

ਜਦ ਉਸ ਲੜਕੀ ਦੇ ਬੱਚਾ ਪੈਦਾ ਹੋ ਗਿਆ ਤਾਂ ਉਸ ਨੇ ਰਾਜੇ ਯੁਧਿਸ਼ਟਰ ਨੂੰ ਬੜੀਆਂ ਅਸੀਸਾਂ ਦਿੱਤੀਆਂ।
ਪੁਨਾ- ਰਾਜਾ ਯੁਧਿਸ਼ਟਰ ਜੀ ਉਸ ਦੇ ਖਾਨ ਪਾਨ ਵਾਸਤੇ ਕੁਝ-ਕੁ ਨਕਦੀ ਤੇ ਇਕ ਸੋਨੇ ਦੀ ਮੁੰਦਰੀ ਦੇ ਕੇ ਵਾਪਸ ਆ ਗਏ।
ਹਸਤਨਾਪੁਰ ਵਿਚ ਵਾਪਸ ਆ ਕੇ ਉਹ ਬਸਤ੍ਰ ਲਾਹ ਕੇ ਅਰ ਇਸ਼ਨਾਨ ਆਦਿ ਕਰਕੇ ਹੋਰ ਚੰਗੇ ਬਸਤ੍ਰ ਪਹਿਨ ਲਏ ਤੇ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਵਾਸਤੇ ਮਨ ਲੋਚਦਾ ਸੀ ਉਸੇ ਵੇਲੇ ਆ ਕੇ ਕ੍ਰਿਸ਼ਨ ਮਹਾਰਾਜ ਜੀ ਦੇ ਪਾਸ ਪੁੱਜੇ। ਅੰਤਰਜਾਮੀ ਕ੍ਰਿਸ਼ਨ ਜੀ ਨੇ ਯੁਧਿਸ਼ਟਰ ਨੂੰ ਦੂਰੋਂ ਆਉਦਿਆਂ ਦੇਖ ਕੇ ਬੜੀ ਪ੍ਰਸੰਨਤਾ ਨਾਲ ਕਿਹਾ, ਆਓ ਭਗਤ ਜੀ! ਬੜੀ ਕ੍ਰਿਪਾ ਕੀਤੀ, ਦਰਸ਼ਨ ਬਖ਼ਸ਼ੇ ਹਨ।
ਯੁਧਿਸ਼ਟਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ-ਮਹਾਰਾਜ ! ਮੈਂ ਕਾਫ਼ੀ ਸਮੇਂ ਤੋਂ ਆਪ ਜੀ ਦੀ ਪਵਿੱਤ੍ਰ ਰਸਨਾ ਤੋਂ ਇਹ 'ਭਗਤ' ਵਾਲਾ ਸ਼ਬਦ ਸੁਣਨਾ ਚਾਹੁੰਦਾ ਸੀ। ਅੱਜ ਕੀ ਕਾਰਨ ਹੈ ਆਪ ਜੀ ਨੇ ਆਉਂਦਿਆਂ ਸਾਰ ਹੀ ਮੈਨੂੰ ਭਗਤ ਕਹਿ ਕੇ ਮੇਰੀ ਦਿਲੀ ਇੱਛਾ ਪੂਰੀ ਕਰ ਦਿੱਤੀ ਹੈ ?
ਇਹ ਗੱਲ ਸੁਣਕੇ ਭਗਵਾਨ ਜੀ ਕਹਿਣ ਲੱਗੇ-ਹੇ ਰਾਜਨ! ਅੱਜ ਤੈਨੇ ਭਗਤਾਂ ਵਾਲਾ ਕੰਮ ਕੀਤਾ ਹੈ, ਏਸ ਕਰਕੇ ਮੈਂ ਤੈਨੂੰ ਅੱਜ 'ਆਓ ਭਗਤ ਜੀ ਆਖਿਆ ਹੈ, ਕਿਉਂਕਿ ਤੈਨੇ ਆਪਣੇ ਸ਼ਾਹੀ ਠਾਠ ਤੇ ਪੁਜ਼ੀਸ਼ਨ ਦਾ ਖ਼ਿਆਲ ਨਾ ਕਰਦੇ ਹੋਇਆਂ ਭੀਲਾਂ ਦੇ ਘਰ ਜਾ ਕੇ ਨੀਚ ਦਾਈਆਂ ਵਾਲਾ ਕਰਮ ਕੀਤਾ ਹੈ। ਇਸ ਤੋਂ ਉਪਰ ਹੋਰ ਕੋਈ ਦਯਾ ਨਹੀਂ ਹੈ, ਮੈਂ ਤੇਰੇ 'ਪਰ ਇਸ ਲਈ ਬੜਾ ਪ੍ਰਸੰਨ ਹਾਂ, ਕਿਉਂਕਿ ਜੀਵਾਂ 'ਪਰ ਜੇਹੜੀ ਦਯਾ ਕਰਨੀ ਹੈ, ਏਹੀ ਸਭ ਤੋਂ ਵੱਡਾ ਪੁੰਨ ਹੈ।
ਯਥਾ- ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥
(ਮਾਝ ਮ: ੫, ਪੰਨਾ ੧੩੬)
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਇਹ ਗਿਆਨ ਰੂਪ ਜਨੇਉ ਜੀਅ ਨਾਲ ਨਿਭਣ ਵਾਲਾ ਹੈ।
ਹੇ ਪੰਡਿਤ ! ਇਸ ਤਰ੍ਹਾਂ ਦਾ ਜਨੇਊ ਜੇ ਤੇਰੇ ਪਾਸ ਹੈ ਤਾਂ ਸਾਡੇ ਗਲ ਵਿਚ ਘਤੁ=ਪਾ ਦੇਹ।
ਪ੍ਰਤੱਖ ਜਨੇਊ ਤਾਂ ਟੁਟ ਵੀ ਜਾਂਦਾ ਹੈ ਉਸ ਨੂੰ ਮੈਲ ਵੀ ਲੱਗ ਜਾਂਦੀ ਹੈ, ਸੜ ਵੀ ਜਾਂਦਾ ਹੈ ਤੇ ਜਦ ਤੱਕ ਸਰੀਰ ਵਿਖੇ ਸਵਾਸ ਹਨ ਓਨਾਂ ਚਿਰ ਨਾਲ ਰਹਿੰਦਾ ਹੈ।
ਯਥਾ- ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ॥
(ਆਸਾ ਮ: ੫, ਪੰਨਾ ੩੫੫)