

"ਓਪਰੀ ਨਜ਼ਰੇ ਭਾਵੇਂ ਖਰ੍ਹਵਾ ਹੀ ਦਿੱਸੇ, ਪਰ ਸੂਰ-ਸਾਗਰ ਦੇ ਵਾਤਸੱਲਯ ਨੂੰ ਜਿੰਨਾ ਉਹ ਮਾਣ ਸਕਦਾ ਹੈ, ਓਨਾ ਸੰਘਰਸ਼ੀ ਮਨ ਨਹੀਂ ਮਾਣ ਸਕਦਾ। ਰਾਮ ਅਤੇ ਭੀਲ ਦੀ ਮਿੱਤ੍ਰਤਾ ਨੂੰ ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਨੂੰ ਜਿੰਨਾ ਉਹ ਮਾਣ ਸਕਦਾ ਹੈ, ਸਤਿਕਾਰ ਸਕਦਾ ਹੈ, ਓਨਾ ਉਹ ਮਨ ਨਹੀਂ ਜਿਹੜਾ ਰਿਸ਼ਵਤ ਜਾਂ ਸਿਫ਼ਾਰਸ਼ ਦਾ ਕੋਈ ਢੰਗ ਵਰਤ ਕੇ ਕਿਸੇ ਇੰਟਰਵਿਊ ਵਿੱਚ ਆਪਣੇ ਵਰਗੇ ਇੱਕ ਉਮੀਦਵਾਰ ਨੂੰ ਪਛਾੜ ਕੇ ਸਫਲ ਹੋ ਜਾਣ ਨੂੰ ਸਾਧਾਰਨ ਅਤੇ ਸੁਭਾਵਕ ਸਮਝਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸੁਹਜ-ਸੁਆਦ ਦੀ ਸੰਭਾਵਨਾ ਮਨ-ਸਾਧਾਰਨ (ਜਾਂ ਮੇਰੇ ਸ਼ਬਦਾਂ ਵਿੱਚ ਜਨ-ਸਾਧਾਰਨ) ਵਿੱਚ ਕਿਤੇ ਵੱਧ ਹੈ।"
"ਪਾਪਾ, ਜਿਹੜੀ ਸੰਭਾਵਨਾ ਸਾਕਾਰ ਨਹੀਂ ਕੀਤੀ ਜਾ ਸਕਦੀ, ਉਸ ਦੀ ਹੋਂਦ-ਅਣਹੋਂਦ ਦੇ ਕੀ ਅਰਥ ਹਨ।"
"ਇਹ ਸੰਭਾਵਨਾ ਦਾ ਸਾਕਾਰ ਹੋਣਾ ਜਾਂ ਇਸ ਦੀ ਅਭਿਵਿਅਕਤੀ ਸੁਭਾਵਕ ਹੈ। ਇਹ ਸਦਾ ਹੀ ਆਪਣੀ ਅਭਿਵਿਅਕਤੀ ਲਈ ਅਹੁਲਦੀ ਰਹਿੰਦੀ ਹੈ। ਵੱਡਾ ਦੁਖਾਂਤ ਇਹ ਹੈ ਕਿ ਇਹ ਸੰਭਾਵਨਾ ਸਥਿਤ ਹੈ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਜਿਹੜੇ ਮਜਬੂਰ ਹਨ, ਲਾਚਾਰ ਹਨ, ਬੇ-ਸਹਾਰਾ ਹਨ। ਜਿਹੜੇ ਸਮਰਿੱਧ ਅਤੇ ਸ਼ਕਤੀਸ਼ਾਲੀ ਹਨ ਉਨ੍ਹਾਂ ਦੇ ਮਨ ਸੰਘਰਸ਼ ਦੇ ਵਿਸ਼ਵਾਸੀ ਹਨ। ਉਹ ਜਨ-ਸਾਧਾਰਨ ਨੂੰ ਆਪਣੀ ਮਰਜ਼ੀ ਦੇ ਸੁਆਦ ਲਾਉਂਦੇ ਹਨ। ਗੱਲ ਫ਼ਿਲਮਾਂ ਤੋਂ ਚੱਲੀ ਸੀ, ਮੁੜ ਫ਼ਿਲਮਾਂ ਵੱਲ ਮੁੜ ਪੈਂਦੇ ਹਾਂ। ਸਾਡੀਆਂ ਫ਼ਿਲਮਾਂ ਵਿਚਲੇ ਨਾਚਾਂ ਦੀ ਅਸ਼ਲੀਲਤਾ ਅਤੇ ਕਾਮੁਕਤਾ, ਇਨ੍ਹਾਂ ਵਿਚਲੇ ਗੀਤਾਂ ਦਾ ਗਵਾਰਪਨ ਅਤੇ ਨੰਗੇਜ, ਮਨ-ਸਾਧਾਰਨ ਤੋਂ ਮੰਗਿਆ ਹੋਇਆ ਨਹੀਂ ਮੰਨਿਆ ਜਾ ਸਕਦਾ। ਇਹ ਸਾਡੇ ਫ਼ਿਲਮੀ ਜਗਤ ਵਿੱਚ ਤਿਆਰ ਕੀਤੀ ਗਈ ਨਿਰਲੱਜਤਾ ਹੈ। ਆਪਣੀਆਂ ਲੋੜਾਂ-ਥੁੜਾਂ ਨਾਲ ਲੜਦਾ ਘੁਲਦਾ ਮਨ-ਸਾਧਾਰਨ ਬੇਨੀ 'ਉੱਚੀ ਕਲਪਨਾ ਕਰਨ ਦੇ ਯੋਗ ਕਿਵੇਂ ਹੋ ਸਕਦਾ ਹੈ ? ਇਹ ਵਿਹਲੇ, ਵਿਲਾਸੀ, ਸੁਆਰਥੀ ਅਤੇ ਲੋਭੀ ਮਨਾਂ ਦਾ ਕੰਮ ਹੈ। ਉਹ ਆਪਣਾ ਕੰਮ ਕਰੀ ਜਾ ਰਹੇ ਹਨ ਅਤੇ 'ਇਲਜ਼ਾਮ ਕਿਸੀ ਔਰ ਕੇ ਸਰ ਜਾਤਾ ਹੈ । ਬੁਰਾਈ ਦੀ ਜੜ੍ਹ ਕਲਾਕਾਰਾਂ, ਕਹਾਣੀਕਾਰਾਂ, ਕਵੀਆਂ ਆਦਿਕਾਂ ਦੇ ਮਾਨਸਿਕ ਰੋਗ ਵਿੱਚ ਹੈ। ਜਨ-ਮਨ ਉੱਕਾ ਨਿਰਦੋਸ਼ ਹੈ। ਉਸ ਵਿਚਲੀ ਭਾਵ-ਕੋਮਲਤਾ ਉਸ ਦੀਆਂ ਮਜਬੂਰੀਆਂ ਨਾਲ ਮਿਲ ਕੇ ਉਸ ਦੀ ਕਮਜ਼ੋਰੀ ਬਣ ਗਈ ਹੈ। ਸ਼ਹਿਰ ਦੀਆਂ ਗਲੀਆਂ ਦਾ ਗੰਦਾ ਪਾਣੀ ਉਸ ਨੀਵੀਂ ਥਾਂ ਦੀ ਉਪਜ ਨਹੀਂ ਹੁੰਦਾ ਜਿਥੇ ਇਕੱਠਾ ਹੋ ਗਿਆ ਹੁੰਦਾ ਹੈ। ਕਿੰਨਾ ਵੱਡਾ ਅਨਿਆ ਹੈ ਕਿ ਉਸ ਗੰਦਗੀ ਲਾਗੋਂ ਲੰਘਦਿਆਂ ਨੱਕ-ਬੁੱਲ੍ਹ ਵੀ ਉਹੋ ਲੋਕ ਵੱਟਦੇ ਹਨ ਜਿਨ੍ਹਾਂ ਦੇ ਘਰਾਂ ਵਿੱਚੋਂ ਉਪਜ ਕੇ ਉਹ ਆਈ ਹੁੰਦੀ ਹੈ।"
"ਪਾਪਾ, ਤੁਸੀਂ ਮਿਸਾਲਾ ਖੂਬ ਦਿੰਦੇ ਹੋ। ਸਾਡੇ ਸ਼ਹਿਰ (ਗੁਰਦਾਸਪੁਰ) ਵਿੱਚ ਤਹਿਸੀਲ ਦੇ ਸਾਹਮਣੇ ਇੱਕ ਸੁੱਕਾ ਹੋਇਆ ਤਾਲਾਬ ਹੈ। ਉਸ ਨੂੰ ਆਮ ਆਦਮੀਆਂ ਦੀ ਭਾਸ਼ਾ ਵਿੱਚ 'ਤਸੀਲ ਵਾਲਾ ਤਲਾਅ' ਆਖਿਆ ਜਾਂਦਾ ਹੈ। ਬਹਿਰ ਦੀ ਕਮੇਟੀ ਨੇ ਉਸ ਤਲਾਅ ਵਿੱਚ ਫੁੱਲ ਬੂਟੇ ਅਤੇ ਘਾਹ ਲਾ ਕੇ ਉਸ ਨੂੰ ਪਾਰਕ ਵਿੱਚ ਤਬਦੀਲ ਕਰ ਦਿੱਤਾ ਸੀ। ਜੇ ਇਉਂ ਨਾ ਕੀਤਾ ਹੁੰਦਾ ਤਾਂ ਚਾਰ-ਚੁਫੇਰੇ ਦਾ ਕੂੜਾ ਉਸ ਤਲਾਅ ਦੀ ਤਕਦੀਰ ਬਣ ਜਾਣਾ ਸੀ। ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਜਨ-ਮਨ ਨੂੰ ਉਸ ਸੁਹਜ-ਸੁਆਦ ਦਾ ਧਾਰਨੀ ਕਿਵੇਂ ਬਣਾਇਆ ਜਾਵੇ ਜਿਸ ਦੀ ਵਿਆਖਿਆ ਤੁਸਾਂ ਕੀਤੀ ਹੈ ?"
"ਹੋ ਸਕਦਾ ਹੋ ਬਾਕੀ ਸਾਰੀ ਦੁਨੀਆ ਦਾ ਵੀ ਏਹੋ ਹਾਲ ਹੋਵੇ; ਪਰ, ਮੈਂ ਕੇਵਲ ਪੰਜਾਬ ਦੇ ਜਨ-ਸਾਧਾਰਨ ਦੀ ਗੱਲ ਕਰ ਰਿਹਾ ਹਾਂ। ਏਥੋਂ ਦੇ ਜਨ-ਸਾਧਾਰਨ ਦੇ ਮਨੋਰੰਜਨਾਂ ਵਿੱਚ ਸਿਨਮਾ ਅਤੇ ਸਾਹਿਤ ਨੂੰ ਹੀ ਵਿਸ਼ੇਸ਼ ਥਾਂ ਪ੍ਰਾਪਤ ਹੈ। ਅੱਜ-ਕੱਲ੍ਹ ਜਨ-ਸਾਧਾਰਨ ਦੇ ਮਨੋਰੰਜਨ