

ਸਾਖੀ-ਪਰਮਹੰਸ ਬ੍ਰਾਹਮਣ ਦੀ
ਇਕ ਪਿੰਡ ਵਿਚ ਪਰਮਹੰਸ ਬ੍ਰਾਹਮਣ ਆਪਣੀ ਪੂਜਾ ਪ੍ਰਤਿਸ਼ਟਾ ਬਹੁਤ ਹੀ ਕਰਵਾ ਰਿਹਾ ਸੀ, ਦੇਵ ਨੇਤ ਨਾਲ ਇਕ ਰਮਤਾ ਸਿੱਖ ਬ੍ਰਾਹਮਣ ਓਥੇ ਆ ਪਹੁੰਚਾ। ਜਿਸ ਵੇਲੇ ਉਸ ਨੇ ਆਪਣੇ ਪਿਆਰ ਭਰੇ ਬਚਨਾਂ ਦੀ ਕਥਾ ਕੀਤੀ ਤਾਂ ਲੋਕ ਬਹੁਤ ਪ੍ਰਸੰਨ ਹੋਏ, ਪਿੰਡ ਵਾਸੀ ਲੋਕਾਂ ਦੀ ਰੁਚੀ ਬਹੁਤ ਸਾਰੀ ਉਸ ਪਾਸੇ ਹੋ ਗਈ।
ਤਾਂ ਪਰਮਹੰਸ ਬ੍ਰਾਹਮਣ ਬਹੁਤ ਦੁੱਖੀ ਹੋਇਆ, ਆਪਣੀ ਪੂਜਾ ਘਟਦੀ ਵੇਖ ਕੇ ਵਿਚਾਰਦਾ ਹੈ ਕਿ ਇਸ ਨੂੰ ਇਥੋਂ ਕੱਢਣਾ ਚਾਹੀਦਾ ਹੈ ਹੋਰ ਕੁਝ ਪੇਸ਼ ਨਾ ਗਈ, ਉਸ ਵੇਲੇ ਪਰਮਹੰਸ ਬ੍ਰਾਹਮਣ, ਸਿੱਖ ਬ੍ਰਾਹਮਣ ਪਾਸ ਜਾ ਕੇ ਆਖਦਾ ਹੈ-
'ਯਸਏ ਪਵੀਤੋ ਨਾਸਤੀ ਸ ਚੰਡਾਲੰ ਸਿਆਤ’
ਜੋ ਪੁਰਸ਼ ਜਨੇਊ ਨਹੀਂ ਪਾਉਂਦਾ, ਉਹ ਚੰਡਾਲ ਹੈ। ਇਹ ਗੱਲ ਸੁਣਕੇ ਸਿੱਖ ਬ੍ਰਾਹਮਣ ਨੇ ਕਿਹਾ-
'ਤਵ ਮਾਤੂ ਪਵੀਤੋ ਨਾਸਤੀ ਸਾ ਚਾਂਡਾਲੀ ਸਿਆਤ ਤਸਿਯਾ ਉਦਰੇ ਬਿਪਰੰ ਕਿ ਮੁਚ੍ਯਤੇ॥
ਤੇਰੀ ਮਾਂ ਨੇ ਜਨੇਊ ਨਹੀਂ ਪਹਿਰਿਆ ਇਸ ਕਰਕੇ ਉਹ ਚੰਡਾਲਣੀ ਹੈ। ਤਿਸ ਮਾਂ ਦੇ ਪੇਟ ਤੋਂ ਪੈਦਾ ਹੋਇਆ ਹੋਇਆ ਤੂੰ ਬ੍ਰਾਹਮਣ ਕਿਵੇਂ ਸਿੱਧ ਹੋ ਸਕਦਾ ਹੈ? ਚੰਡਾਲਣੀ ਦੇ ਪੇਟੋਂ ਪੈਦਾ ਹੋਣ ਕਰਕੇ ਤੂੰ ਵੀ ਚੰਡਾਲ ਹੈ। ਉਸ ਵੇਲੇ ਪਰਮਹੰਸ ਬ੍ਰਾਹਮਣ ਨਿਰੁਤ੍ਰ ਤੇ ਸ਼ਰਮਿੰਦਾ ਹੋ ਕੇ ਘਰ ਨੂੰ ਉਠ ਆਇਆ।
ਇਹ ਨਿਯਮ ਸਮਝ ਲਓ, ਬਾਹਰਲੇ ਪਖੰਡ ਕਰਨ ਨਾਲ ਧਾਗੇ ਵਗੈਰਾ ਗਲ ਵਿਚ ਪਾਉਣ ਨਾਲ ਨਾ ਬ੍ਰਾਹਮਣ-ਪੁਣਾ ਸਿੱਧ ਹੋ ਸਕਦਾ ਹੈ, ਨਾ ਹੀ ਕੈਵਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥
ਫਿਰ ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਭਾੜਾ ਲੈ ਕੇ ਜਾਂ ਦੱਛਣਾ ਲੈ ਕੇ ਕਰਦੇ ਹੋ ਅਤੇ ਧੇਤੇ ਪੁਤਰੇਤੇ ਦੋਹਾਂ ਪਾਸਿਓਂ ਬਹੁਤੀ ਮਾਇਆ ਲੈ ਕੇ ਕੰਮ ਕਰਦੇ ਹੋ।
ਕਾਗਲੁ=ਪੱਤਰੀ ਕੱਢ ਕੇ ਰਾਹੁ=ਰਸਤੇ ਨੂੰ ਦੱਸਦੇ ਹੋ ਕਿ ਫਲਾਣੇ ਦਿਨ ਤੇ ਅਮਕੀ ਘੜੀ ਨੂੰ ਵਿਵਾਹ ਦਾ ਕਾਰਜ ਸ਼ੁਰੂ ਕਰਨਾ।
ਅਥਵਾ:-ਪੱਤਰੀ ਕੱਢ ਕੇ ਰਾਹੁ=ਰਾਹੂ ਕੇਤੂ ਦਾ ਹਿਸਾਬ ਦੱਸਦੇ ਹੋ।
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ ॥੪॥
ਹੇ ਲੋਕੋ ! ਸੁਣੋ ਅਤੇ ਇਸ ਅਸਚਰਜਤਾਈ ਨੂੰ ਵੇਖੋ।