

ਵਿਖਾਵਾਂ।"
ਅਸੀਂ ਉੱਠ ਕੇ ਇੱਕ ਵੱਡੇ ਸਾਰੇ ਕਮਰੇ ਵੱਲ ਚੱਲ ਪਏ। ਅੰਦਰ ਜਾਣ ਤੋਂ ਪਹਿਲਾਂ ਉਸ ਨੇ ਮੈਨੂੰ ਇੱਕ ਗਾਊਨ ਅਤੇ ਇੱਕ ਜੜ ਓਵਰ ਸੂਜ ਪਹਿਨਣ ਨੂੰ ਦਿੱਤੇ। ਇਵੇਂ ਹੀ ਆਪ ਵੀ ਗਾਉਨ ਅਤੇ ਓਵਰ ਸੂਜ ਪਹਿਨ ਲਏ। ਦੋ ਜਾਲੀਦਾਰ ਦਰਵਾਜ਼ਿਆਂ ਵਿੱਚ ਲੰਘ ਕੇ ਅਸੀਂ ਤੀਜੇ ਬੰਦ ਦਰਵਾਜ਼ੇ ਤੱਕ ਪੁੱਜੇ। ਇਸ ਦਰਵਾਜ਼ੇ ਸਾਹਮਣੇ ਵਿਛੇ ਹੋਏ ਫੁੱਟ-ਮੈਟ ਨਾਲ ਸਾਡੇ ਪੈਰ ਜੁੜਦੇ ਮਹਿਸੂਸ ਹੋਏ। ਕਾਰਨ ਪੁੱਛਣ ਉੱਤੇ ਸੁਮੀਤ ਨੇ ਦੱਸਿਆ ਕਿ ਇਹ ਚਿਪਕਵਾਂ ਜਿਹਾ ਕੁਝ ਹੈ, ਜਿਹੜਾ ਸਾਡੀਆਂ ਜੁੱਤੀਆਂ ਦੇ ਤਲਿਆਂ ਨਾਲ ਲੱਗੇ ਘੱਟੇ ਨੂੰ ਆਪਣੇ ਨਾਲ ਚਮੇੜ ਲੈਂਦਾ ਹੈ ਅਤੇ ਘੱਟਾ ਮਿੱਟੀ ਅੰਦਰ ਨਹੀਂ ਜਾਂਦਾ। ਅੰਦਰ ਜਾ ਕੇ ਮੈਂ ਵੇਖਿਆ ਇਹ ਇੱਕ ਆਪ੍ਰੇਸ਼ਨ ਥੀਏਟਰ ਸੀ। ਇਸ ਥੀਏਟਰ ਪਿੱਛੇ ਇੱਕ ਲੰਮਾ ਚੌੜਾ ਇਤਿਹਾਸ ਫੈਲਿਆ ਹੋਇਆ ਹੈ, ਸੁਨੇਹਾ। ਸੁਮੀਤ ਨੇ ਮੈਨੂੰ ਸਾਰਾ ਸੁਣਾਇਆ ਹੈ। ਹੋਲੀ ਹੋਲੀ ਪੱਤਰਾਂ ਰਾਹੀਂ ਤੈਨੂੰ ਦੱਸਾਂਗੀ।
ਥੀਏਟਰ ਵਿੱਚ ਇੱਕ ਤਸਵੀਰ ਪਈ ਸੀ, ਜਿਸ ਦੇ ਹੇਠਲੇ ਕੋਨੇ ਵਿੱਚ ਲਿਖਿਆ ਸੀ 'ਸੁਮੀਤ'। ਮੇਰੇ ਪੁੱਛਣ ਤੋਂ ਪਹਿਲਾਂ ਹੀ ਸੁਮੀਤ ਨੇ ਦੱਸਿਆ, "ਇਹ ਮੇਰੇ ਪਿਤਾ ਜੀ ਦੀ ਤਸਵੀਰ ਹੈ। ਉਨ੍ਹਾਂ ਦਾ ਨਾਂ ਸੁਮੀਤ ਸੀ। ਉਹ ਡਾਕਟਰ ਸਨ। ਮੇਰੀ ਸੋਤਸ਼ੀ ਮਾਂ ਨੂੰ ਮੇਰੇ ਨਾਂ ਦਾ ਪਤਾ ਨਹੀਂ ਸੀ, ਇਸ ਲਈ ਉਨ੍ਹਾਂ ਨੇ, ਮੇਰੇ ਦੂਜੇ ਜਨਮ ਉੱਤੇ, ਮੇਰਾ ਨਾਂ ਸੁਮੀਤ ਰੱਖ ਦਿੱਤਾ। ਉਨ੍ਹਾਂ ਦੀ ਰੀਝ ਹੈ ਕਿ ਮੈਂ ਆਪਣੇ ਪਿਤਾ ਵਰਗਾ ਹੋਵਾਂ, ਡਾਕਟਰ ਦੇ ਤੌਰ 'ਤੇ ਨਹੀਂ, ਮਨੁੱਖ ਦੇ ਤੌਰ 'ਤੇ, ਪਤਾ ਨਹੀਂ ਉਨ੍ਹਾਂ ਦੀ ਰੀਝ ਪੂਰੀ ਹੋਵੇਗੀ ਕਿ ਨਹੀਂ।"
ਗੱਲਾਂ ਗੱਲਾਂ ਵਿੱਚ ਬਾਕੀ ਦਾ ਦਿਨ ਬੀਤ ਗਿਆ। ਅਸੀਂ ਫੇਰ ਧਾਰੀਵਾਲ ਗਏ ਅਤੇ ਸੁਮੀਤ ਦੇ ਮਾਤਾ ਜੀ ਨੂੰ ਨਾਲ ਲੈ ਕੇ ਵਾਪਸ ਆ ਗਏ। ਉਨ੍ਹਾਂ ਦੋਹਾਂ ਨੂੰ ਉਨ੍ਹਾਂ ਦੇ ਘਰ ਛੱਡ ਕੇ ਮੈਂ ਝੋਰੀ ਆ ਗਈ। ਬੀ ਜੀ ਤੋਂ ਸਿਵਾ ਹੋਰ ਕਿਸੇ ਨੂੰ ਵੀ ਮੇਰੀ ਗ਼ੈਰ-ਹਾਜ਼ਰੀ ਦੀ ਚਿੰਤਾ ਨਹੀਂ ਸੀ। ਬੀ ਜੀ ਕੁਝ ਚਿੰਤਾਤੁਰ ਅਤੇ ਕੁਝ ਨਾਰਾਜ਼ ਲੱਗ ਰਹੇ ਸਨ। ਰਾਤ ਦੇ ਦਸ ਵਜੇ ਅਸੀਂ ਪਿੰਡ ਗੁਰਦਾਸਪੁਰ ਵੱਲ ਤੁਰੇ। ਰਾਹ ਵਿੱਚ ਪਾਪਾ ਅਤੇ ਪਿਤਾ ਜੀ ਨੇ ਮੈਥੋਂ ਕਲਾ ਸਬੰਧੀ ਕੁਝ ਹੋਰ ਗੱਲਾਂ ਪੁੱਛਣੀਆ ਚਾਹੀਆਂ। ਉਨ੍ਹਾਂ ਦੀ ਦਿਲਚਸਪੀ ਮੈਨੂੰ ਚੰਗੀ ਲੱਗ ਰਹੀ ਸੀ: ਪਰ ਸੁਮੀਤ ਬਾਰੇ ਨਵੇਂ ਪ੍ਰਸ਼ਨ ਉੱਠ ਖਲੋਤੇ ਸਨ। ਉਨ੍ਹਾਂ ਬਾਰੇ ਸੋਚਦੀ ਹੋਈ ਮੈਂ ਕਲਾ ਬਾਰੇ ਕੁਝ ਹੋਰ ਕਹਿਣ ਦੇ ਯੋਗ ਨਹੀਂ ਸਾਂ। ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਸੁਮੀਤ ਦੀ ਹਾਜ਼ਰੀ ਵਿੱਚ ਮੇਰੇ ਲਈ ਇਹੋ ਜਿਹੇ ਵਿਸ਼ਿਆਂ ਸੰਬੰਧੀ ਕੁਝ ਕਹਿਣਾ ਜ਼ਰਾ ਸੌਖਾ ਹੋ ਜਾਂਦਾ ਹੈ । ਕੀ ਤੂੰ ਦੱਸ ਸਕਦੀ ਹੈਂ, ਕਿਉਂ?
ਤੇਰੀ ਪੁਸ਼ਪੇਂਦ੍ਰ।
ਨੋਟ : ਸੋਹਜ-ਸੁਆਦ ਉੱਤੇ ਤੇਰੀ ਪਾਪਾ ਨਾਲ ਹੋਈ ਗੱਲਬਾਤ ਮੈਨੂੰ ਪੁੱਜ ਗਈ ਹੈ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਸੁਮੀਤ ਦੇ ਮਾਤਾ ਜੀ ਨਾਲ ਇਸ ਵਿਸ਼ੇ ਉੱਤੇ ਭਰੋਸੇ ਨਾਲ ਗੱਲ ਕਰ ਸਕਾਂਗੀ। ਪਲੇਟੋ ਸੰਬੰਧੀ ਜੋ ਵਾਰਤਾਲਾਪ ਹੋਈ ਹੈ ਉਸ ਤੋਂ ਇਉਂ ਜਾਪਿਆ ਹੈ। ਕਿ ਪਲੇਟ ਤੋਂ ਪਹਿਲਾਂ ਹੋਏ ਦਾਰਸ਼ਨਿਕਾਂ ਬਾਰੇ ਜਾਣਿਆ ਜਾਣਾ ਲਾਭਦਾਇਕ ਹੈ। ਇਹ ਲੰਮਾ ਕੰਮ ਹੈ। ਇਸ ਦੀ ਮੰਗ ਕਰਦਿਆਂ ਬਿਜਕ ਆਉਂਦੀ ਹੈ।
ਪੁਸ਼ਪੇਂਦ੍ਰ।