

ਇਹ ਪ੍ਰਸ਼ਨ ਉੱਠਦੇ ਨਹੀਂ ਸਨ। ਉੱਠਦੇ ਸਨ, ਪਰ ਉਸ ਸਮੇਂ ਧਰਮ ਕੋਲ ਇਨ੍ਹਾਂ ਪ੍ਰਸ਼ਨਾਂ ਦੇ ਘੜੇ ਘੜਾਏ ਸਿੱਕੇਬੰਦ ਅਤੇ ਨਿਸਚੇਵਾਚਕ ਉੱਤਰ ਸਨ। ਇਹ ਉੱਤਰ ਜਿਸ ਸੱਤਾ ਅਤੇ ਅਧਿਕਾਰ ਦੀ ਉੱਚੀ ਅਟਾਰੀ ਉੱਤੇ ਬੈਠ ਕੇ ਦਿੱਤੇ ਜਾਂਦੇ ਸਨ, ਉਸ ਤੱਕ ਕਿਸੇ ਸ਼ੱਕ ਜਾਂ ਉਜਰ- ਇਤਰਾਜ਼ ਦੀ ਪਹੁੰਚ ਨਹੀਂ ਸੀ ਹੁੰਦੀ। ਵਿਗਿਆਨ ਨੇ ਵੱਡਾ ਮੁੱਲ ਤਾਰ ਕੇ ਧਰਮ ਕੋਲੋਂ (ਵਿਸ਼ੇਸ਼ ਕਰਕੇ ਯਹੂਦੀ ਧਰਮਾਂ ਕੋਲੋਂ) ਇਹ ਅਧਿਕਾਰ ਖਰੀਦ ਜਾਂ ਖੋਹ ਲਿਆ ਹੈ। 'ਖੋਹ ਲਿਆ ਹੈ' ਇਸ ਕਰਕੇ ਕਹਿ ਰਹੀ ਹਾਂ ਕਿ ਧਰਮ ਆਪਣਾ ਇਹ ਅਧਿਕਾਰ ਕਿਸੇ ਮੁੱਲੇ ਵੇਚਣਾ ਨਹੀਂ ਸੀ ਚਾਹੁੰਦਾ; ਮੁੱਲ ਤਾਰਿਆ ਜਾਣ ਉੱਤੇ ਵੀ ਅਧਿਕਾਰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਸੀ। ਹੁਣ ਹਾਲਤ ਇਹ ਹੈ ਕਿ ਧਰਮ ਦੇ ਦਿੱਤੇ ਜੁਆਬਾਂ ਉੱਤੇ ਆਧੁਨਿਕ ਸੂਝਵਾਨ ਮਨੁੱਖ ਨੂੰ ਇਤਬਾਰ ਨਹੀਂ ਅਤੇ ਸਾਇੰਸ ਕੋਲ ਸਾਰੇ ਸੂਖ਼ਮ ਪ੍ਰਸ਼ਨਾਂ ਦੇ ਉੱਤਰ ਹੈਨ ਨਹੀਂ। ਸਾਇੰਸ ਇਹ ਤਾਂ ਦੱਸ ਸਕਦੀ ਹੈ ਕਿ ਧਰਤੀ ਉਤਲਾ ਜੀਵਨ ਤੱਤਾਂ ਦੇ ਆਪਸੀ ਜੋੜ-ਤੋੜ ਦਾ ਨਤੀਜਾ ਹੈ, ਪਰ ਇਹ ਦੱਸਣਾ ਸਾਇੰਸ ਦਾ ਕੰਮ ਨਹੀਂ ਕਿ ਜੀਵਨ ਕਿਸੇ ਮਨੋਰਥ ਕਾਰਨ ਉਪਜਿਆ ਅਤੇ ਵਿਕਸਿਆ ਹੈ ਜਾਂ ਐਵੇਂ ਮਨੋਰਥਹੀਣ ਕਿਰਿਆ ਹੈ। ਜੇ ਤੱਤਾਂ ਨੂੰ ਕਿਸੇ ਮਨੋਰਥ ਦੀ ਸੋਝੀ ਨਹੀਂ ਤਾਂ ਕੀ ਮਨੁੱਖ ਨੂੰ ਵੀ ਮਨੋਰਥ ਬਾਰੇ ਸੋਚਣ ਦੀ ਇਸ ਕਰਕੇ ਮਨਾਰੀ ਹੋਣੀ ਚਾਹੀਦੀ ਹੋ ਕਿ ਉਹ ਤੱਤਾਂ ਤੋਂ ਬਣਿਆ ਹੈ ? ਕਿਸੇ ਪ੍ਰਯੋਗਸ਼ਾਲਾ ਵਿੱਚ ਇਸ ਪ੍ਰਸ਼ਨ ਦਾ ਉੱਤਰ ਨਹੀਂ ਘੜਿਆ ਜਾ ਸਕਦਾ ਕਿ ਮਨੁੱਖ ਲਈ ਜੀਵਨ ਨੂੰ ਮਨੋਰਥਹੀਣ ਮੰਨ ਕੇ ਜੀਣਾ ਸੁਖਦਾਇਕ ਹੈ ਜਾਂ ਮਨੋਰਥਪੂਰਨ ਮੰਨ ਕੇ ਜੀਣ ਵਿੱਚ ਕਲਿਆਣ ਹੈ ਏਹੋ ਜਹੇ ਅਨੇਕਾਂ ਅਣ-ਜੁਆਏ ਪ੍ਰਸ਼ਨਾਂ ਸਾਹਮਣੇ ਖਲੋਤਾ ਮਨੁੱਖੀ ਮਨ ਜੇ ਪ੍ਰਸ਼ਨਾਂ ਵੱਲੋਂ ਮੂੰਹ ਮੋੜੇ ਤਾਂ ਆਪਣੇ ਵਿਚਲੀ ਬੌਧਿਕਤਾ ਦਾ ਨਿਰਾਦਰ ਕਰ ਕੇ ਆਪਣੇ ਵਿਚਲੀ ਪਾਸ਼ਵਿਕਤਾ ਨੂੰ ਸ੍ਰੇਸ਼ਟ ਮੰਨ ਰਿਹਾ ਹੋਵੇਗਾ। ਜੋ ਇਨ੍ਹਾਂ ਦੀ ਹੋਂਦ ਤੋਂ ਇਨਕਾਰੀ ਹੋਵੇ ਤਾਂ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੋਵੇਗਾ। ਹਜ਼ਾਰਾਂ ਸਾਲਾਂ ਤੋਂ ਪੁੱਛੇ ਜਾ ਰਹੇ ਪ੍ਰਸ਼ਨ ਅੱਜ ਅਣਹੋਏ ਨਹੀਂ ਹੋ ਸਕਦੇ। ਉੱਤਰਾਂ ਦੇ ਦੋ ਹੀ ਵਸੀਲੇ ਹਨ ਸਾਇੰਸ ਅਤੇ ਧਰਮ। ਸਾਇੰਸ ਦਾ ਇਹ ਖੇਡ ਨਹੀਂ ਅਤੇ ਘੜੇ ਘੜਾਏ ਸਿੱਕੇਬੰਦ ਧਾਰਮਕ ਉੱਤਰ ਮਨੁੱਖ ਦੇ ਵਿਕਸਦੇ ਮਨ ਦੇ ਮੇਚ ਨਹੀਂ। ਹੁਣ ਇੱਕੋ ਰਾਹ ਬਾਕੀ ਰਹਿ ਗਿਆ ਹੈ; ਉਹ ਹੈ—ਇਨ੍ਹਾਂ ਪ੍ਰਸ਼ਨਾਂ ਨੂੰ ਸਾਹਮਣੇ ਰੱਖ ਕੇ ਇਨ੍ਹਾਂ ਦੇ ਉੱਤਰਾਂ ਦੀ ਖੋਜ ਕਰਦੇ ਰਹਿਣਾ: ਕਿਸੇ ਉੱਤਰ ਨੂੰ ਆਖ਼ਰੀ ਉੱਤਰ ਜਾ ਪਰਮ ਸੱਤ ਨਾ ਮੰਨਣਾ ਅਤੇ ਜਿਸ ਉੱਤਰ ਵਿੱਚ ਮਨੁੱਖੀ ਜੀਵਨ ਲਈ, ਜਿੰਨੇ ਸਮੇਂ ਤਕ ਕੋਈ ਸੁੰਦਰਤਾ ਉਪਜਦੀ ਹੋਵੇ ਓਨੇ ਸਮੇਂ ਤਕ ਉਸ ਉੱਤਰ ਨੂੰ ਸੁੰਦਰਤਾ ਦਾ ਸਾਧਨ ਸਮਝ ਕੇ ਸਤਿਕਾਰਦੇ ਰਹਿਣਾ। ਇਹ ਜਾਚ ਕੇਵਲ ਫਲਸਫਾ ਹੀ ਸਿਖਾ ਸਕਦਾ ਹੈ। ਪਿਛਲਾ ਯੁਗ ਮਨੁੱਖ ਜਾਤੀ ਦੀ ਬੌਧਿਕਤਾ ਦੇ ਬਚਪਨ ਦਾ ਯੁਗ ਸੀ। ਵੱਡੇ ਵੱਡੇ ਸਿਆਣੇ ਪਹਿਲਾਂ ਵੀ ਹੋਏ ਹਨ। ਇਸ ਲਈ ਆਪਣੀ ਗੱਲ ਨੂੰ ਜ਼ਰਾ ਬਦਲ ਕੇ ਕਹਿੰਦੀ ਹਾਂ ਕਿ ਪਿਛਲਾ ਯੁਗ ਮਨ-ਸਾਧਾਰਣ ਜਾਂ ਜਨ-ਸਾਧਾਰਣ ਦੀ ਬੰਧਿਕਤਾ ਦੇ ਬਚਪਨ ਦਾ ਯੁਗ ਸੀ। ਉਸ ਯੁਗ ਵਿੱਚ ਜਨ-ਸਾਧਾਰਣ ਦੀ ਬੌਧਿਕਤਾ ਧਾਰਮਕ ਜਾਂ ਇਲਹਾਮੀ ਉੱਤਰਾਂ ਦੇ ਖਿਲਾਉਣਿਆਂ ਨਾਲ ਪਰਚਾਈ ਜਾਂਦੀ ਰਹੀ ਹੈ। ਹੁਣ ਜਨ-ਸਾਧਾਰਣ ਦੀ ਬੌਧਿਕਤਾ ਬਾਲ ਵਰੇਸ ਵਿੱਚੋਂ ਅਗੇਰੇ ਲੰਘ ਆਈ ਹੈ। ਖਿਡਾਉਣਿਆਂ ਨਾਲ ਪਰਚਾਈ ਨਹੀਂ ਜਾ ਸਕਦੀ। ਜੋ ਦਾਰਸ਼ਨਿਕਤਾ ਨੇ ਧਰਮ ਦੁਆਰਾ ਛੱਡਿਆ ਹੋਇਆ ਸਿੰਘਾਸਨ ਨਾ ਸੰਭਾਲਿਆ ਤਾਂ ਪਦਾਰਥਕ ਪ੍ਰਾਪਤੀਆਂ ਦੀ ਦੌੜ ਦੌੜਦੀ ਹੋਈ ਮਨੁੱਖਤਾ ਨੈਤਿਕਤਾ ਦਾ ਨਿਰਾਦਰ ਕਰਦੀ ਰਹੇਗੀ। ਪਿਛਲੇ ਯੁਗ ਵਿੱਚ ਧਰਮ ਨੇਤਿਕਤਾ ਦਾ ਦਾਅਵੇਦਾਰ ਅਤੇ ਰਖਵਾਲਾ ਸੀ, ਆਧੁਨਿਕ ਯੁਗ ਵਿੱਚ ਦਾਰਸ਼ਨਿਕਤਾ ਨੂੰ ਨੈਤਿਕਤਾ ਦੀ ਸਹਾਇਕ ਮਿੱਤ੍ਰ ਬਣਾਇਆ ਜਾਣਾ ਜ਼ਰੂਰੀ ਹੈ। ਜੇ ਨਾ