

ਏਨੇ ਚਿਰ ਨੂੰ ਮਾਮਾ ਵੀ ਬਾਹਰ ਆ ਕੇ ਕੁਰਸੀ ਉੱਤੇ ਬੈਠ ਗਏ ਸਨ। ਪੁਸ਼ਪੇਂਦੁ ਤੂੰ ਏਥੇ ਹੁੰਦੀ ਤਾਂ ਵੇਖਦੀ ਕਿ ਮਾਮਾ ਦੇ ਲਾਗੇ ਆਉਂਦਿਆਂ ਹੀ ਚਾਚਾ ਜੀ ਅਤੇ ਅਕਲ ਜੀ ਕਿਵੇਂ ਅਦਬ ਨਾਲ ਉੱਠ ਕੇ ਖੜੇ ਹੋ ਗਏ। ਕੁਰਸੀ ਉੱਤੇ ਬੈਠਦਿਆਂ ਮਾਮਾ ਨੇ ਆਖਿਆ, "ਅੰਤਰਯਾਮੀ ਤਾਂ ਨਹੀਂ ਹਾਂ ਪਰ ਤੈਨੂੰ ਚਾਹ-ਦਾਨੀ ਦਾ ਢੱਕਣ ਚੁੱਕ ਕੇ ਇਸ ਵਿੱਚ ਬਾਤੀ ਮਾਰਦਿਆਂ ਮੈਂ ਵੇਖ ਲਿਆ ਸੀ। ਮੈਂ ਆਪ ਵੀ ਤਾਂ ਚਾਹ ਪੀਣੀ ਸੀ।" ਇੱਕ ਪਿਆਲੀ ਚਾਹ ਦੀ ਮੈਂ ਉਨ੍ਹਾਂ ਵੱਲ ਕਰ ਦਿੱਤੀ।
ਪਾਪਾ ਨੇ ਆਖਿਆ, "ਪਤਾ ਨਹੀਂ ਤੁਸਾਂ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਕਿ ਪਲੇਟੋ 'ਝੂਠ' ਨੂੰ ਹੁਕਮਰਾਨੀ ਦਾ ਸਭ ਤੋਂ ਵੱਡਾ ਹਥਿਆਰ ਮੰਨਦਾ ਸੀ। ਉਸ ਦਾ ਖ਼ਿਆਲ ਸੀ ਕਿ ਸਰਪ੍ਰਸਤਾਂ ਜਾਂ ਸਿਆਸਤਦਾਨਾਂ ਨੇ ਜਨ-ਸਾਧਾਰਨ ਨੂੰ ਧੋਖਾ ਦੇਣਾ ਹੁੰਦਾ ਹੈ, ਉਨ੍ਹਾਂ ਨਾਲ ਝੂਠ ਬੋਲਣਾ ਹੁੰਦਾ ਹੈ, ਇਸ ਲਈ ਇਸ ਦੀ ਪੂਰੀ ਮੁਹਾਰਤ ਹੋਣੀ ਚਾਹੀਦੀ ਹੈ। ਇਸ ਮੁਹਾਰਤ ਦੀ ਸਿੱਖਿਆ ਬਚਪਨ ਵਿੱਚ ਹੀ ਦਿੱਤੀ ਜਾਣੀ ਆਰੰਭ ਕੀਤੀ ਜਾਣੀ ਚਾਹੀਦੀ ਹੈ। 'ਚੋਰੀ' ਇਸ ਸਿੱਖਿਆ ਦਾ ਸਭ ਤੋਂ ਸ੍ਰੇਸ਼ਟ ਸਾਧਨ ਹੈ। ਇਸ ਲਈ ਹਰ ਵਿਦਿਆਰਥੀ ਲਈ ਚੋਰੀ ਕਰਨਾ ਜ਼ਰੂਰੀ ਹੈ। ਜੇ ਉਹ ਪਕੜਿਆ ਜਾਵੇ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇ। ਜਿਹੜਾ ਚੋਰੀ ਨਾ ਕਰੇ ਜਾਂ ਤਿੰਨ ਵੇਰ ਪਕੜਿਆ ਜਾਣ ਉੱਤੇ ਕਿਸੇ ਝੂਠ ਰਾਹੀਂ ਆਪਣਾ ਬਚਾਅ ਨਾ ਕਰ ਸਕੇ ਉਸਨੂੰ ਹੇਠਲੀ ਸ਼੍ਰੇਣੀ ਵਿੱਚ ਸੁੱਟ ਦਿੱਤਾ ਜਾਵੇ।"
ਮਾਮਾ ਵਿੱਚੋਂ ਹੀ ਬੋਲ ਪਏ, "ਤੁਸੀਂ ਇਸ ਕੂੜੇ ਨੂੰ ਕਿਉਂ ਫੋਲ ਰਹੇ ਹੋ ? ਰਹਿਣ ਦਿਉ ਢੱਕਿਆ। ਕੋਈ ਹੋਰ ਚੰਗੀ ਗੱਲ ਕਰੋ।"
ਪਾਪਾ ਨੇ ਉੱਤਰ ਦਿੱਤਾ, "ਮਨੁੱਖੀ ਵਿਚਾਰ ਦੇ ਵਿਹੜੇ ਵਿੱਚ ਇਸ ਕੁਰੂਪਤਾ ਨੂੰ ਬਹੁਤ ਸਤਿਕਾਯੋਗ ਥਾਂ ਪ੍ਰਾਪਤ ਹੈ। ਕਈ ਪ੍ਰਕਾਰ ਦੇ ਕੰਡਿਆਲੇ ਛਾਪੇ ਬਣ ਕੇ ਇਹ ਮਾਨਵ-ਬੋਧਿਕਤਾ ਦੇ ਵਸਤਰਾਂ ਨਾਲ ਉਲਝੀ ਹੋਈ ਹੈ। ਇਸ ਤੋਂ ਪਿੱਛਾ ਛੁਡਾਏ ਬਿਨਾਂ ਮਨੁੱਖੀ ਸੋਚ ਆਪਣੇ ਸਫ਼ਰ ਵਿੱਚ ਵਧੇਰੇ ਤੁਰ ਨਹੀਂ ਸਕਦੀ।"
"ਤੁਸੀਂ ਸੋਚ ਦੀ ਗੱਡੀ ਖਿੱਚੋ, ਮੈਂ ਦੁਪਹਿਰ ਦੀ ਰੋਟੀ ਦਾ ਆਹਰ ਕਰਨਾ ਹੈ।"
"ਮਾਮਾ, ਰੋਟੀ ਦੀ ਫ਼ਿਕਰ ਨਾ ਕਰੋ। ਕੱਲ ਜਦੋਂ ਤੁਸੀਂ ਬਾਜ਼ਾਰ ਗਏ ਹੋਏ ਸੀ, ਮੈਂ ਸਭ ਕੁਝ ਤਿਆਰ ਕਰ ਲਿਆ ਸੀ। ਕੁਝ ਚਾਵਨ ਉਬਾਲਣੇ ਹਨ ਅਤੇ ਫੁਲਕੇ ਪਕਾਉਦੇ ਹਨ। ਇਹ ਕੋਈ ਵੱਡਾ ਕੰਮ ਨਹੀਂ।"
"ਤਾਂ ਤੇ ਮੈਂ ਵੀ ਤੁਹਾਡੇ ਲਾਗੇ ਹੀ ਬੈਠ ਲੈਂਦੀ ਹਾਂ। ਪਰ ਅੱਜ ਦੀ ਧੁੱਪ ਕੁਝ ਵਧੇਰੇ ਤੇਜ਼ ਹੈ।" ਉਹ ਆਪਣੀ ਕੁਰਸੀ ਇੱਕ ਬਿਰਖ ਦੀ ਛਾਵੇਂ ਲੈ ਗਏ। ਮੈਂ ਅੰਕਲ ਜੀ ਨੂੰ ਸੰਬੋਧਨ ਕਰ ਕੇ ਆਖਿਆ, “ਅੰਕਲ ਜੀ, ਰੀਪਬਲਿਕ ਵਿੱਚ ਤੁਸਾਂ ਇਹ ਵੀ ਵੇਖਿਆ ਹੋਵੇਗਾ ਕਿ ਇਸ ਸੋਚ-ਸਮਰਾਟ ਨੇ ਇਹ ਸਲਾਹ ਵੀ ਦਿੱਤੀ ਹੈ ਕਿ ਸਰਪ੍ਰਸਤਾਂ ਨੂੰ ਇੱਕ ਸਰਕਾਰੀ ਝੂਠ ਦਾ ਸਹਾਰਾ ਲੈਣਾ ਚਾਹੀਦਾ ਹੈ। ਇਸ ਗੱਲ ਨੂੰ ਉਸ ਨੇ ਨਿਝੱਕ ਹੋ ਕੇ 'ਝੂਠ' ਦਾ ਨਾਂ ਦਿੱਤਾ ਹੈ। ਕਹਿੰਦਾ ਹੈ ਕਿ ਜਨ-ਸਾਧਾਰਨ ਵਿੱਚ ਇਹ 'ਝੂਠ' ਫੈਲਾਇਆ ਜਾਵੇ ਕਿ ਰੱਬ ਨੇ ਆਦਮੀਆਂ ਵਿੱਚ ਤਿੰਨ ਪ੍ਰਕਾਰ ਦੀ ਰੂਹ ਪਾਈ ਹੈ। ਸਰਪ੍ਰਸਤਾਂ ਵਿੱਚ ਸੋਨੇ ਦੀ, ਸਿਪਾਹੀਆਂ ਵਿੱਚ ਚਾਂਦੀ ਦੀ ਅਤੇ ਆਮ ਆਦਮੀਆਂ ਵਿੱਚ ਲੋਹੇ, ਪਿੱਤਲ ਅਤੇ ਤਾਂਬੇ ਆਦਿਕ ਘਟੀਆ ਧਾਤਾਂ ਦੀਆਂ ਬਣੀਆਂ ਰੂਹਾਂ ਹਨ। ਉਹ ਯਕੀਨ ਦੁਆਉਂਦਾ ਹੈ ਕਿ ਪਹਿਲੀ ਪੀੜ੍ਹੀ ਦੇ ਲੋਕਾਂ ਨੂੰ ਇਸ 'ਝੂਠ' ਦੇ ਵਿਸ਼ਵਾਸੀ ਬਣਾਉਣ ਵਿੱਚ ਕਈ ਪ੍ਰਕਾਰ ਦੇ ਯਤਨ ਕਰਨੇ ਪੈਣਗੇ, ਪਰ, ਆਉਣ ਵਾਲੀਆਂ ਪੀੜੀਆਂ ਜਨਮ ਤੋਂ ਹੀ ਇਸ ਵਿਸ਼ਵਾਸ ਦੀਆਂ ਧਾਰਨੀ ਹੋਣਗੀਆਂ। ਸਪਾਰਟਾ ਦਾ ਵਿਧਾਨ ਹੇਲਟਾਂ ਦੇ ਕਤਲ ਦੀ