

ਕਰਦਾ ਹੈ ਕਿ ਪਲੋਟ-ਸੁਕਰਾਤ ਤੋਂ ਪਹਿਲਾਂ ਹੋਏ ਦਾਰਸ਼ਨਿਕਾਂ ਬਾਰੇ ਵੀ ਜਾਣਿਆ ਜਾਵੇ। ਇਸ ਨਾਲ ਇਹ ਪਤਾ ਲੱਗੇਗਾ ਕਿ ਸੋਚ ਦੀ ਉਹ ਕਿਹੜੀ ਸੇਧ ਸੀ ਜਿਸ ਵੱਲੋਂ ਮੋੜ ਕੇ ਸਫਿਸਟਾਂ, ਸੁਕਰਾਤ ਅਤੇ ਪਲੇਟੇ ਨੇ ਇਸ ਨੂੰ ਸਿਆਸਤ ਜਾਂ ਰਾਜ-ਕਾਜ ਦੀ ਸੇਵਾ ਵਿੱਚ ਲਾਇਆ। ਇਹ ਪਤਾ ਸਾਨੂੰ ਲੱਗ ਗਿਆ ਹੈ ਕਿ ਇਹ ਕਿਵੇਂ ਅਤੇ ਕਿਸ ਪਾਸੇ ਮੁੜੀ: ਪਰੰਤੂ, ਪਹਿਲਾਂ ਇਸ ਦੀ ਸੇਧ ਕੀ ਸੀ ਇਹ ਪਤਾ ਨਹੀਂ ਲੱਗਾ।"
"ਇੱਕ ਗੱਲ ਮੈਂ ਵੀ ਕਹਾਂ, ਵੀਰ ਜੀ ?"
"ਤੁਸੀਂ ਵੀ ਆਖੋ।"
"ਸੁਮੀਤ ਦੀ ਗੱਲ 'ਯਥਾਰਥਵਾਦ' ਤੋਂ ਆਰੰਭ ਹੋਈ ਸੀ। ਕਿਵੇਂ ਨਾ ਕਿਵੇਂ ਪਲੇਟ ਦਾ ਜ਼ਿਕਰ ਵਿੱਚ ਆ ਗਿਆ। ਇਹ ਤਾਂ ਸਿੱਧ ਹੈ ਕਿ ਪਲੇਟ ਨੇ ਕਲਾ ਅਤੇ ਕਲਾਕਾਰਾਂ ਨੂੰ ਬਹੁਤਾ ਸਲਾਹਿਆ ਸਨਮਾਨਿਆ ਨਹੀਂ ਪਰ ਯਥਾਰਥਵਾਦ ਨਾਲ ਵੀ ਉਸ ਦਾ ਕੋਈ ਰਿਸ਼ਤਾ ਜੁੜਦਾ ਹੈ ਜਾਂ ਨਹੀਂ ?" ਅਗਲੀ ਮੀਟਿੰਗ ਦੌਰਾਨ ਇਸ ਬਾਰੇ ਵਿਚਾਰ ਕੀਤੀ ਜਾਣ ਦਾ ਇਕਰਾਰ ਲੈ ਕੇ ਸਭ ਚਲੇ ਗਏ।
ਇਹ ਪੱਤ੍ਰ ਲੰਮੇਰਾ ਭਾਵੇਂ ਹੋ ਗਿਆ ਹੈ। ਪਰ, ਤੇਰੇ ਪ੍ਰਸ਼ਨਾਂ ਦਾ ਉੱਤਰ ਸ਼ਾਇਦ ਨਹੀਂ ਬਣ ਸਕਿਆ। ਸੁਮੀਰ ਦੇ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਮੈਂ ਬਹੁਤ ਜ਼ਰੂਰੀ ਸਮਝਦੀ ਹਾਂ। ਉਸ ਨਾਲ ਪੱਤ੍ਰ-ਵਿਵਹਾਰ ਇੱਕ ਪ੍ਰਕਾਰ ਦਾ ਆਨੰਦ-ਅਨੁਭਵ ਹੋਵੇਗਾ। ਤੇਰੇ ਪੱਤ੍ਰ ਨਾਲ ਘੱਲਿਆ ਜਾਣ ਵਾਲਾ ਦੂਜਾ ਬੰਦ ਲਿਫ਼ਾਫ਼ਾ ਉਸ ਲਈ ਹੈ। ਖੋਲ੍ਹ ਕੇ ਪੜ੍ਹੀ ਨਾ। ਚਿੰਤਾ ਵੀ ਨਾ ਕਰੀਂ। ਮੈਂ ਉਸ ਦੀ ਦੀਦੀ ਹਾਂ।
ਹਰ ਕਿਸੇ ਦੀ ਦ੍ਰਿਸ਼ਟੀ ਵੱਖ ਹੈ ਅਤੇ ਕਿਸੇ ਸੂਖ਼ਮਤਾ ਤਕ ਪਹੁੰਚ ਵੀ ਹਰ ਕਿਸੇ ਦੀ ਆਪੋ ਆਪਣੀ ਹੈ। ਸੁਮੀਤ ਨੇ ਹੁਣ ਤਕ ਜੋ ਕੁਝ ਆਖਿਆ ਹੈ ਉਸ ਵਿੱਚ ਸਭ ਤੋਂ ਵੱਧ ਸੂਖ਼ਮ ਗੱਲ ਮੈਨੂੰ ਇਹ ਪਰਤੀਤ ਹੋਈ ਹੈ ਕਿ-"ਸੁੰਦਰਮ ਜੀਵਨ ਦਾ ਅਸਲਾ ਹੈ ਅਤੇ ਸੱਤਿਅਮ ਤੇ ਸ਼ਿਵਮ ਇਸ ਦੀ ਪਛਾਣ ਦੇ ਜਾਂ ਇਸ ਦੀ ਪ੍ਰਾਪਤੀ ਦੇ ਸਾਧਨ ਹਨ।" ਸਾਰੇ ਪੁਰਾਤਨ ਕਾਲ ਵਿੱਚ ਅਤੇ ਵਿਸ਼ੇਸ਼ ਕਰਕੇ ਮੱਧ-ਕਾਲ ਵਿੱਚ 'ਸੱਤਿਅਮ' ਨੂੰ ਜੀਵਨ ਦਾ ਅਸਲਾ ਆਖਿਆ ਜਾਂਦਾ ਰਿਹਾ ਹੈ। ਸੱਚ ਨੂੰ ਰੱਬ ਆਖ ਕੇ ਸੱਤਿਅਮ ਦੀ ਸੋਝੀ ਨੂੰ ਈਸ਼ਵਰ ਦਾ ਸਾਖਿਆਤਕਾਰ ਬਣਾਇਆ ਜਾਂਦਾ ਰਿਹਾ ਹੈ। ਇਉਂ ਸੱਤਿਅਮ ਜਾਂ ਸੱਚ ਜੀਵਨ ਦਾ ਅੰਤਲਾ ਜਾਂ ਤਾਤਵਿਕ ਮਨੋਰਥ ਬਣਿਆ ਆ ਰਿਹਾ ਹੈ। ਏਕਾ-ਏਕ ਸੁੰਦਰਮ ਨੂੰ ਜੀਵਨ ਦਾ ਮਨੋਰਥ ਆਖ ਕੇ ਮਾਨਵ-ਸੋਚ ਨੂੰ ਨਵੀਂ ਸੇਧ ਦੇਣ ਦੀ ਦਲੇਰੀ ਕਰਨ ਵਾਲਾ ਇਹ ਵਿਅਕਤੀ ਨਿਸਚੇ ਹੀ ਵਿਚਿਤ੍ਰ ਹੈ। ਪਰੰਤੂ, ਕੇਵਲ ਵਿਚਿਤ੍ਰ ਹੋਣ ਨਾਲ ਕੰਮ ਨਹੀਂ ਚੱਲ ਸਕਦਾ। ਇਸ ਧਾਰਣਾ ਦਾ ਕੋਈ ਵਿਗਿਆਨਿਕ-ਬੌਧਿਕ ਆਧਾਰ ਵੀ ਹੋਣਾ ਚਾਹੀਦਾ ਹੈ।
ਨੀਰਜ ਦੇ ਵਤੀਰੇ ਵਿੱਚ ਆਈ ਤਬਦੀਲੀ ਨੇ ਮੈਨੂੰ ਕੁਝ ਹੈਰਾਨ ਕੀਤਾ ਹੈ। ਇਸ ਦਾ ਕਾਰਨ ਮੈਂ ਅਜੇ ਜਾਣ ਨਹੀਂ ਸਕੀ। ਤੇਰੇ ਜੀਜਾ ਜੀ ਦੀ ਵੱਡੀ ਭੈਣ ਰਾਜੇਸ਼ ਰਾਹੀਂ ਕਮਲ ਅਤੇ ਨੀਰਜ ਦਾ ਇਸ ਪਰਿਵਾਰ ਨਾਲ ਸੰਬੰਧ ਜੁੜਿਆ ਹੈ। ਕਮਲ ਰਾਹੀਂ ਉਸ ਦੇ ਇੱਕ ਮਿੱਤ੍ਰ, ਦੇਵ ਨੇ ਪਿਕਨਿਕ ਵਿੱਚ ਬੇ-ਮਾਲੂਮਾ ਜਿਹਾ ਪਰਵੇਸ਼ ਕੀਤਾ ਸੀ। ਜਦੋਂ ਨੀਰਜ ਆਪਣੇ ਰਾਸ਼ਟਰੀ ਗੌਰਵ ਦਾ ਪ੍ਰਗਟਾਵਾ ਕਰ ਰਹੀ ਸੀ। ਉਦੋਂ ਉਹ ਇੱਕ ਤੇਰ ਭਰੀ ਨਜ਼ਰ ਨਾਲ ਉਸ ਵੱਲ ਵੇਖ ਰਿਹਾ ਸੀ। ਉਸ ਦੀ ਏਸੇ ਤੱਕਣੀ ਨੇ ਹੀ ਮੇਰੇ ਕੋਲੋਂ ਉਸ ਦਾ ਸੰਖੇਪ ਜਿਹਾ ਜ਼ਿਕਰ ਕਰਵਾਇਆ ਸੀ। ਮੈਂ, ਅੱਜ, ਅਚਾਨਕ ਉਸ ਦਾ ਜ਼ਿਕਰ ਕਿਉਂ ਛੇੜ ਬੈਠੀ ਹਾਂ ? ਪਤਾ ਨਹੀਂ।
ਤੇਰੀ ਸਨੇਹਾ।