

ਇਹ ਗੱਲ ਸੁਣਕੇ ਸਤਿਗੁਰਾਂ ਨੇ ਸੈਨਾ ਖੜੀ ਕਰ ਦਿੱਤੀ ਤੇ ਹੁਕਮ ਦਿੱਤਾ ਜਲਦੀ ਚਲਿਆ ਜਾਹ। ਗੁਰੂ ਸਾਹਿਬ ਜੀ ਦੀ ਪ੍ਰਵਾਨਗੀ ਅਨੁਸਾਰ ਥੋਹੜੇ ਸਮੇਂ ਵਿਚ ਹੀ ਦਾਰਾ ਸ਼ਕੋਹ ਲਾਹੌਰ ਪਹੁੰਚ ਗਿਆ। ਉਥੋਂ ਜੋ ਕੁਛ ਲੈਣਾ ਸੀ ਉਹ ਲੈ ਕੇ ਅਗਾਂਹ ਨਿਕਲ ਗਿਆ। ਇਕ ਜਗ੍ਹਾ ਰਸੋਈ ਤਿਆਰ ਕਰਨ ਲੱਗਾ, ਦਾਸ ਨੂੰ ਕੋਈ ਚੀਜ਼ ਲੈਣ ਭੇਜ ਦਿੱਤਾ। ਆਪ ਅੱਗ ਬਾਲਣ ਲੱਗ ਪਿਆ ਜਦ ਫੂਕ ਮਾਰੀ ਤਾਂ ਸਵਾਹ ਉੱਡ ਕੇ ਮੂੰਹ ਤੇ ਪੈ ਗਈ। ਇਤਨੇ ਨੂੰ ਉਸ ਦੇ ਦਾਸ ਨੇ ਵੇਖਿਆ ਜੋ ਸਵਾਹ ਨਾਲ ਸਾਰਾ ਮੂੰਹ ਭਰਿਆ ਹੋਇਆ ਹੈ ਤਾਂ ਦਾਸ ਨੇ ਛੇਤੀ ਨਾਲ ਆ ਕੇ ਉਸ ਨੂੰ ਕਿਹਾ-ਹੇ ਹਜ਼ਰਤ! ਫ਼ਕੀਰਾਂ ਦੀ ਸੰਗਤ ਕੀਤੀ ਤਾਂ ਆਪ ਦਾ ਇਹ ਹਾਲ ਹੋਇਆ ਹੈ।
ਦਾਰਾ ਸ਼ਕੋਹ ਨੇ ਕਿਹਾ ਫ਼ਕੀਰਾਂ ਦੀ ਸੰਗਤ ਤਾਂ ਸਭ ਤੋਂ ਉੱਤਮ ਹੈ। ਦੇਖ ਇਤਨਾ ਰਾਜ ਭਾਗ ਚਲਾ ਗਿਆ ਹੈ ਪਰ ਫ਼ਕੀਰਾਂ ਦੀ ਸੰਗਤ ਹੋਣ ਨਾਲ ਮੈਨੂੰ ਰੰਚਕ ਮਾਤ੍ਰ ਵੀ ਸ਼ੋਕ ਨਹੀਂ ਹੋਇਆ। ਉਸ ਵੇਲੇ ਆਪਣੇ ਦਾਸ ਨੂੰ ਧਨ ਪਦਾਰਥ ਦੇ ਕੇ ਵਿਦਾ ਕਰ ਦਿੱਤਾ ਤੇ ਆਪ ਇਕੱਲਾ ਹੀ ਫਿਰਦਾ ਰਿਹਾ।
ਇਕ ਸਮੇਂ ਭਗਵਾਨ ਦੀ ਮੇਹਰ ਨਾਲ ਦਿਲ ਵਿਚ ਇਹ ਵਿਚਾਰ ਪ੍ਰਾਪਤ ਹੋਈ ਕਿ ਜਦ ਇਹ ਦੇਹ ਮੇਰਾ ਆਪਣਾ ਆਪ ਨਹੀਂ ਸਵਾਰ ਸਕਦੀ ਤਾਂ ਮੈਂ ਕਿਸ ਵਾਸਤੇ ਭੱਜਾ ਫਿਰਦਾ ਹਾਂ?
ਤਿਸ ਵੇਲੇ ਦਾਇਰੇ ਵਿਚ ਜਾ ਕੇ ਬੈਠ ਗਿਆ। ਜਦ ਬੈਠੇ ਨੂੰ ਕੁਛ ਚਿਰ ਹੋਇਆ ਤਾਂ ਔਰੰਗਜ਼ੇਬ ਦੇ ਨਫ਼ਰਾਂ ਨੇ ਆ ਕੇ ਫੜ ਲਿਆ ਤੇ ਹਾਥੀ ਦੇ ਉਪਰ ਚੜ੍ਹਾ ਕੇ ਲੈ ਗਏ।
ਹੁਣ ਔਰੰਗਜ਼ੇਬ ਦਾ ਇਹ ਹੁਕਮ ਸੀ ਕਿ ਇਸ ਨੂੰ ਕੋਈ ਵੀ ਅੰਨ ਜਲ ਨਾ ਛਕਾਵੇ, ਜੋ ਇਸ ਨੂੰ ਅੰਨ ਜਲ ਦੇਵੇਗਾ ਉਸ ਦਾ ਜਨ ਬੱਚਾ ਘਾਣੀ ਕਰ ਦੇਵਾਂਗਾ, ਜਿਸ ਵੇਲੇ ਭੁੱਖ ਨੇ ਬਹੁਤ ਸਤਾਇਆ ਤਾਂ ਦਾਰਾ ਸ਼ਕੋਹ ਨੇ ਪਿਸ਼ਾਬ ਕਰਨ ਦੇ ਬਹਾਨੇ ਹਾਥੀ ਤੋਂ ਉਤਰ ਕੇ ਛੋਲਿਆਂ ਦੇ ਖੇਤ ਨੂੰ ਮੂੰਹ ਮਾਰਿਆ ਉਸ ਵੇਲੇ ਪੰਗਤੀ ਯਾਦ ਆਈ ਜੋ ਸਤਿਗੁਰੂ ਨਾਨਕ ਦੇਵ ਜੀ ਨੇ ਠੀਕ ਕਥਨ ਕੀਤਾ ਹੈ ਕਿ-
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ॥
ਅੱਗੇ ਗਿਆ ਤਾਂ ਇਕ ਮਾਈ ਰੋਟੀਆਂ ਪਕਾ ਰਹੀ ਸੀ, ਉਸ ਪਾਸ ਜਾ ਕੇ ਕਿਹਾ ਇਹ ਸੋਨੇ ਦੀ ਮੁੰਦਰੀ ਲੈ ਲੈ ਤੇ ਮੈਨੂੰ ਇਕ ਰੋਟੀ ਦੇ ਦੇਹ। ਉਸ ਨੇ ਕਿਹਾ ਮੈਂ ਤੈਨੂੰ ਇਕ ਰੋਟੀ ਦੇ ਕੇ ਜਨ ਬੱਚਾ ਘਾਣੀ ਕਰਵਾ ਲਵਾਂ ? ਜਾਹ ਮੇਰੇ ਪਾਸ ਕੋਈ ਰੋਟੀ ਨਹੀਂ ਉਸ ਵੇਲੇ ਇਹ ਵੀ ਪੰਗਤੀ ਯਾਦ ਆਈ-
'ਦਰਿ ਮੰਗਨਿ ਭਿਖ ਨ ਪਾਇਦਾ॥ ੧੬॥'
ਪਿਆਰੇ ਪਾਠਕ ਜੀਓ! ਵਾਹਿਗੁਰੂ ਦੀ ਪੁੱਠੀ ਨਦਰ ਜੇ ਹੋ ਜਾਵੇ ਤਾਂ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਕਿ ਦਰਵਾਜ਼ੇ 'ਪਰ ਜਾ ਕੇ ਮੰਗਿਆਂ ਵੀ ਕੋਈ ਭਿੱਖਿਆ ਨਹੀਂ ਪਾਉਂਦਾ।।