

"ਇਹ ਠੀਕ ਰਹੇਗਾ। ਭਾ ਜੀ, ਪਲੇਟ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਸੀ। ਉਸ ਦਾ ਪ੍ਰਭਾਵ ਵੀ ਬਹੁ-ਪਾਸਾਰੀ ਹੈ। ਕੀ ਉਸ ਉੱਤੇ ਸਪਾਰਟਾ ਤੋਂ ਸਿਵਾ ਹੋਰ ਵੀ ਕੋਈ ਪ੍ਰਭਾਵ ਸਨ ?"
"ਨਿਸਚੇ ਹੀ ਸਨ। ਸਪਾਰਟਾ ਦੇ ਪ੍ਰਭਾਵ ਨੇ ਉਸ ਦੀ ਸੋਚ ਨੂੰ ਦੂਸ਼ਿਤ ਕੀਤਾ ਹੈ। ਪਰੰਤੂ ਅਜੇਹਾ ਹੋਣ ਲਈ ਇੱਕ ਹੋਰ ਪ੍ਰਭਾਵ ਜ਼ਿੰਮੇਦਾਰ ਹੈ। ਉਹ ਹੈ ਸੋਫਿਟਸ ਲੋਕਾਂ ਦਾ ਪ੍ਰਭਾਵ। ਇਸ ਤੋਂ ਇਲਾਵਾ ਵੀ ਕਈ ਪ੍ਰਭਾਵ ਸਨ, ਪਰ ਰੋਟੀ ਖਾ ਕੇ ਗੱਲ ਕਰਾਂਗੇ।"
'ਭੂਖੇ ਭਗਤਿ ਨ ਕੀਜੈ। ਯਹਿ ਮਾਲਾ ਅਪਨੀ ਲੀਜੋ। ਮਾਖਨ ਰੋਟੀ ਦੀਜੈ।' ਕਹਿ ਕੇ ਚਾਚਾ ਜੀ ਹੱਸ ਪਏ ਅਤੇ ਉਨ੍ਹਾਂ ਨਾਲ ਹੋਰ ਸਾਰੇ ਵੀ।
ਮਾਮਾ, ਮੈਂ ਅਤੇ ਤੇਰੇ ਜੀਜਾ ਜੀ ਕਿਚਨ ਵਿੱਚ ਆ ਗਏ। ਅੱਜ ਪਾਪਾ ਦਾ ਵਤੀਰਾ ਪਹਿਲਾਂ ਵਾਲਾ ਨਹੀਂ ਸੀ। ਉਹ ਕਿਚਨ ਵੱਲ ਨਾ ਆਏ। ਉਨ੍ਹਾਂ ਦੇ ਵਤੀਰੇ ਦੀ ਇਸ ਤਬਦੀਲੀ ਬਾਰੇ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਸੁਨੇਹਾ, ਹੁਣ ਇਹ ਕਿਚਨ 'ਸਾਡਾ' ਦੀ ਥਾਂ 'ਤੁਹਾਡਾ' ਹੁੰਦਾ ਜਾ ਰਿਹਾ ਹੈ। ਤੂੰ ਹੌਲੀ ਹੌਲੀ ਆਪਣੀ ਮਾਮਾ ਨੂੰ ਇਸ ਵਿੱਚੋਂ ਬਾਹਰ ਰੱਖਣ ਵਿੱਚ ਕਾਮਯਾਬ ਹੁੰਦੀ ਜਾ ਰਹੀ ਹੈ।" ਔਹ ਸੁਣਿਆ ਨਹੀਂ ਤੁਸੀਂ, 'ਜਿਸ ਗਲੀ ਮੇ ਤੇਰਾ ਘਰ ਨ ਹੋ ਬਾਲਮਾ'।"
ਪਾਪਾ ਜਦੋਂ ਵੀ ਇਸ ਪ੍ਰਕਾਰ ਦੀ ਗੱਲ ਕਰਦੇ ਹਨ ਉਨ੍ਹਾਂ ਦੇ ਚਿਹਰੇ ਉੱਤੇ ਇੱਕ ਦਿਵਯ ਦੀਪਤੀ ਫੈਲ ਜਾਂਦੀ ਹੈ। ਸਾਰੇ ਹਾਜ਼ਰ ਮਨ ਇਸ ਦੇਵੀ ਪ੍ਰਕਾਸ਼ ਨਾਲ ਰੁਸ਼ਨਾਏ ਜਾਂਦੇ ਹਨ। ਉਨ੍ਹਾਂ ਦੇ ਜੀਵਨ ਦੀ ਪੁਸਤਕ ਦੇ ਹਰ ਪੰਨੇ 'ਤੇ, ਪ੍ਰਸੰਨਤਾ ਦੀ ਭਾਸ਼ਾ ਵਿੱਚ, ਸਾਧਨਾ, ਸਦਾਚਾਰ ਅਤੇ ਸੰਤੋਖ ਦਾ ਇਤਿਹਾਸ ਲਿਖਿਆ ਹੋਇਆ ਹੈ। ਮਾਮਾ ਦਾ ਸਾਥ ਇਸ ਲਿਖਾਵਟ ਵਿੱਚ ਲੱਗੇ ਹੋਏ ਉਹ ਵਿਰਾਮ-ਚਿੰਨ੍ਹ ਹਨ ਜਿਨ੍ਹਾਂ ਨਾਲ ਇਹ ਮਿਲਾਵਟ ਸਾਰਥਕਤਾ ਦੇ ਨਾਲ ਨਾਲ ਸੁੰਦਰਤਾ ਦੀ ਸਿਖਰ ਹੋ ਨਿੱਬੜੀ ਹੈ। ਉਨ੍ਹਾਂ ਦੇ ਨਿਕਟਵਰਤੀ ਸਦਾ ਇਸ ਉਡੀਕ ਵਿੱਚ ਰਹਿੰਦੇ ਹਨ ਕਿ ਉਹ ਆਪਣੇ ਘਰੇਲੂ ਜੀਵਨ ਦੀ ਪੁਸਤਕ ਦਾ ਕੋਈ ਪੰਨਾ ਪੜ੍ਹਨ ਅਤੇ ਸਾਨੂੰ ਪਰਵਾਰਕ ਸੰਬੰਧਾਂ ਦੀ ਸੁੰਦਰਤਾ ਦੇ ਸਨਮੁਖ ਹੋਣ ਦਾ ਸੁਅਵਸਰ ਪ੍ਰਾਪਤ ਹੋਵੇ। ਪੁਸਪਦ ਕਿੰਨੀ ਖੁਸ਼ਕਿਸਮਤ ਹਾਂ ਮੈਂ, ਜਿਸ ਦੇ ਸਾਹਮਣੇ ਇਹ ਸੌਂਦਰਯ-ਸ਼ਾਸਤ ਹਰ ਵੇਲੇ ਹਾਜ਼ਰ ਹੈ। ਵਾਲਮੀਕੀ ਨੇ, ਸ਼ਾਇਦ, ਇਸ ਸੋਂਦਰਯ ਦੀ ਕਲਪਨਾ ਹੀ ਕੀਤੀ ਸੀ; ਮੇਰੇ ਸਾਹਮਣੇ ਇਹ ਸਾਕਾਰ ਹੋ ਗਿਆ ਹੈ।
ਦੁਪਹਿਰ ਦਾ ਖਾਣਾ ਖਾਧਾ ਜਾ ਰਿਹਾ ਸੀ, ਜਦੋਂ ਦਰਵਾਜ਼ੇ ਦੀ ਘੰਟੀ ਵੱਜਣ 'ਤੇ ਚਾਰਾ ਨੇ ਭੌਂਕ ਕੇ ਸੂਚਿਤ ਕੀਤਾ ਕਿ ਕੋਈ ਮਹਿਮਾਨ ਆਇਆ ਹੈ। ਤੇਰੇ ਜੀਜਾ ਜੀ ਦਾ ਛੋਟਾ ਵੀਰ ਦਰਵਾਜ਼ਾ ਖੋਲ੍ਹਣ ਗਿਆ। ਉਸ ਦੇ ਨਾਲ ਕਮਲ ਅਤੇ ਨੀਰਜ ਨੂੰ ਆਉਂਦਿਆਂ ਵੇਖ ਕੇ ਤੇਰੇ ਜੀਜਾ ਜੀ ਨੇ ਕਿਹਾ, "ਕੀ ਗੱਲ ਹੋਈ ? ਤੁਸੀਂ ਤਾਂ ਅੱਜ ਵੱਡੇ ਘਰ ਦੇ ਪ੍ਰਾਹੁਣੇ ਸੀ।" "ਹੋਣਾ ਕੀ ਸੀ; ਉਹ ਅੱਧੀ ਸਦੀ ਤੋਂ ਦੁਹਰਾਈਆ ਜਾ ਰਹੀਆਂ ਗੱਲਾਂ, ਮੈਂ ਤਾਂ ਨੀਹਜ ਕਰਕੇ ਗਿਆ ਸਾਂ; ਇਸੇ ਨੂੰ ਬੋਰ (Bore) ਹੁੰਦੀ ਵੇਖ ਕੇ ਵਾਪਸ ਆ ਗਏ।"
"ਖਾਣਾ?"
"ਇਹ ਗਲਤੀ ਅਸੀਂ ਇੰਡੀਪੈਂਡੈਂਸ ਡੇ ਦੀ ਪਾਰਟੀ ਉੱਤੇ ਹੀ ਕਰ ਆਏ ਹਾਂ," ਕਹਿੰਦੀ ਹੋਈ ਨੀਰਜ ਹੈਨਾਲਟ ਪਾਰਕ ਵਾਲਾ ਰੋਸਾ ਭੁੱਲ ਗਈ ਜਾਪਦੀ ਸੀ।
"ਗਲਤੀ ਕਿਉਂ ਬਈ। ਉਸ ਪਾਰਟੀ ਲਈ ਵੀਹ ਪਾਊਂਡ ਪਰ ਹੈੱਡ ਚੰਦਾ ਸੀ, ਪੈਸੇ ਪੂਰੇ ਕਰਨ ਵਿੱਚ ਹੀ ਸਿਆਣਪ ਸੀ। ਮੈਂ ਤਾਂ ਇਸ ਸਿਆਣਪ ਨੂੰ ਕਰਦਾ ਹੋਇਆ ਬਹੁਤਾ ਖਾਣ ਦੀ ਮੂਰਖ਼ਤਾ ਵੀ ਕਰ ਆਇਆ ਹਾਂ।"