

ਇਹ ਪੂਤ=ਪਵਿੱਤਰ ਜਨੇਊ ਕਦੇ ਤੁਟਦਾ ਨਹੀਂ॥ ੩॥
ਜਨੇਊ ਪਹਿਰ ਕੇ ਜੀਵ ਨੂੰ ਚਾਹੀਦਾ ਸੀ ਪਹਿਲੇ ਇੰਦ੍ਰੀਆਂ ਨੂੰ ਵਿਸ਼ਿਆਂ ਵਲੋਂ ਰੋਕਦਾ।
ਯਥਾ-ਰਾਮਕਲੀ ਵਿਚ ਕਥਨ ਕੀਤਾ ਹੈ-
'ਜਤ ਵਿਣ ਕਾਹੇ ਜਨੇਊ’
ਜਤੀ ਹੋਏ ਬਿਨਾਂ ਜਨੇਊ ਪਹਿਰਿਆ ਕਿਸੇ ਕੰਮ ਨਹੀਂ। ਪ੍ਰਤੱਖ ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਪਰਮੇਸ਼ਰ ਦੀ ਦਰਗਾਹ ਵਿਚ ਸੁਰਖ਼ਰੂ ਹੋਣ ਦੀ ਜੇਹੜੀ ਆਸ ਰੱਖਣੀ ਹੈ ਸੋ ਵਿਅਰਥ ਹੈ। ਪਰਮੇਸ਼ਰ ਦੀ ਦਰਗਾਹ ਵਿਚ ਤਾਂ ਹੀ ਮਾਣ ਮਿਲਦਾ ਹੈ ਜੇਕਰ ਬ੍ਰਹਮ ਗਿਆਨ ਰੂਪੀ ਜਨੇਊ ਨੂੰ ਪਹਿਰਨਾ ਕਰੇ।
ਮਃ ੧ ॥ ਤਗੁ ਨ ਇੰਦ੍ਰੀ ਤਗੁ ਨ ਨਾਰੀ ॥
ਭਲਕੇ ਥੁਕ ਪਵੈ ਨਿਤ ਦਾੜੀ॥
ਪਰ ਇਸ ਜੀਵ ਨੇ ਇੰਦ੍ਰੀਆਂ ਨੂੰ ਵਿਸ਼ੇ ਵਿਕਾਰਾਂ ਵਲੋਂ ਤਗੁ+ਨ=ਰੋਕਣਾ ਨਹੀਂ ਕੀਤਾ ਅਤੇ ਮਨ ਨੂੰ ਔਰਤ ਵਲੋਂ ਤਗੁ+ਨ=ਰੋਕਣਾ ਨਹੀਂ ਕੀਤਾ।
ਏਸ ਵਾਸਤੇ ਭਲਕੇ=ਹਮੇਸ਼ਾ ਅਥਵਾ— ਸਵੇਰੇ ਦਾਹੜੀ ਵਿਚ ਲਾਹਨਤਾਂ ਰੂਪੀ ਥੁਕਾਂ ਪੈਂਦੀਆਂ ਹਨ।
ਤਗੁ ਨ ਪੈਰੀ ਤਗੁ ਨ ਹਥੀ ॥ ਤਗੁ ਨ ਜਿਹਵਾ ਤਗੁ ਨ ਅਖੀ ॥
ਭੈੜੇ ਰਸਤਿਆਂ ਵਲੋਂ ਪੈਰਾਂ ਨੂੰ ਤਗੁ+ਨ=ਰੋਕਿਆ ਨਹੀਂ ਅਤੇ ਹੱਥਾਂ ਨੂੰ ਚੋਰੀ ਵਲੋਂ ਤਗੁ+ਨ=ਰੋਕਣਾ ਨਹੀਂ ਕੀਤਾ।
ਨਿੰਦਿਆ ਕਰਨ ਵਲੋਂ ਜਿਹਵਾ ਨੂੰ ਨਹੀਂ ਰੋਕਣਾ ਕੀਤਾ, ਅੱਖਾਂ ਨੂੰ ਤਮਾਸ਼ੇ ਵੇਖਣ ਵਲੋਂ ਰੋਕਣਾ ਨਹੀਂ ਕੀਤਾ।
ਵੇਤਗਾ ਆਪੇ ਵਤੈ॥ ਵਟਿ ਧਾਗੇ ਅਵਰਾ ਘਤੈ ॥
ਹੇ ਪੰਡਿਤ ਜੀ ! ਤੁਸੀਂ ਆਪ ਤਾਂ ਵੇ+ਤਗਾ=ਰਹਿਤ ਜਨੇਊ ਤੋਂ ਵਤੈ=ਫਿਰਦੇ ਹੋ।
ਤੇ ਪ੍ਰਤੱਖ ਧਾਗਿਆਂ ਨੂੰ ਵੱਟ ਕੇ ਹੋਰਨਾਂ ਦੇ ਗਲ ਵਿਚ ਘਤੈ=ਪਾਂਵਦੇ ਹੋ ਪਰ ਤੁਹਾਡੇ ਜਿਹੇ ਆਗੂਆਂ ਦੀ ਕਦੇ ਮੁਕਤੀ ਨਹੀਂ ਹੋਣੀ।
ਯਥਾ- ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥
(ਗਉੜੀ ਸੁਖਮਨੀ, ਪੰਨਾ ੨੬੯)
ਤਥਾ- ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥
(ਆਸਾ ਮਹਲਾ ੫, ਪੰਨਾ ੩੭੨)