Back ArrowLogo
Info
Profile

ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥

ਸਭ ਕੋਈ ਆਪਣੇ ਅਗੇ ਲੋਕਾਂ ਨੂੰ ਨਿਵਾਇਆ ਚਾਹੁੰਦਾ ਹੈ। ਪਰਾਏ ਅਗੇ ਕੋਈ ਨਿਵਾਇਆ ਨਹੀਂ ਚਾਹੁੰਦਾ।

ਅਥਵਾ:- ਸਭ ਕੋਈ ਆਪਣੇ ਵਾਸਤੇ ਨਿਵੰਦਾ ਹੈ ਪਰ ਦੂਸਰੇ ਨੂੰ ਕੋਈ ਨਹੀਂ ਨਿੰਵਦਾ, ਕਿਉਂਕਿ ਦਿਲ ਵਿਚ ਖਿਆਲ ਹੁੰਦਾ ਹੈ ਕਿ ਅੱਜ ਮੈਂ ਮੱਥਾ ਟੇਕਾਂਗਾ ਕਲ ਨੂੰ ਇਹ ਭੀ ਟੇਕੇਗਾ ਪਰ ਨੀਵਾਂ ਬਣਨਾ ਸਭ ਤੋਂ ਚੰਗਾ ਹੈ, ਕਿਉਂਕਿ ਇਸ ਨਿਵਣੇ ਵਿਚ ਨੀਚਾਪਨ ਨਹੀਂ ਸਗੋਂ ਇਸ ਵਿਚ ਗੌਰਵਤਾ ਹੈ। ਜਿਵੇਂ ਪ੍ਰਤੱਖ ਕੋਈ ਸ਼ੈਅ-

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥

ਤੱਕੜੀ ਵਿਚ ਧਰ ਕੇ ਅਥਵਾ:-ਤਾਰਾਜੂ=ਤੱਕੜੀ ਨੂੰ ਹੱਥ ਵਿਚ ਧਰਿ=ਫੜ ਕੇ ਤੋਲੀਏ ਤਾਂ ਜੇਹੜਾ ਛਾਬਾ ਨਿਉਂਦਾ ਹੈ ਅਰਥਾਤ ਹੇਠਾਂ ਹੁੰਦਾ ਹੈ ਓਹੀ ਗਉਰਾ=ਭਾਰੀ ਹੁੰਦਾ ਹੈ।

ਯਥਾ- ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰ ਹਰਦਾਸ।

ਗਉਰਾ ਸੋ ਧਰਤੀ ਰਹਿਓ ਹਉਰਾ ਚੜ੍ਹਿਓ ਅਕਾਸ਼।

ਨਿਵਣ ਵਿਚ ਵੀ ਵਿਚਾਰ ਹੈ, ਇਕ ਨਿਵਣਾ ਦੁੱਖ ਰੂਪ ਹੈ, ਇਕ ਨਿਵਣਾ ਸੁਖ ਰੂਪ ਹੈ।

ਯਥਾ- ਨਿਵਣ ਨੀਚ ਕੀ ਅਤਿ ਦੁਖਦਾਈ॥ ਜਿਉ ਅੰਕੁਸ* ਧਨ** ਉਰਗ+ ਬਿਲਾਈ++।।

(ਤੁਲਸੀ ਰਮੈਣ)

ਇਹ ਨਿਵਣਾ ਦੁੱਖ ਰੂਪ ਹੈ।

ਏਸੇ ਤਰ੍ਹਾਂ-ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ ॥

(ਸੁਖਮਨੀ, ਪੰਨਾ ੨੬੬)

ਪਰੰਤੂ ਹਿਰਦੇ ਅੰਦਰ ਔਗੁਣ ਰੱਖ ਕੇ ਜੋ ਨਿਊਣਾ ਹੈ ਉਹ ਨਿਊਣਾ ਕਿਸੇ ਕੰਮ ਨਹੀਂ।

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥

ਅਪਰਾਧੀ=ਗੁਨਾਹਾਂ ਵਾਲਾ, ਦੋਖੀ ਪੁਰਸ਼ ਦੂਣਾ ਨਿਊਂਦਾ ਹੈ ਜੋ ਮਿਰਗਾਹਿ=ਹਰਨ ਆਦਿਕਾਂ ਦੇ ਹੰਤਾ=ਮਾਰਨ ਵਾਲਾ ਹੈ, ਕਿਉਂਕਿ ਹਰਨ ਨੂੰ ਮਾਰਨ ਵਾਲਾ ਹੇੜੀ ਨਿਉਂਕੇ ਸ਼ਿਸਤ ਲੈਂਦਾ ਹੈ।

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥੧॥

------------------------

* ਕੁੰਡਾ, ** ਧਨੁਖ, +ਸੱਪ, ++ ਬਿੱਲੀ।

130 / 355
Previous
Next