

ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ॥
(ਅਨੰਦੁ ਸਾਹਿਬ, ਪੰਨਾ ੯੧੯)
ਪਉੜੀ॥
ਹੁਣ ਵੈਰਾਗ ਜਨਕ ਉਪਦੇਸ਼ ਦੇਂਦੇ ਹਨ-
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ॥
ਜਿਨ੍ਹਾਂ ਦੇ ਪਾਸ ਤੁਰੇ=ਘੋੜੇ, ਪਲਾਣੇ-ਕਾਠੀਆਂ ਵਾਲੇ, ਪੌਣ ਵਾਂਗੂੰ ਤਿੱਖਾ ਜਿਨ੍ਹਾਂ ਦਾ ਵੇਗ=ਚੱਲਣਾ ਹੈ।
ਅਥਵਾ:-ਪਲਾਣੇ-ਪਲਾਣਾਂ ਵਾਲੇ ਜੋ ਊਠ ਹਨ ਪਉਣ ਵਾਂਗੂੰ ਜਿਨ੍ਹਾਂ ਦਾ ਵੇਗ ਹੈ, ਕਿਉਂਕਿ ਮਾਹਰੇ ਬੜੇ ਦੌੜਦੇ ਹਨ। ਅਥਵਾ:-ਪਲਾਣੇ=ਅੰਬਾਰੀਆਂ ਵਾਲੇ ਜੋ ਹਾਥੀ ਹਨ ਅਤੇ ਹਰੇਕ ਰੰਗਾਂ ਦੇ ਹਰਮ=ਮੰਦਰਾਂ ਨੂੰ ਸਵਾਰ ਕੇ ਬਣਾਇਆ ਹੈ।
ਅਥਵਾ:-ਜਿਨ੍ਹਾਂ ਨੇ ਆਪਣੀਆਂ ਹਰਮ=ਔਰਤਾਂ ਨੂੰ ਹਰ ਰੰਗਾਂ ਦੇ ਬਸਤ੍ਰ ਭੂਸ਼ਣਾਂ ਨਾਲ ਸਵਾਰ ਕੇ ਰੰਗ=ਪ੍ਰੇਮ ਸਹਿਤ ਰੱਖਿਆ ਹੈ। ਫ਼ਾਰਸੀ ਵਿਖੇ ਇਸਤਰੀ ਨੂੰ 'ਹਰਮ' ਆਖਦੇ ਹਨ, ਗੁਰਬਾਣੀ ਵਿਚ ਵੀ ਇਹ ਪਦ ਆ ਚੁੱਕਾ ਹੈ।
ਯਥਾ- ਕਹਾ ਸੁ ਪਾਨ ਤੰਬੋਲੀ ‘ਹਰਮਾ’ ਹੋਈਆ ਛਾਈ ਮਾਈ॥
(ਆਸਾ ਮ: ੧, ਪੰਨਾ ੪੧੭)
ਤਥਾ- ‘ਹਰਮਾ’ ਸਿਉ ਖੇਲੇ ਖੁਸ਼ਬੋਈ ਹਵਾਇ॥
(ਨਸੀਹਤ ਨਾਮਾ)
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ॥
ਕੋਠੇ ਕੱਚੇ, ਮੰਡਪ=ਚੌੜੇ ਅਸਥਾਨ, ਮਾੜੀਆ=ਦੋਹਾਸਨੀਆਂ ਚੌਹਾਸਨੀਆਂ, ਇਹਨਾਂ ਵਿਚ ਚਿਤ ਲਗਾ ਕੇ ਤੇ ਪਾਸਾਰਾ ਕਰ ਬੈਠੇ।
ਨੋਟ- ਕੋਠੇ ਤੇ ਮਾੜੀਆਂ ਉਹਨਾਂ ਨੂੰ ਆਖਦੇ ਹਨ ਜਿਨ੍ਹਾਂ ਵਿਚ ਹਮੇਸ਼ਾਂ ਨਿਵਾਸ ਕੀਤਾ ਜਾਂਦਾ ਹੈ ਅਤੇ ਮੰਡਪ ਉਹ ਅਸਥਾਨ ਹਨ ਜਿਨ੍ਹਾਂ ਵਿਚ ਘੋੜਿਆਂ ਤੇ ਚੜ੍ਹ ਕੇ ਸ਼ਿਕਾਰ ਆਦਿਕ ਖੇਡ ਕੇ ਜਾ ਕੇ ਟਿਕਾਣਾ ਕਰਦੇ ਤੇ ਰਸ ਮਾਣਦੇ ਹਨ। ਜੋ ਬਾਹਰ ਜੰਗਲਾਂ, ਜੂਹਾਂ ਤੇ ਬਾਗਾਂ ਵਿਚ ਆਰਜ਼ੀ ਰਚੇ ਹੋਏ ਹੁੰਦੇ ਹਨ।
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ॥
ਮਨ ਭਾਂਵਦੇ ਚੀਜ=ਕੌਤਕ ਕਰਦੇ ਹਨ। ਅਥਵਾ:-ਮਨ ਭਾਂਵਦੀਆਂ ਚੀਜ਼ਾਂ ਨੂੰ ਇਕੱਤਰ ਕਰਦੇ ਹਨ, ਅਥਵਾ-ਖਾਂਵਦੇ ਹਨ ਤੇ ਹਰੀ ਦੇ ਨਾਮ ਨੂੰ ਬੁਝਦੇ ਨਹੀਂ ਇਸ ਕਰਕੇ ਆਪਣੇ ਮਨੁੱਖਾ ਜਨਮ ਨੂੰ ਸੰਸਾਰ ਰੂਪੀ ਜੂਏ ਵਿਚ ਹਾਰ ਗਏ।