

ਲਈ ਪਰਦੇ ਦੀ ਸਿਫ਼ਾਰਸ਼ ਕਰਦਾ ਹੈ। ਅਜਿਹਾ ਕਿਉਂ ਹੈ? ਇਸ ਪ੍ਰਸ਼ਨ ਦਾ ਠੀਕ ਉੱਤਰ ਜਾ ਇੱਕੋ ਇੱਕ ਉੱਤਰ ਲੱਭਣਾ ਜ਼ਰਾ ਔਖਾ ਹੈ: ਫਿਰ ਵੀ, ਇਸ ਭਾਵਨਾ ਦਾ ਨਿਰਾਦਰ ਕਰਨ ਵਾਲੇ ਮਨਾਂ ਦੀ ਹਾਲਤ ਵੱਲ ਵੇਖ ਕੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਾਡੇ ਪਰਵਾਰਕ ਅਤੇ ਸਮਾਜਕ ਸਬੰਧਾਂ ਦੇ ਸਤਿਕਾਰ ਲਈ ਇਹ ਜ਼ਰੂਰੀ ਹੈ ਕਿ ਇਹ ਕਿਰਿਆਵਾਂ ਪਰਦੇ ਦੀ ਪਵਿਤਾ ਵਿੱਚ ਰਹਿਣ। ਪਰਦਿਉਂ ਬਾਹਰ ਆ ਕੇ ਇਹ ਅਪਵਿਤ ਹੋ ਜਾਂਦੀਆਂ ਹਨ ਜਾਂ ਹੋ ਗਈਆਂ ਮੰਨੀਆਂ ਜਾਂਦੀਆਂ ਹਨ। ਕਿਸੇ ਸੰਕਟ ਕਾਰਨ ਇਨ੍ਹਾਂ ਵਿੱਚੋਂ ਕਿਸੇ ਕਿਰਿਆ ਉੱਤੋਂ ਪਰਦਾ ਚੁੱਕਿਆ ਵੀ ਜਾ ਸਕਦਾ ਹੈ: ਪਰ, ਮਨੁੱਖੀ ਮਨ ਦੀ ਉਸ ਨੀਚਤਾ ਨੂੰ ਬਿਆਨ ਕਰਨਾ ਕਠਿਨ ਹੈ, ਜਿਹੜੀ ਇਨ੍ਹਾਂ ਕਿਰਿਆਵਾਂ ਉੱਤੇ ਪਰਦਾ ਚੁੱਕੇ ਜਾਣ ਵਿੱਚ 'ਰੰਜਨ' ਮਹਿਸੂਸ ਕਰਦੀ ਹੈ। ਇਉਂ ਮਹਿਸੂਸ ਕਰਨ ਵਾਲੀ ਮਾਨਸਿਕਤਾ ਆਪ ਕਿਸੇ ਸੰਕਟ ਵਿੱਚ ਹੈ, ਬੀਮਾਰ ਹੈ, ਗੰਦੀ ਹੈ। ਉਸ ਦੇ ਸੁਆਦਾਂ ਵਿੱਚ ਗੰਦਗੀ ਹੈ, ਅਪਵਿਤ੍ਰਤਾ ਹੈ; ਉਹ ਸਮਾਜਕ ਮਾਨਤਾਵਾਂ ਦਾ ਭਰਪੂਰ ਨਿਰਾਦਤ ਕਰਦੀ ਹੈ। ਨਿਰਾਦਰ ਅਪਵਿਤ੍ਰ ਹੈ। ਜਿਸ ਮਨ ਵਿੱਚ ਇਸ ਅਪਵਿਤ੍ਰਤਾ ਦਾ ਪਰਵੇਸ਼ ਹੋ ਜਾਂਦਾ ਹੈ ਉਸ ਕੋਲੋਂ ਹਰ ਮਨੁੱਖੀ ਰਿਸ਼ਤੇ ਦੇ ਨਿਰਾਦਰ ਦੀ ਆਸ ਕੀਤੀ ਜਾਣੀ ਅਯੋਗ ਨਹੀਂ।
"ਦੂਜਾ ਸ਼ਬਦ ਹੈ, ਕੋਮਲਤਾ। ਬਜ਼ਾਰ ਵਿੱਚ ਤੁਰਿਆ ਜਾਂਦਾ ਕੋਈ ਆਦਮੀ, ਸੜਕ ਵਿੱਚ ਪਏ ਕੇਲੇ ਦੇ ਛਿਲਕੇ ਉੱਤੋਂ ਤਿਲਕ ਕੇ ਡਿੱਗ ਪਿਆ। ਕੁਝ ਆਦਮੀ ਖਿੜਖਿੜਾ ਕੇ ਹੱਸ ਪਏ। ਇੱਕ ਦੌੜ ਕੇ ਗਿਆ, ਡਿੱਗੇ ਨੂੰ ਚੁੱਕ ਕੇ ਦੁਖੀ ਲਹਿਜ਼ੇ ਵਿੱਚ ਪੁੱਛਣ ਲੱਗਾ, "ਤੁਸੀ ਠੀਕ ਠਾਕ ਹੋ ਨਾ ? ਕਿਧਰੇ ਚੋਟ ਤਾਂ ਨਹੀਂ ਲੱਗੀ ?" ਹੱਸਣ ਵਾਲਿਆਂ ਅਤੇ ਇਉਂ ਪੁੱਛਣ ਵਾਲੇ ਵਿੱਚ ਇੱਕ ਵੱਡਾ ਅੰਤਰ ਹੈ। ਉਹ ਅੰਤਰ ਹੋ ਸਹਾਨਭੂਤੀ ਦਾ, ਹਮਦਰਦੀ ਦਾ। ਦੁਖ-ਸੁਖ ਦੀ ਅਨੁਭੂਤੀ ਦੀ ਸਾਂਝ ਨੂੰ ਸਹਾਨਭੂਤੀ ਜਾਂ ਹਮਦਰਦੀ ਆਖਿਆ ਜਾਂਦਾ ਹੈ। ਸਹਾਨਭੂਤੀ ਹਰ ਮਨ ਵਿੱਚ ਮੌਜੂਦ ਹੈ। ਸਾਰੇ ਮਨੁੱਖਾਂ ਦੀਆਂ ਭੁੱਖਾਂ ਅਤੇ ਪੀੜਾਂ, ਭੈ ਅਤੇ ਆਸਾਂ ਇੱਕੋ ਜਿਹੇ ਹੋਣ ਉੱਤੇ ਵੀ ਅਸੀਂ ਸਾਰਿਆਂ ਨਾਲ ਇੱਕੋ ਜਿਹੀ ਸਹਾਨਭੂਤੀ ਨਹੀਂ ਰੱਖਦੇ। ਅਸਾਂ ਸੰਸਾਰ ਨੂੰ ਆਪਣਿਆਂ ਅਤੇ ਪਰਾਇਆਂ ਵਿੱਚ ਵੰਡ ਲਿਆ ਹੈ ਜਾਂ ਕਿਸੇ ਨੇ ਸਾਡੇ ਲਈ ਇਉਂ ਕਰ ਦਿੱਤਾ ਹੈ ਅਤੇ ਸਾਡੀ ਸਹਾਨਭੂਤੀ ਦੁਆਲੇ ਇੱਕ ਵਲਗਣ ਵਲ ਦਿੱਤੀ ਹੈ, ਸਾਡੇ ਵਿਚਲੀ ਮਨੁੱਖਤਾ ਦੇ ਵਿਕਾਸ ਨੂੰ ਰੋਕ ਦਿੱਤਾ ਹੈ। ਜਿਨ੍ਹਾਂ ਨਾਲ ਸਾਡੀ ਸਹਾਨਭੂਤੀ ਨਹੀਂ ਉਨ੍ਹਾਂ ਵਿੱਚੋਂ ਕੋਈ ਇੱਕ ਕੋਲੇ ਦੇ ਛਿਲਕੇ ਉੱਤੋਂ ਤਿਲਕਿਆ ਤਾਂ ਅਸੀਂ ਖਿੜਖਿੜਾ ਕੇ ਹੱਸੋ, ਅਸਾਂ ਇਸ ਵਿੱਚੋਂ ਮਨੋਰੰਜਨ ਮਹਿਸੂਸਿਆ, ਮਾਣਿਆ। ਦੂਜੇ ਕਿਸੇ ਸਮੇਂ ਸਾਡਾ ਪੰਜ-ਚਾਰ ਸਾਲ ਦਾ ਬੱਚਾ ਇਉਂ ਤਿਲਕਿਆ ਤਾਂ ਸਾਡੀ ਜਾਨ ਮੁੱਠ ਵਿੱਚ ਆ ਗਈ। ਅਸੀਂ ਦੌੜ ਕੇ ਗਏ, ਬੱਚੇ ਨੂੰ ਚੁੱਕ ਲਿਆ। ਏਨੇ ਪਰੇਸ਼ਾਨ ਹੋਏ ਕਿ ਇਹ ਗੱਲ ਵੀ ਸਾਨੂੰ ਹੋਰਨਾਂ ਨੇ ਦੱਸੀ ਕਿ ਇਸ ਨੂੰ ਕਿਸੇ ਡਾਕਟਰ ਕੋਲ ਲੈ ਜਾਇਆ ਜਾਵੇ।
"ਪਰਵਾਰਕ, ਧਾਰਮਕ, ਸੱਭਿਆਚਾਰਕ ਅਤੇ ਕੰਮੀ ਵਲਗਣਾਂ ਵਲੀਆਂ ਗਈਆਂ ਹਨ-ਸਾਡੀ ਸਹਾਨਭੂਤੀ ਦੁਆਲੇ ਅਤੇ ਇਉਂ ਵਲਗਣਾਂ ਵਿੱਚ ਵਲੀ ਹੋਈ ਸਹਾਨਭੂਤੀ ਸਾਡੇ ਮਨ ਦਾ ਨਿੱਜੀ ਸੁਭਾ ਨਾ ਹੋ ਕੇ ਸਾਡੇ ਉੱਤੇ ਬਾਹਰੋਂ ਲੱਦੀ ਹੋਈ ਇੱਕ ਫੱਟ ਹੈ: ਹਾਲਾਤ ਦੀ ਪੈਦਾ ਕੀਤੀ ਹੋਈ ਇੱਕ ਮਜਬੂਰੀ ਹੈ, ਇੱਕ ਲੋੜ ਹੈ, ਇੱਕ ਬਨਾਵਟ ਹੈ, ਸੁਆਰਥ ਹੈ। ਜੇ ਸਹਾਨਭੂਤੀ ਸਾਡੇ ਮਨ ਦਾ ਅਸਲਾ ਹੁੰਦੀ ਤਾਂ ਇਹ ਹਰ ਕਿਸੇ ਲਈ ਹੁੰਦੀ, ਪਸ਼ੂਆਂ-ਪੰਛੀਆਂ ਲਈ ਹੁੰਦੀ, ਆਪਣਿਆਂ-ਪਰਾਇਆਂ ਲਈ ਹੁੰਦੀ। ਜੇ ਇਉਂ ਹੁੰਦਾ ਤਾਂ ਅਸੀਂ ਕਿਨੇ ਸੁਹਣੇ ਮਨੁੱਖ ਹੁੰਦੇ। ਇਉਂ ਹੋਣ ਲਈ ਜ਼ਰੂਰੀ ਹੈ ਕਿ 'ਸਾਡੇ ਮਨ ਦੀ ਸਮੁੱਚੀ ਮਨੁੱਖਤਾ ਦੇ ਮਨ ਨਾਲ