

"ਤੁਸੀਂ ਮੈਨੂੰ ਏਥੇ ਹੀ ਉਡੀਕਣਾ।"
"ਬੇਟਾ, ਕਾਰ ਤੂੰ ਲੈ ਜਾ ਰਹੀ ਹੈਂ। ਸਾਨੂੰ ਉਡੀਕਣਾ ਹੀ ਪਵੇਗਾ। ਉਂਜ ਅੱਜ ਅਸੀਂ ਰਾਤ ਦੀ ਰੋਟੀ ਖਾ ਕੇ ਹੀ ਜਾਵਾਂਗੇ।'
ਸੁਮੀਤ ਦੇ ਮਾਤਾ ਜੀ ਆਪਣੇ ਮਿਥੇ ਕੰਮ ਲਈ ਘਰੋਂ ਜਾਣ ਲਈ ਤਿਆਰ ਬੈਠੇ ਸਨ। ਅਸੀਂ ਠੀਕ ਸਮੇਂ ਸਿਰ ਉਨ੍ਹਾਂ ਕੋਲ ਪੁੱਜ ਗਏ ਸਾਂ। ਹੁਣ ਉਨ੍ਹਾਂ ਨੇ ਬੱਸ ਦੁਆਰਾ ਧਾਰੀਵਾਲ ਤੱਕ ਜਾਣ ਦਾ ਪ੍ਰੋਗਰਾਮ ਬਦਲ ਕੇ ਕਾਰ ਵਿੱਚ ਲਿਫਟ ਲੈਣੀ ਪਰਵਾਨ ਕਰ ਲਈ। ਉਨ੍ਹਾਂ ਨੂੰ ਉਨ੍ਹਾਂ ਦੀ ਇੱਕ ਮਹੌਲੀ ਦੇ ਲੜਕੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਹਿੱਸਾ ਲੈਣ ਲਈ ਛੱਡ ਕੇ ਅਸੀਂ ਵਾਪਸ ਸੁਮੀਤ ਦੇ ਘਰ ਆ ਗਏ। ਬਿਰਛਾਂ ਨਾਲ ਘਿਰੇ ਉਸੇ ਤਾਲਾਬ ਕੱਢੇ ਬੈਠ ਕੇ ਮੈਂ ਤੇਰਾ ਪੱਤ੍ਰ ਉਸ ਨੂੰ ਦੇ ਦਿੱਤਾ। ਉਸ ਨੇ ਪੜ੍ਹਿਆ ਅਤੇ ਤੇਰਾ ਭੇਜਿਆ ਹੋਇਆ ਚਿੱਟਾ ਧਾਗਾ ਸੱਜੇ ਹੱਥ ਵਿੱਚ ਫੜ ਕੇ ਉਸ ਵੱਲ ਵੇਖਣ ਲੱਗ ਪਿਆ। ਦੋ ਤਿੰਨ ਮਿੰਟ ਉਸ ਧਾਗੇ ਵੱਲ ਵੇਖਦੇ ਰਹਿਣ ਪਿੱਛੋਂ ਉਸ ਦੇ ਮਨ ਵਿੱਚ ਭਾਵਾਂ ਦਾ ਜਿਵੇਂ ਹੜ੍ਹ ਆ ਗਿਆ। ਉਸ ਨੇ ਧਾਗੇ ਨੂੰ ਆਪਣੀ ਮੁੱਠੀ ਵਿੱਚ ਘੁੱਟ ਲਿਆ। ਆਪਣੇ ਬੁੱਲ੍ਹਾਂ ਨੂੰ ਇਉਂ ਘੁੱਟ ਕੇ ਆਪੋ ਵਿੱਚ ਜੋੜ ਲਿਆ ਜਿਵੇਂ ਅੰਦਰ ਉੱਠ ਰਹੇ ਕਿਸੇ ਉਬਾਲ ਨੂੰ ਬਾਹਰ ਆਉਣੋਂ ਰੋਕ ਰਿਹਾ ਹੋਵੇ। ਬੁੱਲ੍ਹ ਤਾਂ ਉਸ ਦਾ ਸਾਥ ਦੇਣ ਵਿੱਚ ਸਫਲ ਰਹੇ। ਪਰ ਅੱਖਾਂ ਵਿੱਚ ਏਨੀ ਸਮਰਥਾ ਨਹੀਂ ਸੀ। ਸੁਮੀਰ ਦੇ ਹੰਝੂ ਅੱਖਾਂ ਦੇ ਬੰਦ ਬੂਹਿਆਂ ਵਿੱਚੋਂ ਝਾਤੀਆਂ ਮਾਰਨ ਲੱਗ ਪਏ। ਮੇਰਾ ਸੱਜਾ ਹੱਥ ਉਸ ਦੇ ਮੋਢੇ ਉੱਤੇ ਰੱਖਿਆ ਜਾਣ ਦੀ ਦੇਰ ਸੀ ਕਿ ਸੂਖ਼ਮ, ਸਾਤਵਿਕ ਵਿਚਾਰ-ਭੰਡਾਰ, ਝੁਕਦਾ ਝੁਕਦਾ ਮੇਰੇ ਖੱਬੇ ਮੋਢੇ ਉੱਤੇ ਆ ਟਿਕਿਆ। ਸੀਤਲ, ਸ਼ਾਂਤ ਮਸਤਕ ਹੇਠਲੇ ਦੇ ਝਰੋਖਿਆਂ ਵਿੱਚ ਡੁਲ੍ਹਦੇ ਨਿੱਘੇ ਪਾਣੀ ਨਾਲ ਮੇਰੀ ਕਮੀਜ਼ ਦਾ ਮੋਢਾ ਭਿੱਜ ਗਿਆ। ਹੌਲੀ ਹੌਲੀ ਉਹ ਸ਼ਾਂਤ ਹੋ ਗਿਆ। ਮੈਂ ਪੁੱਛਿਆ, "ਇਸ ਦਾ ਕਾਰਨ ?"
ਇੱਕ ਹਉਕਾ ਭਰ ਕੇ ਉਸ ਆਖਿਆ, "ਤੇਰਾਂ, ਚੌਦਾਂ ਸਾਲ ਪਿੱਛੇ ਚਲਾ ਗਿਆ ਸੀ।" ਹੁਣ ਉਹ ਸੰਭਲ ਗਿਆ ਲੱਗਦਾ ਸੀ। ਮੈਂ ਕਿਹਾ, "ਜੇ ਠੀਕ ਸਮਝੋ ਤਾਂ ਮੈਨੂੰ ਵੀ ਓਥੇ ਲੈ चले।"
"ਆਓ ਚੱਲੀਏ। ਬਟਾਲੇ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਸਾਡਾ ਨਿੱਕਾ ਜਿਹਾ ਪਰਿਵਾਰ ਵੱਸਦਾ ਸੀ; ਮੇਰੇ ਮਾਤਾ-ਪਿਤਾ, ਪੰਦਰਾਂ ਸੋਲਾਂ ਸਾਲ ਦੀ ਇੱਕ ਭੈਣ ਅਤੇ ਬਾਰਾਂ, ਤੇਰਾਂ ਸਾਲਾ ਦਾ ਮੈਂ। ਮੇਰੀ ਭੈਣ, ਪ੍ਰੀਤੀ, ਦਸਵੀਂ ਵਿੱਚ ਪੜ੍ਹਦੀ ਸੀ ਅਤੇ ਮੈਂ ਸਤਵੀਂ ਵਿੱਚ। ਮੇਰੇ ਪਿਤਾ ਜੀ ਜਿਨੇ ਗਰੀਬ ਸਨ ਓਨੇ ਹੀ ਮਿਹਨਤੀ ਅਤੇ ਈਮਾਨਦਾਰ ਸਨ। ਇਸ ਸੱਚ ਦੀ ਪਛਾਣ ਮੈਨੂੰ ਉਨ੍ਹਾਂ ਦੇ ਜੀਉਂਦੇ ਜੀ ਹੀ ਹੋ ਗਈ ਸੀ। ਉਨ੍ਹਾਂ ਨੇ ਪਿੱਠ ਉਤੇ ਚੁੱਕ ਕੇ ਕੱਪੜੇ ਦੀ ਫੇਰੀ ਲਾਉਣੀ ਸ਼ੁਰੂ ਕੀਤੀ ਸੀ। ਆਰੰਭ ਵਿੱਚ ਮੇਰੇ ਮਾਤਾ ਜੀ ਵੀ ਸਿਰ ਉੱਤੇ ਗੱਠੜੀ ਚੁੱਕੀ ਉਨ੍ਹਾਂ ਦੇ ਪਿੱਛੇ ਪਿੱਛੇ ਤੁਰ ਕੇ ਬਟਾਲੇ ਦੀਆਂ ਗਲੀਆਂ ਵਿੱਚ ਕੱਪੜਾ ਵੇਚਦੇ ਹੁੰਦੇ ਸਨ। ਜਦੋਂ ਮੇਰੀ ਭੈਣ ਇਸ ਸੰਸਾਰ ਵਿੱਚ ਆਉਣ ਵਾਲੀ ਸੀ, ਉਦ ਮੇਰੇ ਪਿਤਾ ਜੀ ਨੇ ਇੱਕ ਸਾਈਕਲ ਖਰੀਦ ਲਿਆ ਅਤੇ ਉਸ ਸਾਈਕਲ ਨੇ ਮੇਰੇ ਮਾਤਾ ਜੀ ਦੀ ਖੇਚਲ ਘਟਾ ਦਿੱਤੀ। ਮੇਰੇ ਪਿਤਾ ਜੀ ਇਹ ਕਹਿੰਦੇ ਹੁੰਦੇ ਸਨ ਕਿ ਕੋਈ ਕਰਮਾਂ ਵਾਲਾ ਜੀਅ ਆ ਰਿਹਾ ਹੈ ਜਿਸ ਕਰਕੇ ਮੇਰਾ ਹੱਥ ਸੌਖਾ ਹੋ ਗਿਆ ਹੈ। ਮੇਰੀ ਭੈਣ ਕਰਮਾਂ ਵਾਲੀ ਸੀ। ਉਸ ਦਾ ਨਾਂ ਗੁਰਪ੍ਰੀਤ ਸੀ; ਪਰ ਪਿਤਾ ਜੀ ਉਸ ਨੂੰ ਕਰਮੇ ਕਹਿ ਕੇ ਬਹੁਤ ਖ਼ੁਸ਼ ਹੁੰਦੇ ਸਨ। ਮਾਤਾ ਜੀ ਨੂੰ ਇਹ ਨਾਂ ਚੰਗਾ ਨਹੀਂ ਸੀ ਲੱਗਦਾ। ਉਹ ਉਸਨੂੰ ਪ੍ਰੀਤ ਹੀ ਪੁਕਾਰਦੇ ਸਨ। "ਮੇਰੇ ਪਿਤਾ ਜੀ ਦਾ ਕਾਰੋਬਾਰ ਬਟਾਲੇ ਤੋਂ ਬਾਹਰ ਦੂਰ-ਦੁਰਾਡੇ ਪਿੰਡਾਂ ਤਕ ਫੈਲਦਾ