

ਨੂੰ 'ਕਲਾ ਅਤੇ ਲੋਕ-ਮਨ' ਦਾ ਸਿਰਲੇਖ ਦੇ ਰਹੀ ਹਾਂ, ਪਰ ਪਾਪਾ ਆਪਣੀ ਵਾਰਤਾਲਾਪ ਵਿੱਚ ਬਹੁਤੀ ਵੇਰ 'ਲੋਕ-ਮਨ' ਦੀ ਥਾਂ 'ਮਨ-ਸਾਧਾਰਨ' ਕਹਿੰਦੇ ਹਨ। ਉਨ੍ਹਾਂ ਨੂੰ 'ਸਾਧਾਰਨ' ਸ਼ਬਦ ਨਾਲ ਓਨਾ ਹੀ ਪਿਆਰ ਹੈ ਜਿੰਨਾ 'ਜਨ-ਸਾਧਾਰਨ' ਨਾਲ।
ਪਾਪਾ ਜਦੋਂ ਵੀ ਲਿਖਦੇ-ਪੜ੍ਹਦੇ ਥੱਕ ਜਾਣ, ਉਹ ਟੈਲੀਵਿਜ਼ਨ ਉੱਤੇ ਵੀਡੀਓ ਫ਼ਿਲਮ ਵੇਖਣਾ ਪਸੰਦ ਕਰਦੇ ਹਨ। ਆਪਣੀ ਇਸ ਲੋੜ ਲਈ ਉਨ੍ਹਾਂ ਨੇ ਗਿਣਤੀ ਦੀਆਂ ਕੁਝ ਫਿਲਮਾਂ ਰਿਕਾਰਡ ਕਰ ਕੇ ਰੱਖੀਆਂ ਹੋਈਆਂ ਹਨ। ਉਨ੍ਹਾਂ ਵਿੱਚੋਂ ਕੋਈ ਇੱਕ ਫ਼ਿਲਮ ਲਗਾ ਕੇ ਬੈਠ ਜਾਂਦੇ ਹਨ ਅਤੇ ਬਹੁਤ ਮਗਨ ਹੋ ਕੇ ਵੇਖਦੇ ਹਨ। ਇਹ ਕੁਝ ਕੁ ਫ਼ਿਲਮਾਂ ਘਰ ਵਿੱਚ ਕਈ ਕਈ ਵਾਰ ਚੱਲ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਫ਼ਿਲਮ ਵਿੱਚ ਉਨ੍ਹਾਂ ਨੂੰ ਦਿਲਚਸਪੀ ਨਹੀਂ। ਤੇਰੇ ਜੀਜਾ ਜੀ ਅਤੇ ਉਨ੍ਹਾਂ ਦਾ ਛੋਟਾ ਵੀਰ ਜਦੋਂ ਆਪਣੀ ਪਸੰਦ ਦੀ ਕੋਈ ਫ਼ਿਲਮ ਵੇਖਣਾ ਚਾਹੁਣ, ਪਾਪਾ ਉੱਠ ਕੇ ਉੱਪਰ ਬੈਂਡਰੂਮ ਵਿੱਚ ਚਲੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ "ਨੀਚ ਕੇ ਸੰਗ ਤੇ ਮੀਚ ਭਲੀ।"
ਇੱਕ ਦਿਨ ਮੈਂ ਪੁੱਛ ਲਿਆ, “ਪਾਪਾ ਤੁਸੀਂ ਆਪਣੀਆਂ ਕੁਝ ਕੁ ਪਸੰਦੀਦਾ ਫਿਲਮਾਂ ਤੋਂ ਇਲਾਵਾ ਕੋਈ ਹੋਰ ਫ਼ਿਲਮ ਨਹੀਂ ਵੇਖਦੇ: ਭਲਾ ਕਿਉਂ ?"
"ਕਿਉਂਕਿ ਅਸ਼ਲੀਲਤਾ, ਉਜੱਡਤਾ, ਨੰਗੇਜ, ਅਸ਼ਿਸ਼ਟਤਾ, ਕਾਮੁਕਤਾ ਅਤੇ ਹਿੰਸਾ ਆਦਿਕ ਨੂੰ ਆਪਣਾ ਮਨ-ਪਰਚਾਵਾ ਬਣਾ ਕੇ ਮੈਂ ਆਪਣੇ ਵਿਚਲੇ 'ਮਨੁੱਖ' ਦਾ ਨਿਰਾਦਰ ਨਹੀਂ ਕਰਨਾ ਚਾਹੁੰਦਾ।"
“ਪਾਪਾ, ਜੇ ਇਸ ਨੂੰ ਮੇਰੀ ਅਸ਼ਿਸ਼ਟਤਾ ਜਾਂ ਗੁਸਤਾਖ਼ੀ ਨਾ ਸਮਝੋ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਾਮੁਕਤਾ, ਅਸ਼ਲੀਲਤਾ ਅਤੇਉਜੱਡਤਾਆਦਿਕ ਬਾਰੇ ਤੁਹਾਡਾ ਇਤਰਾਜ਼ ਠੀਕ ਆਖਿਆ ਜਾ ਸਕਦਾ ਹੈ, ਪਰ ਨੰਗੇਜ ਦੇ ਕੁਝ ਰੂਪ ਅਜੇਹੇ ਹਨ ਜੋ ਕਲਾ ਨਾਲ ਮਿਲ ਕੇ ਸੁੰਦਰਤਾ ਵਿੱਚ ਉਲਥਾਏ ਜਾ ਚੁੱਕੇ ਹਨ। ਪੁਰਾਤਨ ਭਾਰਤੀ ਮੰਦਰਾਂ ਵਿਚਲੀਆਂ ਮੂਰਤੀਆਂ, ਮਧ-ਕਾਲੀਨ ਕਲਾਕਾਰ ਮਾਈਕਲ ਐਂਜਿਲੋ ਦੇ ਬਣਾਏ ਬੁੱਤ ਸ੍ਰੇਸ਼ਟ ਕਲਾਕ੍ਰਿਤੀਆਂ ਮੰਨੇ ਜਾਂਦੇ ਹਨ। ਆਖ਼ਰਾਂ ਦਾ ਨੰਗੇਜ ਹੈ ਇਨ੍ਹਾਂ ਵਿੱਚ। ਬੱਚਿਆਂ ਦਾ ਨੰਗੇਜ ਜੀਵਨ ਦੀ ਸੁੰਦਰ ਵਾਸਤਵਿਕਤਾ ਹੈ।"
"ਬੇਟਾ ਜੀ, ਆਪਣੀ ਸੋਚ ਨੂੰ ਸੁਤੰਤ੍ਰ ਰੱਖਣਾ ਬਹੁਤ ਜ਼ਰੂਰੀ ਹੈ। ਹਰ ਖੇਤਰ ਵਿੱਚ ਸੋਚ ਦੀ ਸੁਤੰਤ੍ਰਾ ਕਾਇਮ ਰੱਖਦਿਆਂ ਹੋਇਆ ਵਿਚਰਨਾ ਹੀ ਮਨੁੱਖੀ ਅਕਲ ਦੀ ਸ੍ਰੇਸ਼ਟਤਾ ਹੈ। ਕਈ ਸੋਚਾਂ ਅਜਿਹੀਆਂ ਹਨ, ਜਿਨ੍ਹਾਂ ਦਾ ਰਿਵਾਜ ਪੈ ਗਿਆ ਹੁੰਦਾ ਹੈ। ਅਸੀਂ ਉਨ੍ਹਾਂ ਸੋਚਾਂ ਨੂੰ ਇੱਕ ਰਿਵਾਜ ਜਾਂ ਇੱਕ ਫੈਸ਼ਨ ਦੇ ਤੌਰ ਉੱਤੇ ਅਪਣਾ ਲੈਂਦੇ ਹਾਂ। ਇਹ ਬਹੁਤੀ ਸਿਆਣੀ ਆਦਤ ਨਹੀਂ।"
"ਮੈਂ ਸਮਝੀ ਨਹੀਂ, ਪਾਪਾ।"
"ਖਾਜੂਰਾਹੇ ਆਦਿਕ ਦੀਆਂ ਮੂਰਤੀਆਂ ਜਾਂ ਐਂਜਿਲੇ ਦੇ ਬਣਾਏ ਬੁੱਤਾਂ ਦੀ ਨਗਨਤਾ ਦੀ ਵਕਾਲਤ ਕਰਨ ਦਾ ਇੱਕ ਰਿਵਾਜ ਜਿਹਾ ਹੋ ਗਿਆ ਹੈ। ਕੁਝ ਵਿਦਵਾਨਾਂ ਦੀ ਫ਼ਿਕਰੇਬਾਜ਼ੀ ਉਨ੍ਹਾਂ ਦੇ ਸ਼ਾਗਿਰਦਾਂ ਦੀ ਸੋਚ ਦਾ ਆਧਾਰ ਬਣ ਕੇ ਉਨ੍ਹਾਂ ਕੋਲੋਂ ਕਈ ਪ੍ਰਕਾਰ ਦੇ ਸਿਧਾਂਤਾਂ ਦੀ ਉਸਾਰੀ ਕਰਵਾਉਣ ਵਿੱਚ ਸਫਲ ਹੋ ਗਈ ਹੈ। ਇਹ ਸਭ ਬੌਧਿਕ ਕਲਾਬਾਜ਼ੀ ਹੈ। ਏਸੇ ਕਲਾਬਾਜ਼ੀ ਦਾ ਇੱਕ ਪੈਂਤਰਾ ਇਹ ਹੈ ਕਿ-ਨੰਗੇਜ ਦੇ ਕਈ ਰੂਪ ਹਨ।' ਅਸਲ ਵਿੱਚ ਨੰਗੇਜ, ਨੰਗੇਜ ਹੈ; ਇਸ ਦੇ ਦੋ ਰੂਪ ਨਹੀਂ ਹਨ। ਰੂਪਾਂ ਦੀ ਘਾੜਤ ਰਾਹੀਂ ਨੰਗਜ ਦੀ ਕੁਰੂਪਤਾ ਉੱਤੇ ਬੌਧਿਕਤਾ ਦਾ ਉਹ ਬਾਰੀਕ ਪਰਦਾ ਪਾਉਣ ਦਾ ਯਤਨ ਕੀਤਾ ਗਿਆ ਹੈ ਜਿਸ ਰਾਹੀਂ ਉਹ ਦਿਸਦੀ ਰਹੇ ਪਰ ਦੇਸ਼ ਨਾ ਆਖੀ ਜਾ ਸਕੇ।"