

ਹਰ ਕਿਸੇ ਨੂੰ ਪ੍ਰਭਾਵਤ ਕਰ ਸਕਦਾ ਹੈ। ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਪਾਪਾ ਨੇ ਬੀ ਜੀ ਅਤੇ ਪਿਤਾ ਜੀ ਨੂੰ ਵੀ ਨਾਲ ਜਾਣ ਲਈ ਤਿਆਰ ਕਰ ਲੈਣਾ ਹੈ। ਜਦੋਂ ਅਸੀਂ ਅੰਕਲ ਜੀ ਦੇ ਘਰ ਵੜੇ ਤਾਂ ਕੀ ਵੇਖਿਆ ਕਿ ਛਾਹ ਵੇਲਾ ਮੇਜ਼ ਉੱਤੇ ਸਜਾਇਆ ਪਿਆ ਸੀ। ਮੈਨੂੰ ਇਹ ਸਮਝਣ ਵਿੱਚ ਕੋਈ ਔਖ ਨਾ ਜਾਪੀ ਕਿ ਇਹ ਸਭ ਕੁਝ ਪੂਰਵਾਯੋਜਿਤ (ਪਹਿਲਾਂ ਤੋਂ ਪ੍ਰਬੰਧਿਆ ਹੋਇਆ) ਸੀ। ਸਾਰੇ ਹੀ ਮਿਲ ਕੇ ਬਹੁਤ ਖ਼ੁਸ਼ ਹੋਏ ਕੇਵਲ ਬੀ ਜੀ ਮੇਰੇ ਕੋਲੋਂ ਅੱਖ ਚੁਰਾਉਂਦੇ ਰਹੇ। ਚਾਹ ਪੀਂਦਿਆਂ ਉੱਤੇ ਸੁਮੀਤ ਵੀ ਆ ਗਿਆ ਅਤੇ ਇਸ ਇਕੱਤਰਤਾ ਨੂੰ ਵੇਖ ਕੇ ਅਚੰਭਿਤ ਹੋਇਆ। ਅੰਕਲ ਜੀ ਨੇ ਉਸਨੂੰ ਬਾਹੋਂ ਪਕੜ ਕੇ ਮੇਰੇ ਨਾਲ ਹੀ ਖ਼ਾਲੀ ਕੁਰਸੀ ਉੱਤੇ ਲਿਆ ਬਿਠਾਇਆ। ਬੀ ਜੀ ਨੇ ਉਸ ਵੱਲ ਵੇਖ ਕੇ ਇੱਕ ਝਾਤੀ ਅੰਕਲ ਜੀ ਦੇ ਚਿਹਰੇ ਉੱਤੇ ਪਾਈ। ਉਨ੍ਹਾਂ ਦੀ ਨਿਸ਼ਕਪਟ ਮੁਸਕ੍ਰਾਹਟ ਸਾਹਮਣੇ ਬੀ ਜੀ ਦੇ ਸਾਰੇ ਸੋਸਿਆ ਦਾ ਸਿਰ ਨੀਵਾਂ ਹੋ ਗਿਆ।
ਛਾਹ ਵੇਲੇ ਦਾ ਕੰਮ ਮੁਕਾ ਕੇ ਡ੍ਰਾਇੰਗ ਰੂਮ ਵਿੱਚ ਸੋਵੇ ਉੱਤੇ ਬੈਠਦਿਆਂ ਹੀ ਪਾਪਾ ਨੇ ਆਖਿਆ, "ਸਾਡੇ ਕੋਲ ਜਾਇਆ ਕਰਨ ਲਈ ਵਕਤ ਨਹੀਂ। ਕੱਲ੍ਹ ਪੂਪੀ ਨੇ ਮੈਨੂੰ ਦੱਸਿਆ ਸੀ ਕਿ ਇਸ ਨੇ ਪੀ-ਐੱਚ.ਡੀ. ਦਾ ਇਰਾਦਾ ਛੱਡ ਦਿੱਤਾ ਹੈ। ਕੀ ਅਸੀਂ ਜਾਣ ਸਕਦੇ ਹਾਂ ਕਿਉਂ ?"
“ਪਾਪਾ, ਤੁਸੀਂ ਮੈਨੂੰ ਮੇਰੇ ਫ਼ੈਸਲੇ ਕਰਨ ਦੀ ਆਗਿਆ ਦਿੰਦੇ ਆਏ ਹੋ। ਧੰਨਵਾਦ। ਦੂਜੇ ਲੋਕਾਂ ਦੀਆਂ ਸੋਚੀਆਂ ਅਤੇ ਆਖੀਆਂ ਹੋਈਆਂ ਗੱਲਾਂ ਨੂੰ ਦੁਹਰਾ ਕੇ ਡਿਗਰੀਆਂ ਪ੍ਰਾਪਤ ਕਰਨ ਦਾ ਖ਼ਿਆਲ ਮੈਂ ਇਸ ਲਈ ਛੱਡ ਦਿੱਤਾ ਹੈ ਕਿ ਜਿਸ ਪ੍ਰਕਾਰ ਦਾ ਜੀਵਨ ਮੈਂ ਜੀਊਣਾ ਚਾਹੁੰਦੀ ਤਾਂ ਉਸ ਵਿੱਚ ਇਨ੍ਹਾਂ ਦੀ ਪ੍ਰਾਪਤੀ ਬਹੁਤਾ ਮਹੱਤਵ ਨਹੀਂ ਰੱਖਦੀ। ਜਿਵੇਂ ਸੂਫ ਭਾਂਡੇ ਵਿੱਚ ਕਾੜ੍ਹ ਕੇ ਰੱਖੇ ਹੋਏ ਦੁੱਧ ਨੂੰ ਠੀਕ ਤਾਪਮਾਨ ਉੱਤੇ ਲੱਸੀ ਦਾ ਸੰਜੋਗ ਪ੍ਰਾਪਤ ਹੋ ਜਾਣ ਨਾਲ ਉਹ ਸੁਆਦਲਾ ਦਹੀਂ ਬਣ ਜਾਂਦਾ ਹੈ, ਉਵੇਂ ਹੀ ਸੁਮੀਤ ਦੇ ਵਿਚਾਰਾਂ ਨੇ ਮੇਰੀ ਬੌਧਿਕਤਾ ਦੇ ਦੁੱਧ ਦੀ ਕਾਇਆ ਕਲਪ ਕਰ ਦਿੱਤੀ ਹੈ। ਮੈਂ ਕਲਾ ਸੰਬੰਧੀ ਆਪਣੇ ਵਿਚਾਰਾਂ ਦਾ ਵਿਸਥਾਰ ਕਰਨਾ ਚਾਹੁੰਦੀ ਹਾਂ।"
"ਇਹ ਵਿਚਾਰ ਤੇਰੇ ਹਨ ਜਾਂ ਸੁਮੀਤ ਦੇ ?"
“ਪਿਤਾ ਜੀ, ਮੈਂ ਅਪਣਾ ਲਏ ਹਨ; ਮੇਰੇ ਹਨ। ਜੋ ਅਜੇਹਾ ਕਰਨ ਕਰਕੇ ਮੈਂ ਕਿਸੇ ਕਾਨੂੰਨੀ ਪਕੜ ਵਿੱਚ ਆਉਂਦੀ ਹਾਂ ਤਾਂ ਪਾਪਾ ਮੈਨੂੰ ਬਚਾਅ ਲੈਣਗੇ। ਕਿਉਂ ਪਾਪਾ ?"
"ਲੋੜ ਪੈਣ ਉੱਤੇ ਵੇਖਾਂਗੇ। ਕਲਾ ਨੂੰ ਜੀਵਨ ਸਾਹਮਣੇ ਰੱਖਿਆ ਹੋਇਆ ਬੀਬਾ, ਜੀਵਨ ਦੀ ਆਲੋਚਨਾ, ਜੀਵਨ ਦੇ ਸੁਪਨਿਆ ਦੀ ਵਿਆਖਿਆ ਜਾਂ ਤਾਬੀਰ, ਜੀਵਨ ਦੀ ਪਸ਼-ਪਰਦਰਸ਼ਕ, ਜੀਵਨ ਦੀ ਡੰਗੋਰੀ, ਅਹਿਸਾਸਾਂ ਦੀ ਭਾਸ਼ਾ ਅਤੇ ਹੋਰ ਕਈ ਪ੍ਰਕਾਰ ਦੀਆਂ ਪਰਿਭਾਸ਼ਾਵਾਂ ਵਿੱਚ ਬੰਨ੍ਹ ਕੇ ਇਸ ਬਾਰੇ ਬਥੇਰਾ ਕੁਝ ਆਖਿਆ ਜਾ ਚੁੱਕਾ ਹੈ। ਤੁਸੀਂ ਇਸ ਸੰਬੰਧ ਵਿੱਚ ਨਵਾਂ ਕੀ ਕਹਿ ਸਕਦੇ ਹੋ ?"
"ਜੇ ਨਵਾਂ ਕੁਝ ਵੀ ਨਾ ਕਹਿ ਸਕੀਏ, ਤਾਂ ਵੀ ਪੁਰਾਣੇ ਨੂੰ ਅਧੂਰਾ ਸਿੱਧ ਕਰ ਕੇ ਵਿਕਾਸ ਦੀਆਂ ਸੰਭਾਵਨਾਵਾਂ ਵੱਲ ਸੰਕੇਤ ਕਰ ਸਕਦੇ ਹਾਂ । ਹੁਣ ਤਕ ਕਲਾ ਬਾਰੇ ਜੋ ਕੁਝ ਆਖਿਆ, ਲਿਖਿਆ ਗਿਆ ਹੈ ਉਹ ਕਲਾ ਦੇ ਉੱਚਿਤ ਸਥਾਨ ਉੱਤੇ ਰੱਖ ਕੇ ਨਹੀਂ ਆਖਿਆ ਗਿਆ। ਇਹ ਕਹਿਣਾ ਵੀ ਠੀਕ ਨਹੀਂ ਕਿ ਪੁਰਾਤਨ ਵਿਚਾਰਵਾਨਾਂ ਅਤੇ ਵਿਦਵਾਨਾਂ ਨੂੰ ਕਲਾ ਦੇ ਉੱਚਿਤ ਟਿਕਾਣੇ ਦਾ ਪਤਾ ਨਹੀਂ ਸੀ, ਜਾਂ ਇਸ ਪਾਸੇ ਵੱਲ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਸੋਚਿਆ ਜ਼ਰੂਰ ਗਿਆ ਸੀ, ਪਰ ਉਸ ਸਮੇਂ ਦੇ ਸਮਾਜਕ/ਰਾਜਨੈਤਿਕ ਹਾਲਾਤ ਨੇ ਉਸ ਸੋਚ ਨੂੰ ਵਿਕਸਣ ਨਹੀਂ ਦਿੱਤਾ।"