

"ਇਹ ਮੇਰੇ ਉਸਤਾਦ ਹਨ, ਸਰ।"
"ਤੈਨੂੰ ਐਵੇਂ ਭੁਲੇਖਾ ਹੈ, ਕਾਕਾ ਤੇਰੇ ਜਿੰਨਾ ਸਿਆਣਾ ਨਹੀਂ ਲੱਗਦਾ ਇਹ।"
ਸੁਨੇਹਾ, ਇਹ ਸਭਾ ਏਥੇ ਹੀ ਸਮਾਪਤ ਹੋ ਗਈ। ਇਸ ਤੋਂ ਪਿੱਛੋਂ ਇਨ੍ਹਾਂ ਮਿੱਤ੍ਰਾਂ ਨੇ ਆਪਣੀਆਂ ਗੱਲਾਂ ਛੁਹ ਲਈਆਂ। ਮੈਂ ਅਤੇ ਸੁਮੀਤ, ਆਂਟੀ ਨੂੰ ਲਿਆਉਣ ਲਈ ਜਾਪੂਵਾਲ ਨੂੰ ਚੱਲ ਪਏ। ਛੋਟਾ ਜਿਹਾ ਸਫਰ ਸੀ ਇਹ, ਪਰ ਸੀ ਬਹੁਤ ਸੁਹਾਵਣਾ। ਪਿੰਡ ਨਿਕਲਦਿਆਂ ਹੀ ਸੁਮੀਤ ਨੇ ਆਖਿਆ, "ਗੱਡੀ ਰੋਕ।" ਮੈਂ ਰੱਡੀ ਰੋਕ ਦਿੱਤੀ। ਉਹ ਕਾਰ ਵਿੱਚੋਂ ਨਿਕਲ ਕੇ ਡ੍ਰਾਈਵਰ ਵੱਲ ਦੇ ਪਾਸੇ ਆ ਗਿਆ ਅਤੇ ਦਰਵਾਜਾ ਖੋਲ੍ਹ ਕੇ ਬੋਲਿਆ, "ਤੁਸੀ ਉਸ ਪਾਸੇ ਬੈਠੇ, ਮੈਂ ਚਲਾਉਂਦਾ ਹਾਂ।"
"ਉਹੋ। ਮੈਂ ਨਹੀਂ ਸਾਂ ਜਾਣਦੀ ਕਿ ਤੁਸੀਂ ਡ੍ਰਾਈਵਿੰਗ ਜਾਣਦੇ ਹੋ।"
"ਮੇਰੇ ਵਿਹਲੇ 'ਮਰਦ' ਨੂੰ ਇਹ ਚੰਗਾ ਨਹੀਂ ਲੱਗਦਾ ਕਿ ਉਹ ਵਿਹਲਾ ਬੈਠਾ ਰਹੇ ਅਤੇ ਤੁਸੀਂ ਡ੍ਰਾਈਵਿੰਗ ਕਰੋ।"
ਸਨੇਹਾ, ਇਹ ਸਾਧਾਰਣ ਜਹੇ ਸ਼ਬਦ, ਪਤਾ ਨਹੀਂ, ਭਾਵਨਾ ਦੀ ਕਿਸ ਅਸਾਧਾਰਣ ਤੀਬਰਤਾ ਵਿੱਚੋਂ ਆਪੇ ਗਏ ਸਨ ਕਿ ਇਸਤ੍ਰੀ-ਪੁਰਸ਼ ਦੀ ਸਮਾਨਤਾ, ਇਸਤ੍ਰੀ-ਸੁਤੰਤਰਤਾ ਅਤੇ ਇਸਤ੍ਰੀ-ਕਲਿਆਣ-ਅੰਦੋਲਨ ਬਾਰੇ ਪੜਿਆ ਸੁਣਿਆ ਸਭ ਧੁੰਦਲਾ ਹੋ ਗਿਆ।
-