Back ArrowLogo
Info
Profile

ਹਥਿ ਛੁਰੀ ਜਗਤ ਕਾਸਾਈ॥

ਹੱਥ ਵਿਚ ਕਲਮ ਰੂਪੀ ਛੁਰੀ ਹੈ, ਇਸ ਤੇ ਸਾਰੇ ਜਗਤ ਦਾ ਕਸਾਈ ਹੋ ਰਿਹਾ ਹੈ।

ਅਥਵਾ-ਹੇ ਮੁਸਲਮਾਨ ! ਤੇਰੇ ਹੱਥ ਵਿਚ ਪ੍ਰਤੱਖ ਛੁਰੀ ਹੈ ਜੋ ਤੂੰ ਬੱਕਰਿਆਂ ਨੂੰ ਵੱਢਦਾ ਹੈਂ, ਇਸ ਤੇ ਸਾਰੇ ਜਗਤ ਦਾ ਤੂੰ ਕਸਾਈ ਹੈ।

{ਪੰਨਾ ੪੭੨}

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥

ਹੇ ਮੁਸਲਮਾਨ ! ਤੂੰ ਨੀਲੇ ਰੰਗ ਦੇ ਬਸਤਰ ਪਹਿਰ ਕੇ ਪ੍ਰਮਾਣੀਕ ਹੋ ਰਿਹਾ ਹੈਂ।

ਅਥਵਾ:-ਹੇ ਹਿੰਦੂ ! ਤੂੰ ਮੁਸਲਮਾਨਾਂ ਦੇ ਡਰ ਕਰਕੇ ਆਪਣੇ ਧਰਮ ਨੂੰ ਛਡ ਕੇ ਨੀਲੇ ਬਸਤ੍ਰਾਂ ਨੂੰ ਪਹਿਰ ਕੇ ਪ੍ਰਮਾਣੀਕ ਹੋ ਰਿਹਾ ਹੈਂ ਕਿਉਂਕਿ ਉਸ ਸਮੇਂ ਤੁਰਕ ਹਾਕਮਾਂ ਪਾਸ ਜਾਣ ਦੀ ਆਗਿਆ ਤਦ ਮਿਲਦੀ ਸੀ, ਜਦ ਨੀਲੇ ਰੰਗ ਦੇ ਕਪੜੇ ਪਾਵੇ।

ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥

ਮਲੇਛਾਂ ਪਾਸੋਂ ਧਾਨੁ=ਅੰਨ ਲੈ ਕੇ ਤੂੰ ਪੁਰਾਣਾਂ ਨੂੰ ਪੂਜਦਾ ਹੈਂ।

ਅਭਾਖਿਆ ਕਾ ਕੁਠਾ ਬਕਰਾ ਖਾਣਾ ॥

ਚਉਕੇ ਉਪਰਿ ਕਿਸੈ ਨ ਜਾਣਾ ॥

ਫਿਰ ਤੂੰ ਅਭਾਖਿਆ ਦਾ ਕੁਠਾ=ਕੋਹਿਆ ਹੋਇਆ ਬੱਕਰਾ ਖਾਂਦਾ ਹੈਂ। ਅਭਾਖਿਆ ਉਸ ਨੂੰ ਕਹਿੰਦੇ ਹਨ ਜੋ ਨਾ ਛਕਣ ਯੋਗ ਹੋਵੇ ਜੋ ਕਲਮਾਂ ਪੜ੍ਹ ਕੇ ਮਾਰਿਆ ਹੋਇਆ ਹੋਵੇ।

ਮੁਖ ਤੋਂ ਇਸ ਤਰ੍ਹਾਂ ਉਚਾਰਦਾ ਹੈ ਕਿ ਸਾਡੇ ਚੌਕੇ ਉਪਰ ਕਿਸੇ ਨੇ ਨਹੀਂ ਜਾਣਾ।

ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥

ਚੌਕਾ ਦੇ ਕੇ ਆਸੇ ਪਾਸੇ ਕਾਰ=ਲੀਕਾਂ ਕੱਢੀਆਂ ਹੋਈਆਂ ਹਨ।

ਪਰੰਤੂ ਏਸ ਚੌਕੇ ਉਪਰ ਤੁਸੀਂ ਕੂੜਿਆਰ=ਝੂਠੇ ਲੋਕ ਆ ਕੇ ਬੈਠਦੇ ਹੋ।

ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ॥

ਮੁਖ ਨਾਲ ਇਸ ਤਰ੍ਹਾਂ ਆਖਦੇ ਹੋ ਕਿ ਅਸਾਂ ਨੂੰ ਕੋਈ ਨ ਭਿਟੈ=ਛੋਹਵੇ, ਅਸਾਂ ਨੂੰ ਕੋਈ ਨਾ ਛੋਹਵੇ। ਅਥਵਾ:-ਹੇ ਮਤੀ ਦੇ ਭਿਟੇ ਹੋਏ ! ਤੂੰ ਐਸੇ ਕਹਿੰਦਾ ਹੈਂ ਕਿ ਅਸਾਂ ਨੂੰ ਕੋਈ ਨਾ ਛੋਹਵੇ। ਅਥਵਾ:-ਮਤੁ ਭਿਟੈ=ਛੂਹਣਾ ਨਾ, ਮਤਾਂ ਸਾਡਾ ਚੌਕਾ ਨਾ ਭਿਟ ਜਾਏ।

149 / 355
Previous
Next