

ਯਥਾ- ਤਰੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ॥
(ਆਸਾ ਮਹਲਾ ੪, ਪੰਨਾ ੪੪੫)
ਅਥਵਾ:- ਜੋਰੁ=ਗਿਆਨ ਹੋਣਾ ਇਹ ਅਗੇ ਰਥਵਾਹੀ ਸੀ।
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਦੁਆਪਰ ਜੁਗ ਵਿਖੇ ਸਰੀਰਾਂ ਰੂਪੀ ਰਥ ਤਪ-ਮਈ ਸਨ। (ਸਤ ਦੀ ਜਗ੍ਹਾਂ ਇਥੇ ਧਰਮ ਦਾ ਗ੍ਰਹਿਣ ਕਰਨਾ।) ਧਰਮੁ ਅਗੈ ਰਥਵਾਹੁ॥ ਧਰਮ ਧਾਰਨਾ ਇਹ ਅਗੇ ਰਥਵਾਹੀ ਸੀ।
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥
ਕਲਜੁਗ ਵਿਖੇ ਸਰੀਰਾਂ ਰੂਪੀ ਰਥ ਅਗਨਿ=ਕ੍ਰੋਧ-ਮਈ ਹਨ ਤੇ ਕੂੜੁ=ਝੂਠ ਬੋਲਣਾ ਇਹ ਅਗੇ ਰਥਵਾਹੀ ਹੈ॥੧॥
ਪੁਨਾ- ਬੇਨਤੀ ਕੀਤੀ, ਹੇ ਪ੍ਰਭੂ! ਆਪ ਕ੍ਰਿਪਾ ਕਰਕੇ ਚਾਰੇ ਜੁਗਾਂ ਦੇ ਅਵਤਾਰ ਅਤੇ ਚਾਰੇ ਜੁਗਾਂ ਦੇ ਵੇਦ ਕਥਨ ਕਰੋ ਇਹ ਗੱਲ ਸੁਣਕੇ ਗੁਰੂ ਜੀ ਆਖਦੇ ਹਨ-
ਮਃ ੧ ॥
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ॥
ਸ਼ਾਮ ਵੇਦ ਕਥਨ ਕਰਦਾ ਹੈ ਕਿ ਸਤਜੁਗ ਦਾ ਸੁਆਮੀ ਸੇਤ+ਅੰਬਰੁ=ਚਿੱਟੇ ਕਪੜਿਆਂ ਵਾਲਾ ਹੰਸ ਅਵਤਾਰ ਹੈ।
ਸ਼ੰਕਾ- ਵੇਦਾਂ ਵਿਚ ਅਵਤਾਰਾਂ ਦਾ ਕੋਈ ਜ਼ਿਕਰ ਨਹੀਂ ਆਉਂਦਾ। ਇਸ ਕਰਕੇ ਅੱਖਰਾਂ ਦੀ ਲਵੰਤਾ ਇਸ ਤਰ੍ਹਾਂ ਲਗਾਉਣੀ ਕਿ ਸਤਜੁਗ ਦਾ ਵੇਦ ਸ਼ਾਮ ਹੈ ਅਤੇ ਚਿੱਟੇ ਕਪੜਿਆਂ ਵਾਲਾ ਸੁਆਮੀ ਹੰਸ ਅਵਤਾਰ ਕਥਨ ਕੀਤਾ ਹੈ। ਸਤਜੁਗ ਵਿਚ ਸਾਰੇ ਜੀਵ ਮਨ ਕਰਕੇ ਸੱਚ ਵਿਚ ਆਛੈ=ਹੈਸਨ ਅਤੇ ਬਾਣੀ ਕਰਕੇ ਵੀ ਸੱਚ ਵਿਚ ਰਹਿੰਦੇ ਸਨ।
ਸਭੁ ਕੋ ਸਚਿ ਸਮਾਵੈ ॥
ਤਨ ਕਰਕੇ ਵੀ ਸਭ ਕੋਈ ਸੱਚ ਵਿਚ ਸਮਾਂਵਦੇ ਸਨ।
ਰਿਗੁ ਕਹੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥
ਰਿਗੁ ਵੇਦ ਐਸੇ ਕਥਨ ਕਰਦਾ ਹੈ ਕਿ ਜੋ ਪਰਮਾਤਮਾ ਸਾਰੇ ਭਰਪੂਰ ਹੋ ਰਿਹਾ ਹੈ। ਤੇ ਸਾਰਿਆਂ ਵਿਚ ਸੂਰਬੀਰ ਹੈ, ਓਹੀ 'ਰਾਮ ਨਾਮਾ ਰਾਮ ਚੰਦਰ ਰੂਪ ਹੋ ਰਿਹਾ ਹੈ। ਸ਼ੰਕਾ- ਰਿਗਵੇਦ ਵਿਚ ਵੀ ਅਵਤਾਰਾਂ ਦਾ ਕੋਈ ਜ਼ਿਕਰ ਨਹੀਂ ਆਉਂਦਾ।