

ਹੀ ਉਨ੍ਹਾਂ ਦੀ ਅਸਲੀ ਸੁੰਦਰਤਾ ਹੈ। ਇਸ ਗੱਲ ਵੱਲ ਵੀ ਆਵਾਂਗੇ, ਪਹਿਲਾਂ ਸੁਰੱਖਿਆ ਦੇ ਭਰਸੇ ਦੀ ਗੱਲ ਕਰ ਲਈਏ। ਤੁਸਾਂ ਹੁਣੇ ਆਖਿਆ ਸੀ ਕਿ ਪੜ੍ਹੇ-ਲਿਖੇ ਸਮਰਿੱਧ ਸਮਾਜ ਜਾਂ ਪਰਵਾਰ ਉਨ੍ਹਾ ਸਮਾਜ ਜਾਂ ਪਰਵਾਰਾਂ ਨਾਲੋਂ ਵੱਧ ਸੁਰੱਖਿਅਤ ਹਨ ਜਿਨ੍ਹਾਂ ਨੂੰ ਆਪਣੇ ਰੋਜ਼ਗਾਰ ਦਾ ਤੋਖ਼ਲਾ ਲੱਗਾ ਰਹਿੰਦਾ ਹੈ। ਤੁਸਾਂ ਆਪਣੇ ਇਸ ਕਥਨ ਰਾਹੀਂ ਮੱਧ ਸ਼੍ਰੇਣੀ ਅਤੇ ਕਾਮਾ ਸ਼੍ਰੇਣੀ ਦੀਆਂ ਦੋ ਵੰਡਾਂ ਵੱਲ ਇਸ਼ਾਰਾ ਕੀਤਾ ਹੈ। ਮੂਲ ਰੂਪ ਵਿੱਚ ਅਸੀਂ ਇਨ੍ਹਾਂ ਹੀ ਦੋ ਸ਼੍ਰੇਣੀਆਂ ਦੇ ਸੁਹਜ-ਸੁਆਦ ਦੀ ਗੱਲ ਕਰ ਰਹੇ ਹਾਂ। ਸਾਨੂੰ ਇਉਂ ਲੱਗਦਾ ਹੈ ਕਿ ਮੱਧ ਸ਼੍ਰੇਣੀ ਦਾ ਵਡੇਰਾ ਭਾਗ ਆਪਣੇ ਰੋਜ਼ਗਾਰ ਦੀ ਪਕਿਆਈ ਕਾਰਨ ਸਾਂਵੀਂ ਪੱਧਰੀ ਜ਼ਿੰਦਗੀ ਜੀਅ ਰਿਹਾ ਹੈ ਅਤੇ ਕਾਮਾ ਵਰਗ ਇਸ ਦੇ ਉਲਟ ਸਦੀਵੀ ਤੌਖ਼ਲੇ ਦਾ ਸ਼ਿਕਾਰ ਹੈ। ਜੇ ਮੈਂ ਕਹਾਂ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ ਤਾਂ ਹੈਰਾਨ ਨਾ ਹੋਣਾ, ਸਗੋਂ ਸੋਚਣਾ। ਹੋ ਸਕਦਾ ਹੈ ਸਾਡੀ ਮੱਧ ਸ਼੍ਰੇਣੀ ਕਾਮਾ ਸ਼੍ਰੇਣੀ ਨਾਲੋਂ ਵੱਧ ਸੁਰੱਖਿਅਤ ਹੋਵੇ, ਪਰ ਸੁਰੱਖਿਅਤ ਹੋਣ ਦਾ 'ਭਗਾ' ਉਸ ਨੂੰ ਨਹੀਂ ਹੈ। ਇਸ ਸ਼੍ਰੇਣੀ ਦੇ ਜੀਵਨ ਦਾ ਆਦਿ-ਅੰਤ ਮੁਕਾਬਲੇ ਜਾਂ ਪ੍ਰਤੀਯੋਗਤਾ ਨਾਲ ਓਤ ਪੋਤ ਹੈ। ਇੱਕ ਦੌੜ ਹੈ; ਇੱਕ ਸਦੀਵੀ ਸੰਘਰਸ਼ ਹੈ ਇਸ ਸ਼੍ਰੇਣੀ ਦਾ ਜੀਵਨ। ਸਕੂਲਾਂ, ਕਾਲਜਾਂ, ਦਫ਼ਤਰਾਂ, ਫੈਕਟਰੀਆਂ, ਵਪਾਰਾਂ ਅਤੇ ਪਰਵਾਰਾਂ ਵਿੱਚ ਸ਼ੁਹਰਤਾਂ, ਵਕਾਰਾਂ, ਉੱਨਤੀਆਂ, ਪਹੁੰਚਾਂ ਅਤੇ ਪ੍ਰਾਪਤੀਆਂ ਦੀ ਇੱਕ ਜੰਗ ਜਾਰੀ ਹੈ। ਆਪਣੇ ਸਮਾਜਕ ਆਰਥਕ ਸਥਾਨ ਨਾਲ ਕੋਈ ਵੀ ਸੰਤੁਸ਼ਟ ਨਹੀਂ। ਹਰ ਕੋਈ ਹੋਰ ਸਾਰਿਆਂ ਨੂੰ ਪਿੱਛੇ ਛੱਡ ਕੇ ਆਪ ਅਗੇਰੇ ਲੰਘ ਜਾਣ ਦੇ ਯਤਨ ਵਿੱਚ ਹੈ। ਮਾਨਸਿਕ ਤਖ਼ਲਾ ਇੱਕ ਸੂਖ਼ਮ ਰੂਪ ਧਾਰ ਕੇ ਉਨ੍ਹਾਂ ਦੀ ਮਾਨਸਿਕਤਾ ਦਾ ਜਮਾਂਦਰੂ ਹਿੱਸਾ ਹੋ ਗਿਆ ਹੈ। ਇਸ ਦੇ ਉਲਟ ਇੱਕ ਕਾਮੇ ਨੂੰ ਇੱਕ ਮਜ਼ਦੂਰ ਜਾਂ ਟੋਕਰੀ ਢੋਣ ਵਾਲੇ ਨੂੰ, ਇੱਕ ਤਾਂਗ ਜਾਂ ਰਿਕਸ਼ੇ ਵਾਲੇ ਨੂੰ ਇਹ ਪਤਾ ਹੈ ਕਿ ਮੈਂ ਕੀ ਹਾਂ, ਕਿੱਥੇ ਹਾਂ, ਅਤੇ ਕਿੱਸੇ ਜਾਣ ਦੀ ਸਮਰਥਾ ਰੱਖਦਾ ਹਾਂ। ਉਸ ਦਾ ਮੁਕਾਬਲਾ ਆਪਣੇ ਨਾਲ ਹੈ, ਦੂਜੇ ਕਾਮਿਆਂ ਨਾਲ ਨਹੀਂ, ਆਪਣੀਆਂ ਲੋੜਾਂ ਨਾਲ ਹੈ, ਦੂਜਿਆਂ ਦੀਆਂ ਯੋਗਤਾਵਾਂ ਨਾਲ ਨਹੀਂ। ਉਹ ਮਿਹਨਤ ਕਰਦਾ ਹੈ, ਪਰ ਦੂਜਿਆਂ ਦੇ ਮੁਕਾਬਲੇ ਵਿੱਚ ਸੰਘਰਸ਼ਸ਼ੀਲ ਨਹੀਂ ਹੈ। ਉਹ ਗਰੀਬ ਦੁਖੀ ਅਤੇ ਲਾਚਾਰ ਹੈ ਅਤੇ ਇਸ ਸਥਿਤੀ ਨਾਲ ਸਮਝੌਤਾ ਕਰ ਲੈਣ ਕਰਕੇ ਕਿਸੇ ਤੋਖ਼ਲੇ ਵਿੱਚ ਨਹੀਂ। ਇਹ ਅਵਸਥਾ ਸੁੰਦਰ ਅਤੇ ਸਤਿਕਾਰਯੋਗ ਨਹੀਂ, ਇਹ ਮੈਂ ਮੰਨਦਾ ਹਾਂ; ਪਰ, ਇਹ ਓਨੀ ਤੌਖ਼ਲੇ ਭਰਪੂਰ ਨਹੀਂ ਜਿੰਨੀ ਮੁਕਾਬਲਾ-ਮਈ ਜੀਵਨ ਦੀ ਅਵਸਥਾ ਹੁੰਦੀ ਹੈ।"
"ਇਸ ਅਵਸਥਾ ਦਾ ਸੁਹਜ-ਸੁਆਦ ਨਾਲ ਕੀ ਸੰਬੰਧ ਹੈ, ਪਾਪਾ ?"
"ਸਿੱਧੇ ਤੌਰ ਉੱਤੇ ਕੋਈ ਵੀ ਨਹੀਂ, ਬੇਟਾ। ਪਰ ਅਸਿੱਧੇ ਤੌਰ ਉੱਤੇ ਬਹੁਤ ਡੂੰਘਾ ਸੰਬੰਧ ਹੈ। ਅਜਿਹੀ ਸਮਾਜਕ-ਆਰਥਕ ਸਥਿਤੀ ਮਨੁੱਖ ਨੂੰ ਸੰਬੰਧਾਂ, ਸਹਾਰਿਆਂ ਅਤੇ ਸਹਿਯੋਗਾਂ ਦਾ ਵਿਸ਼ਵਾਸੀ ਬਣਾਉਂਦੀ ਹੈ। ਸਬੰਧਾਂ, ਸਹਾਰਿਆਂ ਅਤੇ ਸਹਿਯੋਗਾਂ ਦਾ ਸਤਿਕਾਰ ਹੀ ਸਾਰੇ ਸੁਆਦਾਂ ਦੀ ਸੁੰਦਰਤਾ ਬਣ ਜਾਂਦਾ ਹੈ।"
"ਇਸ ਦਾ ਕੁਝ ਵਿਸਥਾਰ ਕਰੋ, ਪਾਪਾ।"
"ਮਨੁੱਖੀ ਮਨ-ਪਰਚਾਵਿਆਂ ਜਾਂ ਸੁਆਦਾਂ ਦੇ ਸੁਹਜ ਨੂੰ ਮੈਂ ਦੋ ਸ਼ਬਦਾਂ (ਪਵਿਤ੍ਰਤਾ ਅਤੇ ਕੋਮਲਤਾ) ਰਾਹੀਂ ਬਿਆਨ ਕਰਨ ਦਾ ਯਤਨ ਕਰਦਾ ਹਾਂ। ਸੱਭਿਅ ਮਨੁੱਖੀ ਸਮਾਜਾਂ ਵਿੱਚ ਇਹ ਰੁਚੀ ਸਰਵ-ਵਿਆਪਕ ਹੈ ਕਿ ਕੁਝ ਇੱਕ ਕਿਰਿਆਵਾਂ ਨੂੰ ਪਰਦੇ ਵਿੱਚ ਰੱਖਿਆ ਜਾਵੇ। ਹੋ ਸਕਦਾ ਹੋ ਪਸ਼ੂ-ਜੀਵਨ ਵਿੱਚ ਵੀ ਕਿਧਰੇ ਇਹ ਰੁਚੀ ਕੰਮ ਕਰਦੀ ਹੋਵੇ ਪਰ, ਸੱਭਿਅ ਮਨੁੱਖੀ ਜੀਵਨ ਜਿਨਸੀ ਸੰਜੋਗ, ਜਨਮ, ਸੋਚ (ਇਸ਼ਨਾਨ ਆਦਿਕ) ਕਿਰਿਆਵਾਂ