

ਬਿਸੀਅਰ ਮੁਹਿ ਕਾਲਕੂਟ ਹੋਇ ਧਾਤ ਸੁਪਾਤ੍ਰ ਕੁਪਾਤ੍ਰ ਦੁਰਾਹਾ॥
(ਭਾਈ ਗੁਰਦਾਸ ਜੀ, ਵਾਰ ੧੭ ਪਉੜੀ ੪)
ਤਥਾ- ਜਹ ਜੈਸੀ ਸੰਗਤ ਕਰੀ ਤਹ ਤੈਸੋ ਫਲ ਲੀਨ।
ਕਦਲੀ ਸੀਪ ਭੁਯੰਗ ਮੁਖ ਏਕ ਬੂੰਦ ਗੁਣ ਤੀਨ।
ਭਾਵ- ਸਵਾਂਤੀ ਬੂੰਦ ਕੇਲੇ ਵਿਚ ਪਵੇ ਤਾਂ ਕਪੂਰ ਹੋ ਜਾਂਦਾ ਹੈ।
ਸਵਾਂਤੀ ਬੂੰਦ ਸਿੱਪ ਵਿਚ ਪਵੇ ਤਾਂ ਮੋਤੀ ਹੋ ਜਾਂਦਾ ਹੈ।
ਸਵਾਂਤੀ ਬੂੰਦ ਸੱਪ ਦੇ ਮੂੰਹ ਵਿਚ ਪਵੇ ਤਾਂ ਵਿਹੁ ਹੋ ਜਾਂਦੀ ਹੈ।
ਇਸੇ ਤਰ੍ਹਾਂ ਭਾਵੇਂ ਬ੍ਰਾਹਮਣ ਭੀ ਹੈ ਜੇ ਉਹ ਖੋਟੀ ਸੰਗਤ ਕਰੇਗਾ ਤਾਂ ਉਸ ਦਾ ਭੈੜਾ ਹੀ ਅਸਰ ਹੋਣਾ ਹੈ।
ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ॥
ਅਸ਼ਰਧਾ ਰੂਪੀ ਰਾਸਿ=ਪੂੰਜੀ ਝੂਠੀ ਹੈ ਤੇ ਵਾਪਾਰ ਭੀ ਝੂਠਾ ਹੈ ਜਿਹੜਾ ਕਹਿੰਦਾ ਹੈ ਮੈਂ ਨਾਮ ਜਪਦਾ ਹਾਂ।
ਝੂਠ ਬੋਲ ਕੇ ਆਹਾਰੁ=ਭੋਜਨ ਛੱਕਦੇ ਹਨ।
ਅਥਵਾ:-ਝੂਠ ਬੋਲਣੇ ਰੂਪੀ ਭੋਜਨ ਛੱਕਦੇ ਹਨ।
ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥
ਸ਼ਰਮ ਧਰਮ ਦਾ ਡੇਰਾ=ਥਾਂ ਜੋ ਗਿਆਨ ਹੈ, ਉਹ ਤਾਂ ਦੂਰ ਹੀ ਰਹਿ ਗਿਆ ਹੈ।
ਅਥਵਾ :-ਅੰਤਹਕਰਣ ਰੂਪੀ ਡੇਰੇ ਤੋਂ ਸ਼ਰਮ ਧਰਮ ਦੂਰ ਹੀ ਰਹਿ ਗਿਆ ਹੈ।
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਹੁਣ ਤਾਂ ਝੂਠ ਹੀ ਸਾਰੇ ਭਰਪੂਰ ਹੋ ਰਿਹਾ ਹੈ।
ਉਸ ਬ੍ਰਾਹਮਣ ਨੇ ਆਪਣਾ ਉਪਰਲਾ ਲਿਬਾਸ ਚੰਗਾ ਧਾਰਨ ਕੀਤਾ ਹੋਇਆ ਸੀ, ਉਸ ਨੂੰ ਵੇਖ ਕੇ ਕਹਿੰਦੇ ਹਨ-
ਮਥੈ ਟਿਕਾ ਤੇੜਿ ਧੋਤੀ ਕਖਾਈ ॥
ਮੱਥੇ ਉਪਰ ਤਿਲਕ ਲਗਾਇਆ ਹੋਇਆ ਹੈ। ਤੇੜਿ=ਲੱਕ ਵਿਖੇ ਧੋਤੀ ਬੰਨ੍ਹੀ ਹੋਈ ਹੈ ਕਖਾਈ=ਕੰਨੀ ਵਾਲੀ। ਅਥਵਾ:-ਕਖਾਏ ਰੰਗ ਦੀ ਅਥਵਾ:-ਕਖਾਈ ਉਸ ਨੂੰ ਆਖਦੇ ਹਨ ਜੋ ਪੰਜ ਮਰੋੜੀਆਂ ਦਿਤੀਆਂ ਜਾਣ। ਅਥਵਾ:-ਹੱਥ ਵਿਖੇ ਕਖਾਈ=ਕੱਖਾਂ ਦੇ ਛੱਲੇ ਪਹਿਰੇ ਹੋਏ ਹਨ।
ਨੋਟ- ਭਗਵੇ ਨੂੰ ਕਖਾਇਆ ਰੰਗ ਆਖਦੇ ਹਨ।