ਫ਼ੌਜਾਂ ਦੀ ਮਦਦ ਨਾਲ ਹੁੰਦੇ, ਤਾਂ ਫ਼ੌਜੀ ਪੰਚ ਜ਼ੋਰ ਫੜਦੇ ਗਏ। ਮਹਾਰਾਜਾ ਸ਼ੇਰ ਸਿੰਘ ਤੇ ਵਜ਼ੀਰ ਧਿਆਨ ਸਿੰਘ ਦੇ ਮਰਨ 'ਤੇ ਰਾਜਾ ਹੀਰਾ ਸਿੰਘ ਸਿੱਧਾ ਫ਼ੌਜ ਦੀ ਸ਼ਰਨ ਜਾ ਪਿਆ। ਉਸਦੀ ਆਪਣੀ ਤਾਕਤ ਉਸ ਵੇਲੇ ਕੋਈ ਨਹੀਂ ਸੀ। ਸੰਧਾਵਾਲੀਆਂ ਨੂੰ ਮਾਰ ਕੇ ਹੀਰਾ ਸਿੰਘ ਨੂੰ ਵਜ਼ੀਰ ਬਨਾਉਣ ਵਿਚ ਸਾਰੀ ਤਾਕਤ ਫ਼ੌਜ ਦੀ ਸੀ। ਹੁਣ ਫ਼ੌਜ ਤੇ ਫ਼ੌਜੀ ਪੰਚਾਂ ਨੇ ਵੀ ਆਪਣੀ ਤਾਕਤ ਨੂੰ ਕੁਝ ਸਮਝਿਆ। ਹੀਰਾ ਸਿੰਘ ਵਜ਼ੀਰ ਬਣ ਕੇ ਫ਼ੌਜ ਨੂੰ ਕਾਬੂ ਵਿਚ ਕਿਵੇਂ ਰੱਖ ਸਕਦਾ ਸੀ, ਜੋ ਬਣਾਇਆ ਹੀ ਫ਼ੌਜ ਦਾ ਬਣਿਆ ਸੀ ? ਇਉਂ ਸਮਝੋ, ਕਿ ਹੁਣ ਹਕੂਮਤ ਦੀ ਵਾਗ ਖ਼ਾਲਸਾ ਫ਼ੌਜ ਦੇ ਹੱਥ ਵਿਚ ਸੀ, ਮਹਾਰਾਜੇ ਜਾਂ ਵਜ਼ੀਰ ਦੇ ਹੱਥ ਵਿਚ ਨਹੀਂ। ਜ਼ਰਾ-ਕੁ ਹੀਰਾ ਸਿੰਘ ਮਰਜ਼ੀ ਵਿਰੁੱਧ ਚੱਲਣ ਲੱਗਾ, ਤਾਂ ਫ਼ੌਜ ਨੇ ਉਹਨੂੰ ਕਤਲ ਕਰਕੇ ਸ: ਜਵਾਹਰ ਸਿੰਘ ਨੂੰ ਵਜ਼ੀਰ ਬਣਾ ਲਿਆ। ਤੇ ਜੇ ਮਗਰਲੇ ਨੇ ਕੋਈ ਕੰਮ ਉਲਟ ਕੀਤਾ, ਤਾਂ ਉਸਨੂੰ ਪਾਰ ਬੁਲਾ ਦਿੱਤਾ।
ਖ਼ਾਲਸਾ ਫ਼ੌਜ ਦੀ ਤਾਕਤ ਏਨੀ ਵਧ ਗਈ ਸੀ, ਕਿ ਸ: ਜਵਾਹਰ ਸਿੰਘ ਦੇ ਮਰਨ ਪਿੱਛੋਂ ਵੱਡਾ ਵਜ਼ੀਰ ਕੋਈ ਨਹੀਂ ਸੀ ਬਣਦਾ। ਗੁਲਾਬ ਸਿੰਘ; ਤੇਜ ਸਿੰਘ ਜਾਂ ਲਾਲ ਸਿੰਘ, ਕਿਸੇ ਦਾ ਹੌਂਸਲਾ ਨਾ ਪਿਆ, ਕਿ ਉਹ ਵਜ਼ੀਰ ਬਣ ਕੇ ਖ਼ਾਲਸਾ ਫ਼ੌਜ ਨੂੰ ਕਾਬੂ ਕਰ ਸਕੇਗਾ। ਤਾਂ ਦੱਸੋ, ਜੇ ਕੋਈ ਏਹੋ ਜਿਹੀ ਆਪ-ਮੁਹਾਰੀ, ਬਲਵਾਨ ਤੇ ਕੇਵਲ ਲੜਨ ਵਾਸਤੇ ਲੜਾਈ ਸਹੇੜਨ ਵਾਲੀ ਫ਼ੌਜ ਨੂੰ ਯੁੱਧ ਵਾਸਤੇ ਵੰਗਾਰੇ, ਤਾਂ ਲੜਾਈ ਕਿਵੇਂ ਟਲ ਸਕਦੀ ਹੈ? ਹੁਣ ਥੋੜ੍ਹਾ ਜਿਹਾ ਅੰਗਰੇਜ਼ਾਂ ਦੀ ਨੀਤੀ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਇਹ ਪਹਿਲਾਂ ਵਪਾਰ ਦੀ ਨੀਤ ਨਾਲ ਆਏ ਤੇ ਪੂਰਬੀ ਹਿੰਦ ਵਿਚ ਕੋਠੀਆਂ ਖੋਲ੍ਹੀਆਂ। ਹੋਰ ਵੀ ਕੁਛ ਯੂਰਪੀ ਦੇਸਾਂ ਨੇ ਏਥੇ ਸੌਦਾਗਰੀ ਆਰੰਭੀ, ਪਰ ਸਾਰਿਆਂ ਵਿਚੋਂ ਮਸ਼ਹੂਰ ਦੋ ਹੀ ਸਨ: ਅੰਗਰੇਜ਼ ਤੇ ਫ਼ਰਾਂਸੀਸੀ। ਜਿਉਂ ਜਿਉਂ ਕੰਮ ਵੱਧਦਾ ਗਿਆ, ਤਿਉਂ ਤਿਉਂ ਪਰਬੰਧ ਵਾਸਤੇ ਇਹ ਪੁਲੀਸ ਦੀ ਗਿਣਤੀ ਵਧਾਈ ਗਏ। ਇਹਨਾਂ ਦੋਹਾਂ ਦੀ ਆਪਸ ਵਿੱਚ ਲੱਗਣ ਲੱਗ ਪਈ, ਤੇ ਅੰਤ ਲੜਾਈ-ਝਗੜੇ ਤੱਕ ਨੌਬਤ ਪਹੁੰਚੀ। ਫਿਰ ਪੁਲੀਸ ਦੇ ਨਾਲ-ਨਾਲ ਫ਼ੌਜ ਦੀ ਵੀ ਲੋੜ ਪਈ।