

ਬਣਾਇਆ ਗਿਆ ਤਾਂ ਇਸ ਦੇ ਬੇ-ਸਹਾਰਾ ਹੋ ਜਾਣ ਵਿੱਚ ਕੋਈ ਸ਼ੱਕ ਨਹੀਂ। ਵਿਗਿਆਨ ਜਿਸ ਤੇਜ਼ੀ ਨਾਲ ਧਾਰਮਕ ਅੰਧ-ਵਿਸ਼ਵਾਸ ਦਾ ਅੰਤ ਕਰ ਰਿਹਾ ਹੈ ਅਤੇ ਧਰਮ ਜਿਸ ਨਿਰਲੱਜਤਾ ਨਾਲ ਸਿਆਸਤ ਦਾ ਹੱਥ-ਠੋਕਾ ਬਣ ਕੇ ਨੈਤਿਕਤਾ ਨਾਲੋਂ ਨਾਤਾ ਤੋੜ ਰਿਹਾ ਹੈ, ਉਸ ਦਾ ਖ਼ਿਆਲ ਕਰ ਕੇ ਇਹ ਜ਼ਰੂਰੀ ਲੱਗਦਾ ਹੈ ਕਿ ਦਾਰਸ਼ਨਿਕਤਾ ਲਈ ਪਿਆਰ ਸਤਿਕਾਰ ਪੈਦਾ ਕਰਨ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇ।"
“ਸ਼ਾਬਾਸ਼, ਮਿੱਤ੍ਰ, ਤੁਸੀਂ ਵਾਕਈ ਵਿਲਾਸਵੀ ਦੇ ਸਟੂਡੈਂਟ ਹੋ।"
"ਫਿਲਾਸਫੀ ਮੈਂ ਪੜ੍ਹੀ ਜ਼ਰੂਰ ਸੀ ਪਾਪਾ, ਪਰ ਇਸ ਨੂੰ ਜੀਵਨ ਉੱਤੇ ਲਾਗੂ ਕਰਨਾ ਮੈਂ ਤੁਹਾਡੇ ਕੋਲੋਂ ਸਿੱਖਿਆ ਹੈ। ਤੁਹਾਡੀ ਸੁਹਬਤ ਨਾ ਹੁੰਦੀ ਤਾਂ ਮੈਂ ਵੀ ਇਸ ਨੂੰ ਵਿਹਲੇ ਲੋਕਾਂ ਦੀ ਮਗਜ਼ਮਾਰੀ ਹੀ ਮੰਨਦੀ ਰਹਿਣਾ ਸੀ। ਹੁਣ ਇਸ ਨੂੰ ਮਾਨਵਮਾਰ ਦੇ ਕਲਿਆਣ ਲਈ ਓਨਾ ਹੀ ਜ਼ਰੂਰੀ ਸਮਝਦੀ ਹਾਂ, ਜਿੰਨਾ ਜ਼ਰੂਰੀ ਮੱਧਕਾਲ ਵਿੱਚ ਅਧਿਆਤਮਵਾਦ ਨੂੰ ਸਮਝਿਆ ਜਾਂਦਾ ਸੀ। ਦਰਸ਼ਨ ਮੇਰੀ ਬੌਧਿਕਤਾ ਦਾ ਪ੍ਰਧਾਨ ਅੰਗ ਹੈ। ਤੁਹਾਡੇ ਕਾਰਨ ਮੇਰੀ ਬੌਧਿਕਤਾ ਸਤਿਕਾਰਯੋਗ ਹੋ ਗਈ ਹੈ। ਤੁਹਾਡੇ ਕੋਲੋਂ ਮੈਂ ਆਪਣੀ ਬੌਧਿਕਤਾ ਦਾ ਸਤਿਕਾਰ ਕਰਨਾ ਸਿੱਖਿਆ ਹੈ। ਤੁਹਾਨੂੰ ਸਦ ਸਦ ਪ੍ਰਣਾਮ।"
"ਨਾ ਬਈ ਨਾ, ਪਿਉ-ਧੀ ਵਿੱਚ ਇਸ ਉਚੇਚ ਦੀ ਕੋਈ ਥਾਂ ਨਹੀਂ।"
"ਵੀਰ ਜੀ, ਤੁਹਾਨੂੰ ਇਉਂ ਨਹੀਂ ਲੱਗਦਾ ਕਿ ਸਮੱਸਿਆ ਦਾ ਰੂਪ ਬਦਲ ਗਿਆ ਹੈ। ਹੁਣ ਜਦੋਂ ਧਰਮ ਪਿੜ ਨਿਕਲਦਾ ਜਾ ਰਿਹਾ ਹੈ ਤਾਂ ਵਿਗਿਆਨ ਆਪ-ਹੁਦਰਾ ਹੁੰਦਾ ਜਾ ਰਿਹਾ ਹੈ, ਆਪਣੇ ਆਪ ਨੂੰ ਨੈਤਿਕ ਬੰਧਨਾਂ ਤੋਂ ਮੁਕਤ ਮੰਨਦਾ ਹੈ। ਇਸ ਸਮੇਂ ਲੋੜ ਹੈ ਕਿ ਦਰਸ਼ਨ ਮਾਨਵ-ਬੁੱਧੀ ਨੂੰ ਇਸ ਯੋਗ ਬਣਾਵੇ ਕਿ ਇਹ ਵਿਗਿਆਨਕ ਆਪ-ਹੁਦਰੇਪਨ ਕੋਲ ਜੁਆਬ-ਤਲਬੀ ਕਰ ਸਕੇ।"
"ਭਾਅ ਜੀ, ਜੇ ਧਰਮ ਵਰਗੀ ਸ਼ਕਤੀ ਸਾਇੰਸ ਕੋਲੋਂ ਹਾਰ ਗਈ ਹੈ ਤਾਂ ਦਰਸ਼ਨ, ਜਿਹੜਾ ਪਿਛਲੀ ਸਦੀ ਹੀ ਨਹੀਂ, ਸਗੋਂ ਵੀਹਵੀਂ ਸਦੀ ਦੇ ਅੱਧ ਤਕ (ਅਤੇ ਕਈ ਥਾਈਂ ਹੁਣ ਤਕ) ਜਨ-ਸਾਧਾਰਣ ਨਾਲ ਸਾਂਝ ਨਹੀਂ ਪਾ ਸਕਿਆ, ਸਾਇੰਸ ਦੀ ਜੁਆਬ-ਤਲਬੀ ਦੇ ਯੋਗ ਕਿਵੇਂ ਹੋ ਸਕਦਾ ਹੈ। ਇੱਕ ਕਹਾਵਤ ਹੈ, 'ਮੂੰਹ ਖਾਏ ਅੱਖਾਂ ਸ਼ਰਮਾਉਣ'। ਵਿਗਿਆਨ ਅਤੇ ਸਨਅਤ ਮਨੁੱਖਤਾ ਲਈ ਸੁਖ ਦੇ ਸਾਧਨ ਪੈਦਾ ਕਰਦੇ ਹਨ। ਦਰਸ਼ਨ ਦੇ ਆਖੇ ਲੱਗ ਕੇ ਮਨੁੱਖਤਾ ਆਪਣੇ ਅੰਨਦਾਤਾ ਨੂੰ ਅੱਖਾਂ ਵਿਖਾਉਣ ਦੀ ਗਲਤੀ ਨਹੀਂ ਕਰ ਸਕਦੀ।
"ਮੈਂ ਇਸ ਸੰਬੰਧ ਵਿੱਚ ਆਸ਼ਾਵਾਦੀ ਹਾਂ ਅਤੇ ਮੇਰਾ ਆਸ਼ਾਵਾਦ ਪੱਕੇ ਪੈਰੀਂ ਖਲੋਤਾ ਹੈ। ਧਰਮ ਨੇ ਵਿਗਿਆਨ ਨਾਲ ਸਦਾ ਹੀ ਸ਼ਕਤੀ ਅਤੇ ਅਧਿਕਾਰ ਦੀ ਭਾਸ਼ਾ ਵਿੱਚ ਗੱਲ ਕੀਤੀ ਹੈ, ਸਚਾਚਾਰ ਦੀ ਬੋਲੀ ਕਦੇ ਨਹੀਂ ਬੋਲੀ। ਦੂਜੀ ਗੱਲ ਇਹ ਕਿ ਧਰਮ (ਵਿਸ਼ੇਸ਼ ਕਰਕੇ ਯੌਰਪ ਵਿੱਚ ਜਿੱਥੇ ਵਿਗਿਆਨ ਨਾਲ ਇਸ ਦਾ ਵਿਰੋਧ ਸੀ) ਸਦਾਚਾਰ ਨੂੰ ਆਪਣਾ ਆਧਾਰ ਨਹੀਂ ਸੀ ਬਣਾ ਸਕਿਆ, ਇਹ ਕੇਵਲ ਇੱਕ ਹਥਿਆਰ ਸੀ, ਜਿਹੜਾ ਉਨ੍ਹਾਂ ਦੁਆਰਾ ਵਰਤਿਆ ਜਾ ਰਿਹਾ ਸੀ, ਜਿਹੜੇ ਆਪ ਸਦਾਚਾਰੀ ਨਹੀਂ ਸਨ। ਧਰਮ ਕੋਲ ਇਸ ਤੋਂ ਵੱਧ ਸ਼ਕਤੀਸ਼ਾਲੀ ਹਥਿਆਰ ਸੀ ਤੇ, ਨਰਕ ਦੀ ਅੱਗ ਦਾ ਹੈ। ਜਿਸ ਸਮੇਂ ਸਾਇੰਸ ਅਤੇ ਸਨਅਤ ਨੇ ਜੀਵਨ ਨੂੰ ਚੰਗਾ ਚੌਖਾ ਖਾਣ ਲਈ ਦੇਣ ਦੇ ਨਾਲ ਨਾਲ ਨਰਕਾਂ ਸੁਰਗਾਂ ਦੀ ਅਸਲੀਅਤ ਉੱਤੋਂ ਪਰਦਾ ਚੁੱਕ ਦਿੱਤਾ ਸੀ, ਉਸ ਦਿਨ ਧਰਮ ਬਿਲਕੁਲ ਨਿਹੱਥਾ ਹੋ ਕੇ ਪਿਛੋਂ ਭੱਜਣ ਲਈ ਮਜਬੂਰ ਹੋ ਗਿਆ ਸੀ। ਦਰਸ਼ਨ ਨਾਲ ਇਉਂ ਨਹੀਂ ਹੋਵੇਗਾ। ਇਸ ਦੇ ਕੁਝ ਕਾਰਨ ਹਨ। ਪਹਿਲਾ ਇਹ ਕਿ ਫ੍ਰਾਂਸਿਸ ਬੇਕਨ ਵਰਗੇ ਸੋਚਵਾਨਾਂ ਨੇ ਸਾਇੰਸ ਅਤੇ ਦਰਸ਼ਨ ਵਿੱਚ ਇੱਕ ਸਦੀਵੀ ਮਿੱਤ੍ਰਤਾ