

ਬਿਨਾਂ ਰਹਿ ਨਹੀਂ ਸਕਦਾ। ਪਰੰਤੂ, ਜੀਵਨ ਦੇ ਇਸ ਮਨੋਰਥ ਦੀ ਪ੍ਰਾਪਤੀ ਦਾ ਭੇਤ ਸਤਿਅਮ- ਸ਼ਿਵਮ (ਅਤੇ) ਸੁੰਦਰਮ ਦੇ ਯੂਨਾਨੀ ਸੂਤ ਵਿੱਚ ਹੈ। ਇਸ ਸੂਤ ਨੂੰ ਨਵੀਂ ਤਰਤੀਬ ਵਿੱਚ ਲਿਖ ਕੇ ਇਸ ਦੀ ਵਿਆਖਿਆ ਕਰਾਂਗਾ। ਉਹ ਨਵੀਂ ਤਰਤੀਬ ਹੈ ਸ਼ਿਵਮ-ਸਤਿਅਮ-ਸੁੰਦਰਮ। ਸਤਿਅਮ ਦੀ ਪ੍ਰਾਪਤੀ ਲਈ ਜੀਵਨ ਦਾ ਸਿਵਮ ਹੋਣਾ ਜ਼ਰੂਰੀ ਹੈ। ਸਤਿਅਮ ਤੋਂ ਮੇਰਾ ਭਾਵ ਹੈ ਸੱਚੇ ਹੋ ਕੇ ਜੀਉਣਾ ਜਾਂ ਵਰਤਣਾ ਜਾਂ ਵਿਵਹਾਰ ਕਰਨਾ ਹੈ। ਇਸ ਨੂੰ ਅੰਦਰੋਂ ਬਾਹਰੋਂ ਇੱਕ ਹੋ ਕੇ ਜੀਉਣਾ ਵੀ ਆਖ ਸਕਦੇ ਹਾਂ। ਸੱਚ-ਆਚਾਰ ਵੀ ਏਸੇ ਦਾ ਨਾਂ ਹੈ। ਇਹ ਜੀਵਨ ਦੀ ਪਰਬਲ ਇੱਛਾ ਹੈ; ਮਨੋਰਥ ਹੈ। ਇਸ ਪ੍ਰਕਾਰ ਦਾ ਜੀਵਨ ਸੁੰਦਰ ਹੈ, ਸਰਲ ਹੈ, ਸੌਖਾ ਹੈ, ਸਹਿਜ ਹੈ, ਇਸ ਲਈ ਆਨੰਦ-ਰੂਪ ਹੈ। ਸ਼ਿਵਮ ਇਸ ਜੀਵਨ ਦੀ ਮੁੱਢਲੀ ਸ਼ਰਤ ਹੈ। ਸ਼ਿਵਮ ਦਾ ਭਾਵ ਹੈ ਕਲਿਆਣ ਰੂਪ। ਜਿਹੜਾ ਜੀਵਨ ਭੈ, ਬੇ-ਵਸਾਹੀ, ਈਰਖਾ, ਘਿਰਣਾ, ਕ੍ਰੋਧ ਅਤੇ ਸੰਘਰਸ਼ (ਮੁਕਾਬਲੇ) ਕਰਪੂਰ ਹੈ। ਉਹ ਕਲਿਆਣ ਰੂਪ ਜਾਂ ਸੁਰੱਖਿਅਤ ਜੀਵਨ ਨਹੀਂ, ਉਹ ਸੱਤਿਅਮ ਨਹੀਂ। ਜੇ ਸੱਤਿਅਮ ਨਹੀਂ, ਉਹ ਸੁੰਦਰਮ ਨਹੀਂ। ਜੋ ਸੁੰਦਰਮ ਨਹੀਂ ਉਹ ਆਨੰਦਦਾਇਕ ਨਹੀਂ। ਇਸ ਲਈ ਜੀਵਨ ਪਹਿਲਾਂ ਸ਼ਿਵਮ ਦੀ ਪ੍ਰਾਪਤੀ ਕਰਦਾ ਹੈ। ਸੁਰੱਖਿਅਤ ਹੁੰਦਾ ਹੈ। ਜਿਸ ਜੀਵਨ ਨੂੰ ਜੀਵਨ ਦੇ ਨਿਰਬਾਹ ਲਈ ਅੰਨ-ਧਨ ਦੀ ਪ੍ਰਾਪਤੀ ਦਾ ਭਰੋਸਾ ਹੈ, ਜਿਸ ਜੀਵਨ ਨੂੰ ਆਪਣੇ ਵਿਚਲੇ ਰਜੋ (ਊਰਜਾ-ਸ਼ਕਤੀ) ਨੂੰ ਜੀਵਨ ਲਈ ਸੁਖ-ਸਾਧਨ ਉਪਜਾਉਣ ਦੀ ਕਾਰੇ ਲਾਉਣ ਦੇ ਭਰਪੂਰ ਅਵਸਰ ਪ੍ਰਾਪਤ ਹਨ ਅਤੇ ਜਿਸ ਜੀਵਨ ਨੂੰ ਦੂਜਿਆਂ ਦੀ ਖ਼ੁਸ਼ੀ ਦੇ ਰਾਹ ਦੀ ਰੁਕਾਵਟ ਬਣੇ ਬਿਨਾਂ ਆਪਣੀਆਂ ਖੁਸ਼ੀਆਂ ਵਿੱਚ ਵਾਧਾ ਕਰਨ ਦੀ ਖੁੱਲ੍ਹ ਹੈ, ਉਹ ਜੀਵਨ ਸ਼ਿਵਮ ਹੈ, ਸੁਰੱਖਿਅਤ ਹੈ। ਸੁਰੱਖਿਅਤ ਜੀਵਨ ਤੋਪਲੇ ਅਤੇ ਬੇ-ਵਸਾਹੀ ਵਿੱਚੋਂ ਨਿਕਲ ਕੇ ਭਰੋਸੇ ਵਿੱਚ ਪਰਵੇਸ਼ ਕਰ ਜਾਂਦਾ ਹੈ। ਇਸ ਨੂੰ ਮੈਂ ਸੱਤਿਅਮ ਵਿੱਚ ਪਰਵੇਸ਼ ਕਰਨਾ ਕਹਿੰਦਾ ਹਾਂ। ਕੋਈ ਜੀਵਨ ਜਿੰਨਾ ਵੱਧ ਸੁਰੱਖਿਅਤ ਹੈ ਓਨਾ ਹੀ ਵੱਧ ਸੱਤਿਅਮ ਹੈ। ਜੋ ਸੁਰੱਖਿਅਤ ਹੈ: ਜਿਸਨੂੰ ਕਿਸੇ ਕੋਲੋਂ ਕੋਈ ਖ਼ਤਰਾ ਨਹੀਂ। ਉਸਨੂੰ ਆਪਣੇ ਬਾਰੇ ਕੁਝ ਵੀ ਲੁਕਾ ਕੇ ਰੱਖਣ ਦੀ ਲੋੜ ਨਹੀਂ। ਸੁਰੱਖਿਅਤ ਜੀਵਨ ਸੱਤਿਅਮ ਦਾ ਜੀਵਨ ਹੈ। ਇਸੇ......।"
“ਸੁਮੀਤ, ਕੀ ਸੱਤਿਅਮ, ਜੀਵਨ ਦੀ ਅੰਤਲੀ ਪ੍ਰਾਪਤੀ ਜਾਂ ਮੰਜ਼ਲ ਨਹੀਂ ?"
"ਨਹੀਂ, ਪਿਤਾ ਜੀ, ਮੇਰੇ ਖ਼ਿਆਲ ਵਿੱਚ ਸੱਚ ਜੀਵਨ ਦੀ ਮੰਜ਼ਲ ਨਹੀਂ, ਮੈਂ ਆਨੰਦ ਨੂੰ ਜੀਵਨ ਦਾ ਮਨੋਰਥ ਮੰਨਦਾ ਹਾਂ। ਦੂਜੇ ਸ਼ਬਦਾਂ ਵਿੱਚ ਸੁੰਦਰਤਾ ਨੂੰ ਜੀਵਨ ਦਾ ਮਨੋਰਥ ਮੰਨਦਾ ਹਾਂ, ਕਿਉਂਕਿ ਮੇਰੇ ਲਈ ਸੁੰਦਰਤਾ ਅਤੇ ਆਨੰਦ ਇੱਕ-ਰੂਪ ਹਨ, ਹੁਣ ਤਕ ।"
"ਬੇਟਾ, ਹੁਣ ਤਕ ਸੱਚ ਨੂੰ ਸਰਵੋਤਮ ਦਰਜਾ ਪ੍ਰਾਪਤ ਰਿਹਾ ਹੈ।"
"ਠੀਕ ਹੈ। ਪਰ ਇਸ ਦੇ ਵਿਸ਼ੇਸ਼ ਕਾਰਨ ਹਨ। ਇਹ ਪੁਰਾਤਨ ਅਤੇ ਮੱਧਕਾਲੀਨ ਸੋਚ ਦੁਆਰਾ ਕੀਤਾ ਹੋਇਆ ਨਿਰਣਾ ਹੈ। ਹੁਣ ਤੱਕ ਮਨੁੱਖ ਦੀ ਸੋਚ ਸ਼ਕਤੀ ਦੀ ਅਧੀਨਗੀ ਕਰਦੀ ਆਈ ਹੈ, ਸਾਤਵਿਕਤਾ ਦੀ ਥਾਂ ਰਾਜਸਿਕਤਾ ਨੂੰ ਸ੍ਰੇਸ਼ਟ ਮੰਨਦੀ ਆਈ ਹੈ, ਸਤੋਗੁਣੀ ਬ੍ਰਹਮਾ ਨੂੰ ਅਖੌਤੀ ਰਾਸ਼ਟਰਪਤੀ ਬਣਾ ਕੇ ਰਜੋ ਗੁਣੀ ਵਿਸ਼ਨੂੰ ਰੂਪੀ ਪ੍ਰਧਾਨ ਮੰਤ੍ਰੀ ਨੂੰ ਸਾਰੀਆਂ ਸ਼ਕਤੀਆਂ ਸੌਂਪਦੀ ਆਈ ਹੈ। ਇਸੇ ਰਜੋਗੁਣੀ ਸਰਦਾਰੀ ਵਿੱਚੋਂ ਸੱਚ ਦੀ ਸ੍ਰੇਸ਼ਟਤਾ ਦਾ ਖ਼ਿਆਲ ਉਪਜਿਆ ਹੈ। ਇਹ ਇੱਕ ਵੱਖਰੀ ਵਿਚਾਰ ਹੈ। ਏਥੇ ਸਿਰਫ਼ ਏਨਾ ਕਹਿਣਾ ਕਾਫ਼ੀ ਹੈ ਕਿ ਮੇਰੇ ਲਈ 'ਸੁੰਦਰਮ' ਮਨੋਰਥ ਹੈ ਅਤੇ 'ਸੱਤਿਅਮ' ਸਾਧਨ ਹੈ। ਜਦੋਂ ਜੀਵਨ ਸੱਤਿਅਮ ਨੂੰ ਪ੍ਰਾਪਤ ਕਰ ਲੈਂਦਾ ਹੈ, ਉਦੋਂ ਉਹ ਸੁੰਦਰਮ ਲਈ ਤਾਂਘਣਾ ਆਰੰਭ ਕਰ ਦਿੰਦਾ ਹੈ। 'ਸੁੰਦਰਮ' ਜੀਵਨ ਦੀ ਅਪਹੁੰਚ ਮੰਜ਼ਲ ਹੈ ਅਤੇ ਕਲਾ ਇਸ ਮੰਜ਼ਲ ਵੱਲ ਨੂੰ ਜਾਣ ਵਾਲਾ ਅਮੁੱਕ ਰਸਤਾ