ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਨੂੰ ਚਲੇ ਜਾਂਦੇ ਹਨ ਤੇ ਸਿੱਖਾਂ ਦੀ ਤਲਵਾਰ-ਥੋੜ੍ਹਾ ਚਿਰ ਸਾਹ ਲੈਣ ਵਾਸਤੇ-ਮਿਆਨ ਅੰਦਰ ਹੋ ਜਾਂਦੀ ਹੈ। ਜਿਸ ਵੇਲੇ ਬਾਬਾ ਬੰਦਾ ਸਿੰਘ 'ਬਹਾਦਰ' ਪੰਜਾਬ ਵਿਚ ਪੈਰ ਪਾਉਂਦਾ ਹੈ, ਓਹਾ ਸਿੱਖ-ਸਾਰੇ ਕੰਮ ਕਾਜ ਛੱਡ ਕੇ-ਉਸਦੀਆਂ ਫ਼ੌਜਾਂ ਵਿਚ ਆ ਮਿਲਦੇ ਹਨ। ਉਹ ਟੁੱਟੀਆਂ ਹੋਈਆਂ ਤਲਵਾਰਾਂ ਤੇ ਖੁੰਢੇ ਨੇਜ਼ੇ ਲੈਕੇ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਬੁਲਾਉਂਦੇ ਤੇ 'ਰਾਜ ਕਰੇਗਾ ਖ਼ਾਲਸਾ' ਦੇ ਗੀਤ ਗਾਉਂਦੇ ਮੈਦਾਨ ਵਿਚ ਆ ਗੱਜਦੇ ਹਨ।
ਸਮੇਂ ਦੀ ਹਕੂਮਤ ਸਿੱਖ-ਲਹਿਰ ਨੂੰ ਜਿੰਨੇ ਜ਼ੋਰ ਨਾਲ ਦਬਾਉਂਦੀ ਹੈ, ਓਨੇ ਹੀ ਜ਼ੋਰ ਨਾਲ-ਫ਼ੁਹਾਰੇ ਦੇ ਪਾਣੀ ਵਾਂਗ-ਸਿੱਖ ਉਠਦੇ ਹਨ। ਬਾਬਾ ਬੰਦਾ ਸਿੰਘ ਜੀ ਸ਼ਹੀਦ ਕਰ ਦਿੱਤੇ ਜਾਂਦੇ ਹਨ। ਸਿੱਖਾਂ ਦੀ ਫ਼ੌਜੀ ਤਾਕਤ ਨੂੰ ਬਿਲਕੁਲ ਦਬਾ ਦਿੱਤਾ ਜਾਂਦਾ ਹੈ, ਮੁਲਕ ਵਿਚ ਉਹਨਾਂ ਵਾਸਤੇ ਕਤਲਾਮ ਦਾ ਖੁੱਲ੍ਹਾ ਹੁਕਮ ਦਿੱਤਾ ਜਾਂਦਾ ਹੈ, ਚਰਖ਼ੀਆਂ 'ਤੇ ਚਾੜ੍ਹੇ ਜਾਂਦੇ ਹਨ, ਸਿਰਾਂ ਦੇ ਇਨਾਮ ਰੱਖੇ ਜਾਂਦੇ ਹਨ, ਫ਼ੌਜਾਂ ਸ਼ਿਕਾਰੀਆਂ ਵਾਂਗ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਹਨ, ਫੇਰ ਵੀ ਜੇ ਇਕੱਲੇ-ਦੁਕੱਲੇ ਸਿੰਘ ਦਾ ਟਾਕਰਾ ਸ਼ਾਹੀ ਫ਼ੌਜ ਨਾਲ ਹੋ ਪਵੇ, ਤਾਂ ਉਹ ਤਲਵਾਰ ਧੂਹ ਕੇ ਯੁੱਧ ਵਾਸਤੇ ਤਿਆਰ ਹੋ ਪੈਂਦਾ ਹੈ। ਦੱਸੋ, ਐਹੋ ਜਿਹੀ ਕੌਮ ਕਿਸੇ ਦੀ ਲਲਕਾਰ ਸੁਣ ਕੇ ਕਿਵੇਂ ਚੁੱਪ ਰਹਿ ਸਕਦੀ ਹੈ ?
ਅੰਤ, ਜਿੰਨ੍ਹਾਂ ਦੇ ਮੰਡੀਆਂ ਵਿਚ ਸਿਰ ਵਿਕਦੇ ਸਨ, ਉਹ ਜਿਉਂ ਜਿਉਂ ਮਰੀਂਦੇ ਗਏ, ਤਿਉਂ ਤਿਉਂ ਵੱਧਦੇ ਗਏ। ਗਿਣਤੀ ਦੇ ਨਾਲ-ਨਾਲ ਹੀ ਉਹਨਾਂ ਦੀ ਫ਼ੌਜੀ ਤਾਕਤ ਵੀ ਵੱਧਦੀ ਗਈ। ਮਿਸਲਾਂ ਦਾ ਸਮਾਂ ਆ ਗਿਆ। ਸਿੱਖੀ ਆਚਰਣ ਅਨੁਸਾਰ 'ਪੰਥ ਪਿਆਰ' ਸਿੱਖ ਦੇ ਦਿਲ ਵਿਚੋਂ ਮਰਨ 'ਤੇ ਵੀ ਨਹੀਂ ਮਰਦਾ। ਪੰਥ ਦੇ ਨਾਂ ਉੱਤੇ ਵੰਗਾਰਨ ਨਾਲ ਹਰ ਇਕ ਸਿੱਖ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ । ਵੇਖੋ, ਮਿਸਲਾਂ ਦੇ ਸਰਦਾਰ ਆਪਸ ਵਿੱਚ ਖਹਿੰਦੇ ਰਹਿੰਦੇ ਹਨ, ਪਰ ਜੇ ਕੋਈ ਬਾਹਰ ਦਾ ਆ ਕੇ ਪੰਜਾਬੀਆਂ ਦੀ ਅਣਖ ਨੂੰ ਲਤਾੜਨਾ ਚਾਹਵੇ, ਤਾਂ ਸਾਰੇ ਇਕੱਠਾ ਲਹੂ ਡੋਲ੍ਹਣ ਵਾਸਤੇ ਤਿਆਰ ਹੋ ਜਾਂਦੇ ਹਨ। ਇਹਨਾਂ ਹੀ ਸਿਪਾਹੀਆਂ ਨੇ ਅੰਤ ਹੌਲੀ-ਹੌਲੀ ਸਿੱਖ ਰਾਜ ਕਾਇਮ ਕੀਤਾ।