

ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ॥
ਜਿਨ੍ਹਾਂ ਨੇ ਕਈ ਪ੍ਰਕਾਰ ਦੇ ਹੁਕਮ ਹਾਸਲ ਕਰਕੇ ਪਦਾਰਥਾਂ ਨੂੰ ਖਾਧਾ ਹੈ। ਅਰਥਾਤ ਕੋਈ ਖੇਤ, ਵਾਪਾਰ ਕਾਰੀਗਰੀ ਆਦਿ ਕਰਕੇ ਰੋਜ਼ੀ ਨਹੀਂ ਪੈਦਾ ਕੀਤੀ। ਕੇਵਲ ਫ਼ੌਜਾਂ ਰੱਖ ਕੇ ਹਕੂਮਤ ਦੇ ਜ਼ੋਰ ਨਾਲ ਨਿਰੇ 'ਕਰ’ ਅਤੇ ਮਸੂਲ ਲਗਾ ਕੇ ਧਨ ਇਕੱਠਾ ਕਰਕੇ ਖਾ ਪੀ ਲਿਆ ਤੇ ਐਸ਼ ਲੁਟ ਲੀਤੀ ਅਤੇ ਮਹਲਤਿ=ਮੰਦਰਾਂ ਤਥਾ ਔਰਤਾਂ ਨੂੰ ਵੇਖ ਕੇ ਮਰਨਾ ਭੁਲਾ ਦਿੱਤਾ ਹੈ।
ਜਰੁ ਆਈ ਜੋਬਨਿ ਹਾਰਿਆ ॥੧੭॥
ਉਹਨਾਂ ਦੇ ਸਿਰ 'ਪਰ’ ਜਿਸ ਵੇਲੇ ਜਰੁ=ਬ੍ਰਿਧ ਅਵਸਥਾ ਆਈ ਤਾਂ ਸਮਝੋ ਉਹਨਾਂ ਨੇ ਜੋਬਨ ਅਵਸਥਾ ਰੂਪ ਬਾਜੀ ਨੂੰ ਨਿਸਫਲ ਹੀ ਹਾਰ ਦਿੱਤਾ॥ ੧੭॥
ਯਥਾ- ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰਿ ਜਾਈ॥ (ਪੰਨਾ ੧੪੧੪)
ਸਲੋਕੁ ਮਃ ੧ ॥
ਉਥਾਨਕਾ- ਇਕ ਸਮੇਂ ਜਗਤ ਉਧਾਰ ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇਸ਼ਾਂ ਦੇਸ਼ਾਂਤਰਾਂ ਵਿਖੇ ਰਟਨ ਕਰਦੇ ਹੋਏ ਦਿੱਲੀ ਸ਼ਹਿਰ ਵਿਖੇ ਆਏ ਤਾਂ ਓਥੋਂ ਦੀਆਂ ਸੰਗਤਾਂ ਗੁਰੂ ਜੀ ਦਾ ਆਉਣਾ ਸੁਣਕੇ ਸਭ ਇਕੱਠੀਆਂ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਈਆਂ। ਓਸੇ ਦਿਨ ਇਕ ਪ੍ਰੇਮੀ ਨੇ ਬ੍ਰਾਹਮਣਾਂ ਨੂੰ ਨਿਮੰਤ੍ਰਣ ਦਿੱਤਾ ਹੋਇਆ ਸੀ ਪਰ ਦੇਵਨੇਤ ਨਾਲ ਉਸ ਦੇ ਘਰ ਵਿਚ ਰਾਤ ਨੂੰ ਲੜਕਾ ਜੰਮ ਪਿਆ।
ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਡੇ ਸੂਤਕ ਵਾਲੇ ਘਰ ਦਾ ਭੋਜਨ ਨਹੀਂ ਛਕਣਾ।
ਇਹ ਗੱਲ ਸੁਣਕੇ ਉਸ ਪੁਰਸ਼ ਨੇ ਬੜਾ ਅਫ਼ਸੋਸ ਕੀਤਾ ਕਿ ਮੇਰਾ ਕੀਤਾ ਕਤਰਿਆ ਸਭ ਨਿਸਫਲ ਚਲਿਆ ਜਾਵੇਗਾ। ਇਸ ਨੂੰ ਚਿੰਤਾਤੁਰ ਵੇਖ ਕੇ ਕਿਸੀ ਸਿੱਖ ਨੇ ਉਸ ਪੁਰਸ਼ ਨੂੰ ਕਿਹਾ ਤੂੰ ਅਫ਼ਸੋਸ ਨਾ ਕਰ, ਫਲਾਣੀ ਜਗ੍ਹਾ ਸਤਿਗੁਰੂ ਨਾਨਕ ਦੇਵ ਜੀ ਆਏ ਹੋਏ ਹਨ ਉਹਨਾਂ ਦੇ ਪਾਸ ਜਾ ਕੇ ਬੇਨਤੀ ਕਰ ਉਹ ਤੇਰੇ ਘਰ ਸਿੱਖਾਂ ਨੂੰ ਭੇਜ ਕੇ ਤੇਰਾ ਤਿਆਰ ਕੀਤਾ ਹੋਇਆ ਭੋਜਨ ਸਫਲਾ ਕਰ ਦੇਣਗੇ। ਉਸ ਨੇ ਝਟ ਪਟ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਜਾ ਕੇ ਬੇਨਤੀ ਕੀਤੀ-ਹੇ ਸੱਚੇ ਪਾਤਿਸ਼ਾਹ! ਮੇਰੇ ਤੇ ਕ੍ਰਿਪਾ ਦ੍ਰਿਸ਼ਟੀ ਕਰੋ ਤੇ ਆਪ ਮੇਰੇ ਘਰ ਵਿਚ ਭੋਜਨ ਛਕਣਾ ਕਰੋ।
ਉਸ ਦੀ ਬੇਨਤੀ ਸੁਣਕੇ ਸਤਿਗੁਰਾਂ ਨੇ ਉਸ ਦੇ ਨਾਲ ਸਿੱਖਾਂ ਨੂੰ ਭੇਜ ਦਿੱਤਾ। ਉਸ ਨੇ ਆਪਣੇ ਘਰ ਸਿੱਖਾਂ ਨੂੰ ਲਿਜਾ ਕੇ ਬਹੁਤ ਪ੍ਰੇਮ ਨਾਲ ਭੋਜਨ ਛਕਾਇਆ।