ਓਧਰ ਔਰੰਗਜ਼ੇਬ ਪਿੱਛੋਂ ਮੁਗ਼ਲਾਂ ਦੀ ਤਾਕਤ ਦਿਨੋ-ਦਿਨ ਘੱਟਦੀ ਹੀ ਗਈ। ਅੰਤ, ਕੇਵਲ ਨਾਮਧਰੀਕ ਬਾਦਸ਼ਾਹ ਰਹਿ ਗਏ, ਤੇ ਦੂਰ ਦੇ ਸੂਬੇ ਖ਼ੁਦਮੁਖ਼ਤਿਆਰ ਹੋ ਗਏ। ਹਿੰਦੁਸਤਾਨ ਕਈ ਛੋਟੀਆਂ-ਛੋਟੀਆਂ ਤਾਕਤਾਂ ਵਿਚ ਵੰਡਿਆ ਗਿਆ। ਅੰਗਰੇਜ਼ਾਂ ਨੇ ਫ਼ਰਾਂਸੀਸੀਆਂ ਨੂੰ ਹਿੰਦ ਵਿਚੋਂ ਮਾਰ ਭਜਾਇਆ, ਤੇ ਫਿਰ ਸਹਿਜ ਸਹਿਜ ਹਿੰਦੀ ਨਵਾਬਾਂ ਤੇ ਰਾਜਿਆਂ ਦੇ ਝਗੜਿਆਂ ਵਿੱਚ ਹਿੱਸਾ ਲੈਣ ਲੱਗੇ। ਹੌਲੀ-ਹੌਲੀ ਫੌਜ ਦੀ ਗਿਣਤੀ ਵੱਧਣ ਲੱਗੀ, ਤੇ ਦੇਸ ਦੇ ਕੁਛ ਥੋੜ੍ਹੇ ਜਿਹੇ ਹਿੱਸੇ 'ਤੇ ਕਬਜ਼ਾ ਵੀ ਕਰ ਲਿਆ। ਈਸਟ ਇੰਡੀਆ ਕੰਪਨੀ (ਜੋ ਅੰਗਰੇਜ਼ ਕੰਪਨੀ ਪੂਰਬੀ ਹਿੰਦ ਵਿਚ ਵਪਾਰ ਕਰਨ ਬਦਲੇ ਆਈ) ਤੇ ਵਲਾਇਤ ਵਾਲੇ ਪਰਬੰਧਕ (ਡਾਇਰੈਕਜ਼) ਪਹਿਲਾਂ ਪਹਿਲਾਂ ਏਸ ਗੱਲ ਤੋਂ ਘਬਰਾਏ ਤੇ ਕੁਛ ਅਫ਼ਸਰਾਂ ਉੱਤੇ ਮੁਕੱਦਮੇ ਵੀ ਚੱਲੇ (ਕਿ ਉਹਨਾਂ ਹਿੰਦੀ ਨਵਾਬਾਂ ਨਾਲ ਲੜਾਈਆਂ ਕਿਉਂ ਸਹੇੜੀਆਂ ਹਨ, ਤੇ ਮੁਲਕ ਕਿਉਂ ਮੱਲਿਆ ਹੈ)। ਓਦੋਂ ਨੀਤੀ (ਪਾਲਿਸੀ) ਕੇਵਲ ਵਪਾਰ ਦੀ ਸੀ, ਹਕੂਮਤ ਕਰਨ ਦੀ ਨਹੀਂ ਸੀ। ਕੋਈ ਵਾਰ ਆਉਣ ਵਾਲੇ ਅਫ਼ਸਰਾਂ ਨੂੰ ਪਿੱਛੋਂ ਹਦਾਇਤ ਕੀਤੀ ਗਈ, ਕਿ ਉਹ ਹਿੰਦੀ ਹਾਕਮਾਂ ਦੇ ਝਗੜਿਆਂ ਵਿਚ ਨਾ ਪੈਣ, ਪਰ ਏਥੇ ਆ ਕੇ ਉਹ ਝਗੜਿਆਂ ਵਿਚ ਹਿੱਸਾ ਲਏ ਬਿਨਾਂ ਨਾ ਰਹਿ ਸਕੇ। ਅੰਤ ਬਦਲਦੀ ਬਦਲਦੀ ਨੀਤੀ ਏਥੋਂ ਤੱਕ ਪਹੁੰਚ ਗਈ, ਕਿ ਜਦ ਦੋ ਰਾਜੇ ਜਾਂ ਨਵਾਬ ਆਪਸ ਵਿਚ ਲੜ ਪੈਂਦੇ, ਤਾਂ ਅੰਗਰੇਜ਼ ਇਕ ਦਾ ਪੱਖ ਕਰਕੇ ਦੂਜੇ ਨੂੰ ਹਰਾ ਦੇਂਦੇ। ਹਾਰੇ ਹੋਏ ਦਾ ਹਿੱਸੇ ਆਉਂਦਾ ਇਲਾਕਾ ਆਪਣੇ ਰਾਜ ਵਿਚ ਮਿਲਾ ਲੈਂਦੇ। ਲੱਗੇ ਉੱਕੜ ਦੁੱਕੜ ਇਲਾਕੇ ਫ਼ਤਹਿ ਹੋ ਕੇ ਕੰਪਨੀ ਦੇ ਰਾਜ ਵਿਚ ਆਉਣ। ਅੰਗਰੇਜ਼ੀ ਰਾਜ ਦੀ ਨਸ਼ਾਨੀ ਹਿੰਦੁਸਤਾਨ ਦੇ ਨਕਸ਼ੇ ਉੱਤੇ ਲਾਲ ਰੰਗ ਦੀ ਇਕ ਛਿੱਟ ਵਾਂਗ ਪਈ ਤੇ ਖਿੱਲਰਦੀ ਖਿੱਲਰਦੀ ਸਾਰੇ ਪੱਤਰੇ 'ਤੇ ਖਿੱਲਰ ਗਈ। ਬੰਗਾਲ ਤੇ ਮਦਰਾਸ ਦਾ ਕੁਛ ਹਿੱਸਾ ਕਬਜ਼ੇ ਕਰ ਕੇ ਅੰਗਰੇਜ਼ ਅੱਗੇ ਵਧੇ ਤੇ ਦੱਖਣ ਦੇ ਨਵਾਬ, ਮਰਹੱਟੇ, ਰਾਜਪੂਤ, ਦਿੱਲੀ ਤੇ ਮੁਗ਼ਲ, ਸਭ ਨੂੰ ਆਪਣੇ ਅਧੀਨ ਕਰ ਲਿਆ। ਹੁਣ ਵਧਦਾ ਵਧਦਾ ਅੰਗਰੇਜ਼ ਓਥੇ ਆ ਖਲਾ, ਜਿੱਥੋਂ ਚੜ੍ਹੇ ਹੋਏ ਸਤਲੁਜ ਦਾ ਪਾਣੀ ਸਾਫ਼ ਦੀਹਦਾ ਸੀ। ਦਿੱਲੀ ਦੀ ਲਾਠ 'ਤੇ ਚੜ੍ਹ ਕੇ ਵੇਖੀਏ, ਤਾਂ ਹਿੰਦੁਸਤਾਨ ਵਿਚ ਤਿੰਨ ਪਾਸੀਂ ਅੰਗਰੇਜ਼ਾਂ ਦਾ ਝੰਡਾ ਝੁਲਦਾ ਦਿਸਦਾ ਸੀ, ਜਿਸ ਦੇ ਪਰਛਾਵੇਂ ਹੇਠਾਂ ਕਈ ਛੋਟੇ ਛੋਟੇ ਦੇਸੀ ਨਵਾਬਾਂ ਤੇ ਰਾਜਿਆਂ ਦੇ