

8
ਗੁਰਦਾਸਪੁਰ,
28.8.95.
ਸਨੇਹਾ,
ਅਗਸਤ ਦਾ ਮਹੀਨਾ ਬਹੁਤ ਹੀ ਰੁਝੇਵੇਂ ਵਿੱਚ ਬੀਤਿਆ ਹੈ। ਪਾਪਾ ਪੰਦਰਾਂ ਅਗਸਤ ਦੀਆਂ ਸਰਕਾਰੀ ਤਿਆਰੀਆਂ ਵਿੱਚ ਰੁੱਝੇ ਰਹੇ ਅਤੇ ਆਪਣੇ ਨਿੱਜੀ ਕੰਮਾਂ ਦੇ ਨਾਲ ਨਾਲ ਕੁਝ ਇੱਕ ਸਰਕਾਰੀ ਕੰਮਾਂ ਵਿੱਚ ਵੀ ਸਹਾਇਤਾ ਦੀ ਮੰਗ ਕਰਦੇ ਰਹੇ। ਪਾਪਾ ਦੀ ਸਹਾਇਕ ਬਣ ਕੇ ਜੀਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਪਾਪਾ ਦੇ ਦੱਸੇ ਕੰਮ ਬਹੁਤੇ ਔਖੇ ਅਤੇ ਵੱਡੇ ਨਹੀਂ ਸਨ ਤਾਂ ਵੀ ਇੱਕ ਪ੍ਰਕਾਰ ਦੀ ਜ਼ਿੰਮੇਦਾਰੀ ਜ਼ਰੂਰ ਸਨ। ਜ਼ਿੰਮੇਦਾਰੀ ਨਿਭਾ ਕੇ ਜਦੋਂ ਸ਼ਾਮ ਨੂੰ ਆਪਣੇ ਕੀਤੇ ਕੰਮ ਦੀ ਰੀਪੋਰਟ ਪਾਪਾ ਨੂੰ ਦਿੰਦੀ ਸਾਂ ਤਾਂ ਉਨ੍ਹਾਂ ਦੇ ਚਿਹਰੇ ਉੱਤੇ ਪ੍ਰਸੰਨਤਾ ਅਤੇ ਕ੍ਰਿਤਗਿਆਤਾ ਦੇ ਚਿੰਨ੍ਹ ਵੇਖ ਕੇ ਮੈਨੂੰ ਆਪਣਾ ਆਪ ਚੰਗੇਰਾ ਅਤੇ ਵਡੇਰਾ ਲੱਗਦਾ ਸੀ। ਸੁਤੰਤ੍ਰਤਾ ਦਿਵਸ ਦੀਆਂ ਤਿਆਰੀਆਂ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਚਿੰਤਾ ਨੇ ਕਚਹਿਰੀ ਦਾ ਕੰਮ ਘਟਾ ਦਿੱਤਾ ਸੀ। ਇਸ ਕਰਕੇ ਸੁਮੀਤ ਨੂੰ ਦੋ ਤਿੰਨ ਹਫ਼ਤੇ ਫ਼ਾਈਲਾਂ ਆਦਿਕ ਲੈ ਕੇ ਆਉਣ ਦਾ ਮੌਕਾ ਨਹੀਂ ਸੀ ਮਿਲਿਆ। ਅੰਕਲ ਜੀ ਅਤੇ ਪਿਤਾ ਜੀ ਆਉਂਦੇ ਰਹੇ ਹਨ ਅਤੇ ਪਾਪਾ ਕੋਲ ਉਨ੍ਹਾਂ ਨਾਲ ਗੱਲਾਂ ਕਰਨ ਲਈ ਕਾਫ਼ੀ ਸਮਾਂ ਹੁੰਦਾ ਸੀ। ਇਸ ਮਿੱਤ੍ਰ-ਮੰਡਲੀ ਵਿੱਚ ਬੈਠ ਕੇ ਇਨ੍ਹਾਂ ਦੀਆਂ ਗੱਲਾਂ ਸੁਣਨ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੈਂ ਇਨ੍ਹਾਂ ਦੀਆਂ ਗੱਲਾ ਵਿੱਚ ਕੇਵਲ ਉਦੋਂ ਹੀ ਹਿੱਸਾ ਲੈ ਸਕਦੀ ਸਾਂ ਜਦੋਂ ਇਹ ਤੇਰੇ ਬਾਰੇ ਕੋਈ ਗੱਲ ਕਰਦੇ ਸਨ। ਬਾਕੀ ਸਾਰੀਆਂ ਗੱਲਾਂ ਦੇਸ਼, ਸਿਆਸਤ, ਭ੍ਰਿਸ਼ਟਾਚਾਰ, ਅਪਰਾਧ, ਆਤੰਕਵਾਦ ਅਤੇ ਨੈਤਿਕ ਪਤਨ ਆਦਿਕ ਬਾਰੇ ਹੁੰਦੀਆਂ ਸਨ। ਇਨ੍ਹਾਂ ਵਿੱਚੋਂ ਉੱਠ ਕੇ ਜਾਣ ਦਾ ਯਤਨ ਮੈਂ ਇੱਕ ਵੇਰ ਕੀਤਾ ਸੀ; ਪਰ ਪਾਪਾ ਨੇ, ਕੁਝ ਐਸੇ ਢੰਗ ਨਾਲ, ਮੈਨੂੰ ਬੈਠੇ ਰਹਿਣ ਲਈ ਆਖਿਆ, ਜਿਵੇਂ ਉਹ ਚਾਹੁੰਦੇ ਹੋਣ ਕਿ ਮੈਂ ਉਨ੍ਹਾਂ ਦੀ ਇਹ ਵਾਰਤਾਲਾਪ ਜ਼ਰੂਰ ਸੁਣਾਂ। ਪਿਤਾ ਜੀ ਅਤੇ ਅੰਕਲ ਜੀ ਬਾਰੇ ਤਾਂ ਮੈਨੂੰ (ਤੈਨੂੰ ਵੀ) ਪਤਾ ਹੈ ਕਿ ਉਹ ਦੋਵੇਂ ਸਾਹਿਤਿਕ ਅਤੇ ਦਾਰਸ਼ਨਿਕ ਦੁਨੀਆ ਦੇ ਵਸਨੀਕ ਹਨ; ਪਰ ਪਾਪਾ ਬਾਰੇ ਮੈਂ (ਅਤੇ ਤੂੰ ਵੀ) ਏਹੋ ਜਾਣਦੀ ਸਾਂ ਕਿ ਉਹ ਸਰਕਾਰੀ ਮਸ਼ੀਨ ਦੇ ਜ਼ਰੂਰੀ ਪੁਰਜ਼ੇ ਤੋਂ ਵੱਧ ਨਹੀਂ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦੇ ਬੌਧਿਕ, ਰਸਿਕ ਅਤੇ ਸੰਵੇਦਨਸ਼ੀਲ ਪੱਖ ਨੂੰ ਵੇਖ ਕੇ ਮੈਨੂੰ ਇਉਂ ਲੱਗਾ ਕਿ ਪਾਪਾ ਨੂੰ ਕੁਝ ਹੋਰ ਹੋਣਾ ਚਾਹੀਦਾ ਸੀ। ਮੇਰੇ ਮਨ ਵਿੱਚ ਉਨ੍ਹਾਂ ਪ੍ਰਤਿ ਇੱਕ ਭਾਵ ਉਪਜਿਆ ਜਿਸਨੂੰ ਮੈਂ 'ਤਰਸ ਦਾ ਭਾਵ' ਨਹੀਂ ਕਹਿਣਾ ਚਾਹੁੰਦੀ ਕਿਉਂਕਿ ਉਨ੍ਹਾਂ ਦੀ ਹਾਲਤ ਤਰਸਯੋਗ ਨਹੀਂ ਅਤੇ ਨਾ ਹੀ ਮੈਨੂੰ ਤਰਸ ਕਰਨ ਦਾ ਅਧਿਕਾਰ ਹੈ। ਇਨ੍ਹਾਂ ਮਿੱਤ੍ਰਾਂ ਜਿੰਨਾ ਪ੍ਰਸੰਨ ਆਦਮੀ ਲੱਭਣਾ ਔਖਾ ਹੈ। ਇਨ੍ਹਾਂ ਦੀਆਂ ਗੱਲਾਂ ਬਾਤਾਂ ਅਤੇ ਇਨ੍ਹਾਂ ਦੇ ਵਿਚਾਰ ਵਿੱਚ ਕਿਸੇ ਪ੍ਰਤਿ ਰੋਸ ਦਾ ਨਾਂ ਨਿਸ਼ਾਨ ਨਹੀਂ। ਇਹ ਸਹਿਯੋਗ, ਸਹਾਇਤਾ ਅਤੇ ਸਹਾਨੁਭੂਤੀ ਨੇ