

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਸਾਰਿਆਂ ਸਰੀਰਾਂ ਦਾ ਮੇਰੁ=ਸ਼ਰੋਮਣੀ ਜੋ ਜੀਵ ਹੈ, ਇਕ ਇਸ ਦਾ ਰਥ ਹੈ ਇਕ ਇਸ ਦਾ ਰਥਵਾਹੀ ਹੈ।
ਪੁਨਾ- ਬੇਨਤੀ ਕੀਤੀ, ਰਥ ਰਥਵਾਹੀ ਤੇ ਜੀਵ, ਇਹ ਤਿੰਨੇ ਸਾਰਿਆਂ ਜੁਗਾਂ ਵਿਚ ਇਕ ਹੀ ਰਹਿੰਦੇ ਹਨ ਜਾਂ ਬਦਲ ਜਾਂਦੇ ਹਨ ?
ਗੁਰ ਉੱਤਰ-
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥
ਜੁਗਾਂ ਜੁਗਾਂ ਵਿਚ ਫੇਰਿ=ਰਥ ਤੇ ਰਥਵਾਹੀ, ਵਟਾਈਅਹਿ=ਬਦਲਾਏ ਜਾਂਦੇ ਹਨ ਪਰ ਰਥੀ ਜੀਵ ਇਕ ਹੀ ਰਹਿੰਦਾ ਹੈ।
ਇਸ ਗੱਲ ਨੂੰ ਕੇਵਲ ਗਿਆਨਵਾਨ ਹੀ ਬੁਝਹਿ=ਜਾਣਦੇ ਹਨ।
ਯਥਾ- ਭਾਈ ਗੁਰਦਾਸ ਜੀ ਨੇ ਵਾਰ ੧ ਪਉੜੀ ੧੫ ਵਿਖੇ ਲਿਖਿਆ ਹੈ-
ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੈ ਜਾਵੈ।
ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ॥
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥
(ਅਸਲ ਪਾਠ ਇਹੋ ਠੀਕ ਹੈ ਪਰ ਅਰਥ ਵਾਸਤੇ ਐਸੇ ਪਾਠ ਕਰਨਾ)
'ਸਤਜੁਗਿ ਰਥੁ ਸੰਤੋਖ ਕਾ ਸਤੁ ਅਗੈ ਰਥਵਾਹੁ॥"
(ਏਥੇ 'ਸਤਾ ਇਸ ਵਾਸਤੇ ਨਹੀਂ ਲਿਖਿਆ ਜੋ ਪਿੰਗਲ ਅਨੁਸਾਰ ਮਾਤ੍ਰਾ ਵਿਚ ਫ਼ਰਕ ਪੈਂਦਾ ਸੀ, ਇਸ ਵਾਸਤੇ ਏਥੇ 'ਧਰਮ' ਕਿਹਾ ਹੈ।)
ਸਤਿਜੁਗ ਵਿਚ ਸਰੀਰਾਂ ਰੂਪੀ ਰਥ ਸੰਤੋਖ-ਮਈ ਸਨ, ਖਾਣ ਨੂੰ ਭਾਵੇਂ ਨਾ ਮਿਲੇ ਪਰ ਸਮਾਧੀਆਂ ਲਗਾਈ ਰਖਦੇ ਸਨ ਤੇ ਸੱਚ ਬੋਲਣਾ ਇਹ ਅਗੇ ਰਥਵਾਹੀ ਸੀ।
ਯਥਾ- ਸਤਜੁਗਿ ਸਤੁ ਸੰਤੋਖੁ ਸਰੀਰਾ॥ ਸਤਿ ਸਤਿ ਵਰਤੈ ਗਹਿਰ ਗੰਭੀਰਾ॥
ਸਤਜੁਗਿ ਸਾਚੁ ਕਹੈ ਸਭੁ ਕੋਈ॥ ਸਚਿ ਵਰਤੈ ਸਾਚਾ ਸੋਈ॥
(ਮਾਰੂ ਸੋਲਹੇ ਮ: ੧, ਪੰਨਾ ੧੦੨੩)
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਤਰੇਤੇ ਜੁਗ ਵਿਖੇ ਸਰੀਰਾਂ ਰੂਪੀ ਰਥ ਜਤ-ਮਈ ਸਨ। ਜੋਰੁ=ਬਲ ਜੇਹੜਾ ਹੈ ਇਹ ਅਗੇ ਰਥਵਾਹੀ ਸੀ। ਭਾਵ ਬਲ ਕਰਕੇ ਇੰਦ੍ਰੀਆਂ ਦਾ ਦਮਨ ਕਰਦੇ ਸਨ।