

9
ਈਸਟ ਹੈਮ
18.9.95.
ਪੁਸ਼ਪੇਂਦ੍ਰ,
ਤੂੰ ਆਪਣਾ ਪੱੜ ਇੱਕ 'ਕਿਉਂ' ਨਾਲ ਸਮਾਪਤ ਕੀਤਾ ਹੈ। ਮੇਰੇ ਅਨੁਭਵ ਵਿੱਚ ਇਸ ਕਿਉਂ ਦਾ ਉੱਤਰ ਮੌਜੂਦ ਹੈ। ਜਦੋਂ ਵੀ ਮੈਂ ਪਾਪਾ ਅਤੇ ਉਨ੍ਹਾਂ ਦੇ ਮਿੱਤ੍ਰਾਂ ਦੀ ਸੰਗਤ-ਸੁਹਬਤ ਵਿੱਚ ਬੈਠੀ ਹੁੰਦੀ ਹਾਂ, ਕਈ ਅਜੇਹੇ ਨੁਕਤ ਸੁੱਝ ਪੈਂਦੇ ਹਨ ਜਿਨ੍ਹਾਂ ਦਾ ਚਿੱਤ ਚੇਤਾ ਵੀ ਮੇਰੇ ਚੇਤਨ ਮਨ ਨੂੰ ਕਦੇ ਨਹੀਂ ਹੁੰਦਾ। ਹੋ ਸਕਦਾ ਹੈ ਇਸੇ ਨੂੰ ਸੁਹਬਤ ਦਾ ਅਸਰ ਆਖਿਆ ਗਿਆ ਹੋਵੇ। ਹਰ ਮਾਹੌਲ ਦਾ ਆਪਣਾ ਪ੍ਰਭਾਵ ਹੈ। ਇਹ ਵੀ ਠੀਕ ਹੈ ਕਿ ਕੋਈ ਮਾਹੌਲ ਕਿਸੇ ਅਣਹੋਂਦ ਵਿੱਚੋਂ ਕਿਸੇ ਹੋਂਦ ਨੂੰ ਜਨਮ ਨਹੀਂ ਦੇ ਸਕਦਾ। ਬਾਹਰਲੇ ਪ੍ਰਭਾਵ ਨੇ ਸਾਡੇ ਮਨ ਵਿੱਚ ਜਿਸ ਵਿਚਾਰ ਨੂੰ ਉਭਾਰਿਆ ਹੁੰਦਾ ਹੈ, ਉਸ ਦੀ ਹੋਂਦ ਪਹਿਲਾਂ ਹੀ ਸਾਡੇ ਅਚੇਤ ਵਿੱਚ ਮੌਜੂਦ ਹੁੰਦੀ ਹੈ। ਬਾਹਰਲੇ ਪ੍ਰਭਾਵ ਯੋਗ ਵਾਤਾਵਰਣ ਉਸਾਰ ਕੇ ਉਸ ਹੋਂਦ ਨੂੰ ਪਰਗਟ ਹੋਣ ਦੇ ਮੌਕੇ ਪੈਦਾ ਕਰ ਦਿੰਦੇ ਹਨ। ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦੀ।
ਮੇਰੇ ਪੱਤ੍ਰ ਤੋਂ ਤੈਨੂੰ ਇੱਕ ਹੋਰ ਅਨੋਖਾ ਅਨੁਭਵ ਹੋਵੇਗਾ। ਜਿਸ ਮਿਲਨੀ ਦੀ ਵਾਰਤਾ ਇਸ ਪੱਤ੍ਰ ਵਿੱਚ ਦਰਜ ਹੈ, ਉਸ ਮਿਲਨੀ ਵਿੱਚ ਅਸਾਂ ਪਾਪਾ ਨੂੰ ਇਹ ਕਹਿਣਾ ਸੀ ਕਿ ਫਿਲਾਸਫੀ ਦੇ ਇਤਿਹਾਸ ਨੂੰ ਇੱਕ ਸਿਰੇ ਤੋਂ ਲੈ ਕੇ ਲੜੀਵਾਰ ਵਾਚਿਆ ਜਾਣਾ ਚਾਹੀਦਾ ਹੈ। ਠੀਕ ਇਹੋ ਵਿਚਾਰ ਮੇਰੇ ਮਨ ਵਿੱਚ ਵੀ ਉੱਠੇ ਹਨ ਅਤੇ ਤੇ ਆਪਣਾ ਥੀਸਸ ਛੱਡ ਕੇ ਕਲਾ ਦੇ ਵਿਕਾਸ ਦੀ ਗੱਲ ਸੋਚਣ ਲੱਗ ਪਈ ਹੈ। ਪਿਛਲੀ ਮਿਲਣੀ ਵਿੱਚ ਹੋਈਆਂ ਗੱਲਾਂ ਨੂੰ ਜਦੋਂ ਮੈਂ ਲਿਖ ਕੇ ਮੁੜ ਪੜਿਆ ਤਾਂ ਮੈਨੂੰ ਲੱਗਾ ਕਿ ਇਹ ਵਾਰਤਾਲਾਪ ਆਧੁਨਿਕ ਯੁਗ ਵਿੱਚ ਦਰਸ਼ਨ ਦੇ ਮਹੱਤਵ ਨੂੰ ਪਰਗਟ ਕਰਦੀ ਹੈ। ਤੂੰ ਪੜ੍ਹ ਕੇ ਆਪਣਾ ਨਿਰਣਾ ਲਿਖੀ। ਸੁਮੀਤ ਦੀ ਕਹਾਣੀ ਨੇ ਮੈਨੂੰ ਉਦਾਸ ਕੀਤਾ ਹੈ। ਇਸ ਪਰਛਾਵੇਂ ਪਿੱਛੇ ਅਜੇ ਹੋਰ ਕਈ ਉਦਾਸੀਆਂ ਲੁਕੀਆਂ ਹੋਈਆਂ ਲੱਗਦੀਆਂ ਹਨ। ਸੁਹਿੰਦਰ ਬੀਰ ਦੇ ਇੱਕ ਗੀਤ ਦੀ ਸਤਰ 'ਪਿੱਪਲਾਂ ਦੇ ਰੁੱਖਾਂ ਹੇਠ ਉੱਗੀਆਂ ਉਦਾਸੀਆਂ' ਪੰਜਾਬ ਦੇ ਲੋਕਾਂ ਨੂੰ ਉਦਾਸੀਆਂ ਦੇ ਪਰਛਾਵੇਂ ਵਿੱਚ ਬੈਠਣ ਲਈ ਤਿਆਰ ਕਰ ਰਹੀ ਜਾਪਦੀ ਹੈ। ਸਫੇਦ ਰੰਗ ਲਈ ਮੇਰਾ ਮੋਹ ਏਨੀ ਵੱਡੀ ਉਦਾਸੀ ਦਾ ਕਾਰਨ ਬਣ ਜਾਵੇਗਾ, ਇਹ ਮੈਨੂੰ ਪਤਾ ਨਹੀਂ ਸੀ। ਉਸ ਮਿਲਨੀ ਦਾ ਹਾਲ ਇਸ ਪ੍ਰਕਾਰ ਹੈ :
ਏਥੋਂ ਦੇ ਵਸਨੀਕਾਂ ਅਨੁਸਾਰ ਕੱਲ੍ਹ 17.9.95 ਵਾਲਾ ਐਤਵਾਰ ਨਾ ਸੁਹਣਾ ਸੀ ਨਾ ਸੁਖਾਲਾ। ਲਗਪਗ ਸਾਰਾ ਦਿਨ ਮੀਂਹ ਪੈਂਦਾ ਰਿਹਾ ਸੀ। ਲੋਕ ਆਪੋ-ਆਪਣੇ ਘਰੀਂ ਬੈਠੇ ਰਹੇ, ਸਮੁੰਦਰ ਕੰਢੇ ਬਣੀਆਂ ਰਮਣੀਕ ਥਾਵਾਂ ਤਾਂ ਤਾਂ ਕਰਦੀਆਂ ਰਹੀਆਂ, ਪਾਰਕਾਂ, ਉਜਾੜਾਂ ਦਾ ਭੁਲੇਖਾ ਪਾਉਂਦੀਆਂ ਰਹੀਆਂ, ਅਤੇ ਸ਼ਰਾਬ-ਖ਼ਾਨਿਆਂ ਦੀ ਰੌਣਕ ਵੀ ਅੱਧੀ ਹੋਈ ਰਹੀ। ਮੀਹ