

ਸਲੋਕੁ ਮਃ ੧ ॥
ਉਥਾਨਕਾ- ਗੰਗੂ ਅਤੇ ਭਾਗੂ ਨਾਮ ਕਰਕੇ ਦੋਵੇਂ ਲਾਹੌਰ ਦੇ ਖੱਤ੍ਰੀ ਹੋਏ ਹਨ। ਜਦ ਸਰਾਧ ਪੱਖ ਨੇੜੇ ਆਇਆ ਤਦ ਇਨ੍ਹਾਂ ਨੂੰ ਬ੍ਰਾਹਮਣਾਂ ਨੇ ਕਿਹਾ ਭਾਵੇਂ ਚੋਰੀ ਕਰਕੇ ਲਿਆਓ, ਭਾਵੇਂ ਯਾਰੀ ਕਰਕੇ ਲਿਆਓ, ਪਿਤਰਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਉਸ ਵੇਲੇ ਇਨ੍ਹਾਂ ਨੇ ਚੋਰੀ ਦਾ ਧਨ ਪਦਾਰਥ ਲਿਆ ਕੇ ਸਰਾਧ ਕਰਨਾ ਸ਼ੁਰੂ ਕਰ ਦਿੱਤਾ। ਇਤਨੇ ਨੂੰ ਸਤਿਗੁਰ ਨਾਨਕ ਦੇਵ ਜੀ ਰਟਨ ਕਰਦੇ ਹੋਏ ਲਾਹੌਰ ਸ਼ਹਿਰ ਵਿਚ ਆ ਪਹੁੰਚੇ। ਜਦ ਇਹਨਾਂ ਨੇ ਸੁਣਿਆਂ, ਉਸ ਸਮੇਂ ਦੋਵੇਂ ਚੱਲ ਕੇ ਸਤਿਗੁਰਾਂ ਪਾਸ ਆਏ ਤੇ ਬੇਨਤੀ ਕਰਕੇ ਆਪਣੇ ਘਰ ਵਿਚ ਲੈ ਗਏ। ਜਦ ਸਰਾਧ ਕਰ ਚੁੱਕੇ ਤਾਂ ਸਤਿਗੁਰ ਨਾਨਕ ਦੇਵ ਜੀ ਨੇ ਪੁਛਿਆ ਇਤਨਾ ਇਕੱਠ ਤੁਸੀਂ ਕਿਸ ਵਾਸਤੇ ਕੀਤਾ ਹੈ?
ਗੰਗੂ ਭਾਗੂ ਨੇ ਕਿਹਾ-ਅਸਾਂ ਨੇ ਆਪਣੇ ਪਿਤਾ ਦੇ ਨਮਿਤ ਸਰਾਧ ਕੀਤਾ ਹੈ ਇਸ ਵਾਸਤੇ ਇਹ ਲੋਕ ਇਕੱਠੇ ਹੋਏ ਹਨ।
ਸਤਿਗੁਰਾਂ ਕਿਹਾ ਜਿਸ ਵਾਸਤੇ ਤੁਸੀਂ ਸਰਾਧ ਕੀਤਾ ਹੈ ਤੁਹਾਡੇ ਪਿਤਾ ਨੂੰ ਤਾਂ ਪਹੁੰਚਿਆ ਹੀ ਨਹੀਂ, ਕਿਉਂਕਿ ਤੁਸਾਂ ਨੇ ਚੋਰੀ ਕਰਕੇ ਧਨ ਲਿਆਂਦਾ ਸੀ। ਚੋਰੀ ਦਾ ਮਾਲ ਕਦੇ ਨਹੀਂ ਮਿਲਦਾ, ਸਗੋਂ ਜਿਸ ਦੇ ਘਰੋਂ ਚੋਰੀ ਕਰਕੇ ਲਿਆਂਦਾ ਸੀ ਉਸ ਦੇ ਪਿਤਰਾਂ ਨੂੰ ਮਿਲਿਆ ਹੈ ਤੁਹਾਡਾ ਕੀਤਾ ਨਿਸਫਲ ਹੈ, ਸਗੋਂ ਉਲਟਾ ਦੁਖਦਾਈ ਹੈ, ਕਿਉਂਕਿ ਤੁਹਾਡੇ ਪਿਤਰਾਂ ਨੂੰ ਉਹ ਪਿਤਰ ਝੂਠਾ ਪਏ ਕਰਦੇ ਹਨ। ਪਿਤਰਾਂ ਨੂੰ ਤਦ ਮਿਲਦਾ ਹੈ ਜਦ ਆਪ ਖਟ ਕਮਾ ਕੇ ਸਰਾਧ ਕਰੇ।
ਯਥਾ- ਜਬ ਪਿਤਰਨ ਕੋ ਦਿਨ ਚਲ ਆਵੈ। ਤਿਨ ਹਿਤ ਕਰ ਭੋਜਨ ਜੋ ਖਵਾਵੈ।
ਪਿਤਰ ਬਰਨ ਚਾਰਨ ਸਮਦਾਇ। ਬਿਪ੍ਰਨਿ ਬਿਖੈ ਪਰਵੇਸਹਿ ਆਇ।
ਸਿਖਨ ਕੇ ਗਨ ਪਿਤਰ ਜੁ ਅਹੈ। ਸੋ ਸਿਖਨ ਮਹਿ ਬਾਸੋ ਲਹੈ।
ਜਥਾ ਚੰਗ੧ ਬੰਧੀ ਸੰਗ ਡੋਰ। ਡੋਲਤ ਜਹਿ ਕਹਿ ਨਭ੨ ਕੀ ਓਰ।
ਡੋਰ ਬੰਧ ਦੀਪਕ ਪਹੁੰਚਾਵੈ। ਤਿਮ ਪਿਤਰਨ ਕੀ ਬਿਧ ਬਨ ਆਵੈ।
ਮੋਰ ਡੋਰ ਨਿਜ ਸੰਤਤ੩ ਸੰਗ। ਬੰਧੇ ਰਹਿਤ ਦੂਰ ਸਮ ਚੰਗ੪।
ਪਿਤਰ ਦੇਵਤਾ ਜੋ ਸਭ ਕੇਰੇ੫ । ਲੇ ਲੇ ਸੋ ਅਹਾਰਾਂ੬ ਤਿਸ ਬੇਰੇ।
ਸ੍ਵਰਗ ਕੇ ਨਰਕ ਜੂਨ ਕੇ ਮਾਹੀ। ਸੁਰ ਜੇ ਪਿਤਰ ਪਹੁੰਚਾਵਹਿ ਤਾਹੀ।
(ਗੁਰਪ੍ਰਤਾਪ ਸੂਰਜ, ਰਾਸ ੩ ਅੰਸੂ ੬੨)
ਨੋਟ-'ਨਾਨਕ ਪ੍ਰਕਾਸ਼’ ਦੇ ਵਿਚ ਇਹ ਸਲੋਕ ਦੁਨੀ ਚੰਦ ਦੇ ਪ੍ਰਥਾਇ ਕਥਨ ਕੀਤਾ ਹੈ, ਪਰੰਤੂ ਸੰਪ੍ਰਦਾਈ ਕਥਨ ਇਹੀ ਹੈ ਕਿ ਗੰਗੂ ਭਾਗੂ ਨਾਲ ਇਹ ਸਲੋਕ ਉਚਾਰਿਆ ਹੈ।
-----------------
੧. ਗੁੱਡੀ। ੨. ਅਕਾਸ਼। ੩. ਸੰਤਾਨ। ४. ਗੁੱਡੀ। ੫. ਦੇ। ੬. ਭੋਜਨ।