰਘ, ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਹਨ। ਓਥੇ ਅੱਗੇ ਪਹਾੜੀ ਰਾਜਿਆਂ ਨਾਲ ਤੇ ਮੁਗ਼ਲ ਫ਼ੌਜਾਂ ਨਾਲ ਯੁੱਧ ਛਿੜ ਪੈਂਦਾ ਹੈ, ਤਾਂ ਇਹ ਮੱਥਾ ਟੇਕਣ ਆਏ ਸਿੱਖ ਤਲਵਾਰਾਂ ਫੜ ਕੇ ਰਣ-ਤੱਤੇ ਵਿਚ ਜਾ ਵੜਦੇ ਹਨ। ਤਨਖ਼ਾਹਾਂ ਵਾਸਤੇ ਨਹੀਂ, ਮੁਲਕ ਫ਼ਤਹਿ ਕਰਨ ਵਾਸਤੇ ਨਹੀਂ, ਦੁਸ਼ਮਣ ਨੂੰ ਹਰਾ ਕੇ ਰਾਜ ਸੰਭਾਲਣ ਵਾਸਤੇ ਨਹੀਂ, ਕੇਵਲ ਅਣਖੀ ਬੰਦਿਆਂ ਵਾਂਗ ਮਰਨ ਵਾਸਤੇ । ਜੋ ਕੌਮ ਏਨੀ ਗੱਲ ਬਦਲੇ ਮਰਨ ਲਈ ਤਿਆਰ ਹੋ ਜਾਏ, ਉਸਦੀ ਗ਼ੈਰਤ ਤੇ ਬਹਾਦਰੀ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।