Back ArrowLogo
Info
Profile

ਇਸ ਤਰ੍ਹਾਂ ਸਿਰ ਨਿਵਾਣੇ ਤੇ ਕੀ ਲਾਭ ਹੁੰਦਾ ਹੈ ਜਾਂ ਇਸ ਦਾ ਦਿਲ ਕੁਸੁਧੇ= ਅਪਵਿੱਤ੍ਰਤਾਈਆਂ ਵਿਚ ਰੁਝਾ ਰਹਿੰਦਾ ਹੈ। ਜੇਕਰ ਦਿਲ ਨੂੰ ਸਾਫ਼ ਕਰ ਕੇ ਗੁਰਾਂ ਅਗੇ ਸਿਰ ਨਿਵਾਏ ਤਾਂ ਜਮਾਂ ਦੀ ਸੱਟ ਤੋਂ ਬਚ ਜਾਂਦਾ ਹੈ॥੧॥

ਯਥਾ- ਸੀਸ ਨਿਵਾਇਆਂ ਗਿਰ ਪਰਤ ਬਹੁ ਪਾਪਨ ਕੀ ਪੋਟ।

ਤਾਂਤੇ ਸੀਸ ਨਿਵਾਇਐ ਲਗੈ ਨ ਜਮ ਕੀ ਚੋਟ।

ਮਃ ੧ ॥ ਪੜਿ ਪੁਸਤਕ ਸੰਧਿਆ ਬਾਦੰ॥

ਪਖੰਡ ਪੂਰਬਕ ਚਾਹੇ ਪੁਸਤਕਾਂ ਨੂੰ ਪੜ੍ਹ ਲਵੇ, ਚਾਹੇ ਤ੍ਰਿਕਾਲ ਸੰਧਿਆ ਵੀ ਕਰ ਲਵੇ, ਇਹ ਸਭ ਬਾਦੰ=ਵਿਅਰਥ ਹਨ।

ਸਿਲ ਪੂਜਸਿ ਬਗੁਲ ਸਮਾਧੰ ॥

(ੳ) ਭਾਵੇਂ ਸਿਲ=ਠਾਕੁਰ ਦੀ ਮੂਰਤੀ ਨੂੰ ਪੂਜ ਕੇ ਬਗਲੇ ਵਤ ਸਮਾਧੀ ਲਗਾ ਲਵੇ।

(ਅ) ਚਾਹੇ ਸਿਲਾ ਨੂੰ ਪੂਜ ਕੇ ਆਪਣੀ ਬਗੁਲ=ਕਿਨਾਰੇ 'ਪਰ ਸਮਾਧੀ ਲਗਾ ਲਵੇ।

(ੲ) ਸਿਲਾ ਨੂੰ ਪੂਜ ਕੇ ਆਪਣੀ ਬਗਲ ਵਿਚ ਲੈ ਕੇ ਚਾਹੇ ਸਮਾਧੀ ਲਗਾ ਲਵੇ ਇਹ ਪਖੰਡ ਵਾਲੇ ਕਰਮ ਸਭ ਵਿਅਰਥ ਹਨ।

ਮੁਖਿ ਝੂਠੁ ਬਿਭੂਖਣ ਸਾਰੰ ॥

ਮੁਖ ਤੋਂ ਐਸਾ ਝੂਠ ਬੋਲਣਾ ਜੋ ਸਾਰੰ=ਸੋਨੇ ਦੇ ਬਿਭੂਖਣ=ਗਹਿਣੇ ਵਾਂਗ ਸੱਚਾ ਕਰ ਵਿਖਾਉਣਾ।

ਸਾਖੀ-ਰਾਜੇ ਦੀ

ਇਕ ਰਾਜਾ ਸੀ, ਉਸ ਨੇ ਇਕ ਦਿਨ ਆਪਣੇ ਮੰਤ੍ਰੀਆਂ ਨੂੰ ਪੁਛਿਆ ਕਿ ਮੇਰੇ ਹੱਥ ਦੀਆਂ ਤਲੀਆਂ ਤੇ ਰੋਮ ਕਿਉਂ ਨਹੀਂ ਹੁੰਦੇ ?

ਮੰਤ੍ਰੀਆਂ ਨੇ ਕਿਹਾ-ਹੇ ਰਾਜਨ ! ਆਪ ਹਮੇਸ਼ਾਂ ਦਾਨ ਕਰਦੇ ਰਹਿੰਦੇ ਹੋ ਇਸ ਕਰਕੇ ਆਪ ਦੀਆਂ ਤਲੀਆਂ ਤੇ ਰੋਮ ਨਹੀਂ ਹੁੰਦੇ। ਰਾਜੇ ਨੇ ਕਿਹਾ ਫੇਰ ਤੁਹਾਡੀਆਂ ਤਲੀਆਂ ਤੇ ਰੋਮ ਕਿਉਂ ਨਹੀਂ ? ਤਾਂ ਮੰਤ੍ਰੀਆਂ ਨੇ ਕਿਹਾ ਅਸੀਂ ਆਪ ਪਾਸੋਂ ਪਦਾਰਥ ਲੈਂਦੇ ਰਹਿੰਦੇ ਹਾਂ ਇਸ ਵਾਸਤੇ ਸਾਡੀਆਂ ਹੱਥ ਦੀਆਂ ਤਲੀਆਂ 'ਪਰ ਰੋਮ ਨਹੀਂ ਹਨ। ਰਾਜਾ ਇਹ ਸੁਣਕੇ ਬੜਾ ਅਸਚਰਜ ਹੋਇਆ।

ਆਖ਼ਰ ਰਾਜੇ ਨੇ ਫੇਰ ਮੰਤ੍ਰੀਆਂ ਨੂੰ ਕਿਹਾ ਕਿ ਲੋਕਾਂ ਦੇ ਹੱਥ ਦੀਆਂ ਤਲੀਆਂ 'ਪਰ ਰੋਮ ਕਿਉਂ ਨਹੀਂ ਹੁੰਦੇ ? ਤਾਂ ਮੰਤ੍ਰੀਆਂ ਨੇ ਕਿਹਾ ਉਹਨਾਂ ਨੂੰ ਕੁਝ ਮਿਲਦਾ ਨਹੀਂ ਤੇ ਓਹ ਹੱਥ ਦੀਆਂ ਤਲੀਆਂ ਮਲਦੇ ਰਹਿੰਦੇ ਹਨ ਇਸ ਵਾਸਤੇ ਉਹਨਾਂ ਦੀਆਂ ਤਲੀਆਂ 'ਪਰ ਰੋਮ ਨਹੀਂ ਹਨ।

131 / 355
Previous
Next