

ਆਪ ਵੀ ਵੱਡਿਆਂ ਤੋਂ ਵੱਡਾ ਹੈ ਉਸ ਦੀ ਮੇਦਨੀ=ਸ੍ਰਿਸ਼ਟੀ ਵੀ ਵੱਡੀ ਹੈ ਸਿਰੇ ਸਿਰਿ=ਸਿਰਜ ਸਿਰਜ ਕੇ ਅਰਥਾਤ ਉਤਪਤ ਕਰਕੇ ਜੀਵਾਂ ਨੂੰ ਧੰਦਿਆਂ ਵਿਚ ਲਗਾਂਵਦਾ ਹੈ।
ਅਥਵਾ:- ਸਿਰੇ ਸਿਰਿ=ਸਿਰ-ਬਸਿਰ ਅਰਥਾਤ ਜਿਥੇ ਕੋਈ ਹੈ ਉਥੇ ਹੀ ਥਾਉਂ ਥਾਈਂ ਸਭ ਨੂੰ ਧੰਦਿਆਂ ਵਿਚ ਲਗਾਉਂਦਾ ਹੈ।
ਯਥਾ- ਆਪਿ ਉਪਾਏ ਧੰਧੈ ਲਾਏ॥
(ਮਾਝ ਮਹਲਾ ੩, ਪੰਨਾ ੧੧੨)
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
ਉਹ ਪਰਮਾਤਮਾ ਜੇਕਰ ਉਪਠੀ ਨਦਰਿ=ਉਲਟੀ ਦ੍ਰਿਸ਼ਟੀ ਭਾਵ ਗੁੱਸੇ ਦੀ ਨਜ਼ਰ ਕਰੇ ਤਾਂ ਸੁਲਤਾਨਾ=ਬਾਦਸ਼ਾਹਾਂ ਦੇ ਪਾਸੋਂ ਘਾਹੁ=ਘਾਹ ਕਟਾਵਣਾ ਕਰਾਉਂਦਾ ਹੈ ਭਾਵ ਘਾਹੀ ਬਣਾ ਦੇਂਦਾ ਹੈ।
ਅਥਵਾ:- ਬਾਦਸ਼ਾਹਾਂ ਨੂੰ ਘਾਹ ਖੁਆ ਦੇਂਦਾ ਹੈ।
ਦਰਿ ਮੰਗਨਿ ਭਿਖ ਨ ਪਾਇਦਾ ॥੧੬॥
ਜੇ ਉਹ ਕਿਸੇ ਦੇ ਦਰਵਾਜ਼ੇ 'ਪਰ ਜਾ ਕੇ ਭਿੱਖਿਆ ਵੀ ਮੰਗਣ ਤਾਂ ਭੀ ਅਗੋਂ ਕੋਈ ਭਿੱਖਿਆ ਨਹੀਂ ਪਾਉਂਦਾ॥੧੬॥
ਸਾਖੀ-ਦਾਰਾ ਸ਼ਕੋਹ ਦੀ
ਇਹ ਦਾਰਾ ਸ਼ਕੋਹ ਬੜਾ ਧਰਮਾਤਮਾ ਬਾਦਸ਼ਾਹ ਹੋਇਆ ਹੈ, ਇਸ ਨੇ ਜਦ 'ਆਸਾ ਜੀ ਦੀ ਵਾਰ ਸੁਣੀ ਤੇ ਇਹ ਪੰਗਤੀ ਆਈ-
'ਸੁਲਤਾਨਾ ਘਾਹੁ ਕਰਾਇਦਾ॥'
ਤਾਂ ਇਸ ਨੇ ਸ਼ੰਕਾ ਕੀਤੀ ਇਹ ਗੱਲ ਨਹੀਂ ਹੋ ਸਕਦੀ। ਭਲਾ ਬਾਦਸ਼ਾਹ ਕਿਸ ਤਰ੍ਹਾਂ ਘਾਹ ਕੱਟ ਸਕਦੇ ਹਨ ?
ਇਹ ਗੱਲ ਹੋਈ ਨੂੰ ਜਦ ਕੁਝ ਸਮਾਂ ਬਤੀਤ ਹੋ ਗਿਆ ਤਾਂ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਅਰ ਸਭ ਭਾਈਆਂ ਨੂੰ ਕੈਦ ਕਰ ਲਿਆ ਅਰ ਇਸ ਦੇ ਪਾਸੋਂ ਵੀ ਛਲ ਕਰਕੇ ਰਾਜ ਲੈ ਲੀਤਾ। ਤਾਂ ਉਥੋਂ ਏਹ ਔਰੰਗਜ਼ੇਬ ਤੋਂ ਡਰਦਾ ਹੋਇਆ ਕਰਤਾਰ ਪੁਰ ਵਿਚ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਹਜ਼ੂਰੀ ਵਿਚ ਆ ਪਹੁੰਚਾ, ਕਿਉਂਕਿ ਦਿਲ ਵਿਚ ਡਰ ਸੀ ਕਿ ਬਾਦਸ਼ਾਹ ਮੈਨੂੰ ਫੜ ਕੇ ਕੈਦ ਕਰ ਲਵੇਗਾ।
ਦਾਰਾ ਸ਼ਕੋਹ ਨੇ ਗੁਰੂ ਸਾਹਿਬ ਜੀ ਪਾਸ ਬੇਨਤੀ ਕੀਤੀ-ਹੇ ਗ਼ਰੀਬ ਨਿਵਾਜ਼! ਨਿਮਾਣਿਆਂ ਦੇ ਮਾਣ ! ਨਿਆਸਰਿਆਂ ਦੇ ਆਸਰਾ! ਆਪ ਮੇਰੇ ਤੇ ਕ੍ਰਿਪਾ ਕਰੋ ਮੈਨੂੰ ਰਾਹ ਵਿਚ ਕੋਈ ਨਾ ਪਕੜੇ। ਛੇਤੀ ਛੇਤੀ ਲਾਹੌਰ ਪਹੁੰਚ ਜਾਵਾਂ।